ਪੰਜਾਬੀਆਂ ਨੂੰ ਭਾਜਪਾ ਦੀਆਂ ਕੇਂਦਰੀ ਏਜੰਸੀਆਂ ਦਾ ਡਰ ਨਹੀਂ: ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੋ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਵੱਖ ਵੱਖ ਪਾਰਟੀਆਂ ਵੱਲੋਂ ਰੱਦ ਕੀਤੇ 50 ਤੋਂ ਵੱਧ ਲੋਕਾਂ ਨੂੰ ‘ਆਪ’ ਨੇ ਚੋਣ ਮੈਦਾਨ ’ਚ ਉਤਾਰਿਆ ਹੈ ਤੇ ਅਜਿਹੇ ਲੋਕਾਂ ਤੋਂ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਅੱਜ ਦੀ ਰੈਲੀ ਵਿਚ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਚੰਨੀ ਇਕ ਮੰਚ ’ਤੇ ਇਕੱਠੇ ਨਜ਼ਰ ਆਏ। ਸ੍ਰੀ ਚੰਨੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਚੋਣਾਂ ਵਿੱਚ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਪੰਜਾਬੀਆਂ ਨੂੰ ਦਬਾਉਣਾ ਚਾਹੁੰਦੀ ਹੈ ਪਰ ਸਰਹੱਦ ਉੱਤੇ ਦੁਸ਼ਮਣ ਦੀਆਂ ਗੋਲੀਆਂ ਖਾਣ ਵਾਲੇ ਪੰਜਾਬੀਆਂ ਨੂੰ ਭਾਜਪਾ ਕਦੇ ਵੀ ਦਬਾਅ ਨਹੀਂ ਸਕਦੀ। ਸ੍ਰੀ ਚੰਨੀ ਅੱਜ ਵਿਧਾਨ ਸਭਾ ਹਲਕਿਆਂ ਬੱਲੂਆਣਾ, ਸ਼ਾਹਕੋਟ ਤੇ ਤਲਵਾੜਾ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਕੀਤੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਦੇ ਛੇ ਮਹੀਨਿਆਂ ਅੰਦਰ ਗਰੀਬਾਂ ਦੇ ਕੱਚੇ ਕੋਠਿਆਂ ਨੂੰ ਪੱਕਿਆਂ ਕਰਨ ਸਣੇ ਸਕੂਲ ਕਾਲਜਾਂ ਦੀ ਸਾਰੀ ਪੜ੍ਹਾਈ ਮੁਫ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬੀ ਮੁਫਤ ਰਾਸ਼ਨ ਵੰਡਣ ਨਾਲ ਨਹੀਂ ਬਲਕਿ ਲੋਕਾਂ ਦਾ ਬੌਧਿਕ ਪੱਧਰ ਉੱਚਾ ਚੁੱਕੇ ਜਾਣ ਨਾਲ ਘਟੇਗੀ। ਇਥੇ ਬੱਲੂਆਣਾ ਵਿੱਚ ਪਾਰਟੀ ਉਮੀਦਵਾਰ ਰਾਜਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਚੰਨੀ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਨ੍ਹਾਂ ਕੋਲ ਅਜਿਹੀ ਕਿਹੜੀ ਗਿੱਦੜਸਿੰਗੀ ਹੈ ਜਿਸ ਨਾਲ ਰੱਦ ਕੀਤੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਲਾ ਕੇ ਪੰਜਾਬ ਦਾ ਭਲਾ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਸਕੂਲਾਂ-ਕਾਲਜਾਂ ਦੀ ਸਾਰੀ ਪੜ੍ਹਾਈ ਮੁਫਤ ਕੀਤੀ ਜਾਵੇਗੀ ਤੇ ਲੋਕਾਂ ਨੂੰ ਘਰ ਬੈਠੇ ਮੈਡੀਕਲ ਸਹੂਲਤ ਮੁਫ਼ਤ ਮਿਲੇਗੀ। ਉਨ੍ਹਾਂ ਪੱਛੜੀਆਂ ਸ਼੍ਰੇਣੀਆਂ ਅਤੇ ਪੰਜ ਏਕੜ ਤਕ ਦੀ ਮਾਲਕੀ ਵਾਲੇ ਕਿਸਾਨਾਂ ਦੇ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਵਜ਼ੀਫ਼ੇ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ’ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਇਆ। ਰੈਲੀ ਵਿੱਚ ਮੌਜੂਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਅਬੋਹਰ ਇਲਾਕੇ ਦੀਆਂ ਟੇਲਾਂ ’ਤੇ ਪਾਣੀ ਨਾ ਪੁੱਜਣ ਦਾ ਮਾਮਲਾ ਚੁੱਕਿਆ।
‘ਮੁੱਖ ਮੰਤਰੀ ਬਣਨ ’ਤੇ ਕਿਸੇ ਗਰੀਬ ਦਾ ਘਰ ਕੱਚਾ ਨਹੀਂ ਰਹੇਗਾ’
ਸ਼ਾਹਕੋਟ ਦੀ ਅਨਾਜ ਮੰਡੀ ਵਿੱਚ ਪਾਰਟੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ਵਿਚ ਕੀਤੀ ਚੋਣ ਰੈਲੀ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਐਤਕੀਂ ਜੇਕਰ ਗਰੀਬ ਦੇ ਪੁੱਤ ਨੂੰ 5 ਸਾਲਾਂ ਲਈ ਮੁੱਖ ਮੰਤਰੀ ਬਣਾਉਣਗੇ ਤਾਂ ਉਹ 6 ਮਹੀਨਿਆਂ ਦੇ ਅੰਦਰ-ਅੰਦਰ ਕਿਸੇ ਵੀ ਗਰੀਬ ਦਾ ਘਰ ਕੱਚਾ ਨਹੀਂ ਰਹਿਣ ਦੇਣਗੇ। ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ’ਤੇ ਤਿੱਖਾ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਰਜਵਾੜਾਸ਼ਾਹੀ ਖਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਬਾਦਲਾਂ ਦਾ ਰਾਜ ਵੀ ਦੇਖ ਚੁੱਕੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਰਖ ਚੁੱਕੇ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਨਾਲ ਹੀ ਨਵੇਂ ਪੰਜਾਬ ਦੀ ਸਿਰਜਣਾ ਅਤੇ ਆਮ ਲੋਕਾਂ ਦਾ ਰਾਜ ਸਥਾਪਤ ਹੋ ਸਕਦਾ ਹੈ।
With Thanks Refrence to: https://www.punjabitribuneonline.com/news/punjab/punjabis-not-afraid-of-bjp39s-central-agencies-channi-131937