ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਹੋਰਨਾਂ ਪਾਰਟੀਆਂ ਨਾਲੋਂ ਮਜ਼ਬੂਤ: ਸਿੱਧੂ

2022_2$largeimg_1408812309

ਇਥੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਥਾਨਕ ਦਾਣਾ ਮੰਡੀ ਵਿੱਚ ਹਲਕਾ ਅਮਰਗੜ੍ਹ ਤੋਂ ਪਾਰਟੀ ਉਮੀਦਵਾਰ ਅਤੇ ਸਾਬਕਾ ਵਿਧਾਇਕ ਧਨਵੰਤ ਸਿੰਘ ਦੇ ਪੁੱਤਰ ਸੁਮਿਤ ਮਾਨ ਦੇ ਹੱਕ ਵਿੱਚ ਪ੍ਰਚਾਰ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਥਿਤੀ ਬਾਕੀ ਸਾਰੀਆਂ ਪਾਰਟੀਆਂ ਤੋਂ ਜ਼ਿਆਦਾ ਮਜ਼ਬੂਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਜਲਦੀ ਪਾਰਟੀ ਹਾਈਕਮਾਨ ਉਨ੍ਹਾਂ ਵੱਲੋਂ ਦਿੱਤੇ ਮਾਡਲ ਸਬੰਧੀ ਸਥਿਤੀ ਸਪੱਸ਼ਟ ਕਰ ਦਿੰਦੀ ਹੈ ਤਾਂ ਚੋਣ ਮੈਨੀਫੈਸਟੋ ਦੇ ਐਲਾਨ ਤੋਂ ਬਾਅਦ ਸਾਰੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਘੱਟੋ-ਘੱਟ ਦਸ ਫੀਸਦੀ ਤੱਕ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸਥਿਤੀ ਉਸ ਵੇਲੇ ਤਾਂ ਹੋਰ ਮਜ਼ਬੂਤ ਹੋ ਜਾਵੇਗੀ, ਜਦੋਂ ਟਿਕਟਾਂ ਦੀ ਵੰਡ ਜਾਂ ਹੋਰਨਾਂ ਕਾਰਨਾਂ ਕਰ ਕੇ ਰੁੱਸੇ ਹੋਏ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸਤਿਕਾਰ ਦੇ ਕੇ ਦੁਬਾਰਾ ਮੁਹਿੰਮ ਵਿੱਚ ਜੋੜ ਲਿਆ ਜਾਵੇਗਾ। 

ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਜ਼ਿਲ੍ਹਾ ਤੇ ਹਲਕਾ ਪੱਧਰ ਦੇ ਆਗੂ ਵੱਖ-ਵੱਖ ਉਮਦੀਵਾਰਾਂ ਦੀਆਂ ਚੋਣ ਮੁਹਿੰਮਾਂ ’ਤੇ ਨਜ਼ਰ ਰੱਖ ਰਹੇ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਰੁੱਸੇ ਹੋਏ ਆਗੂਆਂ ਤੇ ਵਰਕਰਾਂ ਨੂੰ ਬਣਦਾ ਸਤਿਕਾਰ ਦੇ ਕੇ ਵਾਪਿਸ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ। 

ਰੁੱਸੇ ਆਗੂਆਂ ਨੂੰ ਅਹੁਦੇ ਦੇਣ ਦਾ ਦਾਅਵਾ

ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਸੂਬੇ ਵਿੱਚ ਚਾਰ ਹਜ਼ਾਰ ਤੋਂ ਵੱਧ ਚੇਅਰਮੈਨਾਂ ਦੇ ਅਤੇ ਹੋਰ ਅਹਿਮ ਅਹੁਦੇ ਉਪਲਬਧ ਹਨ, ਜਿਨ੍ਹਾਂ ਉੱਪਰ ਕਿਸੇ ਵੀ ਵਿਧਾਇਕ ਦੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਦਾ ਹੱਕ ਨਹੀਂ ਹੋਵੇਗਾ। ਇਨ੍ਹਾਂ ਅਹੁਦਿਆਂ ’ਤੇ ਉਨ੍ਹਾਂ ਆਗੂਆਂ ਨੂੰ ਬਿਰਾਜਮਾਨ ਕੀਤਾ ਜਾਵੇਗਾ, ਜਿਨ੍ਹਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾ ਸਕੀਆਂ। ਸ੍ਰੀ ਸਿੱਧੂ ਨੇ ਕਿਹਾ ਕਿ ਸਾਰੇ ਦੇਸ਼ ਦੀ ਤਰ੍ਹਾਂ ਸੂਬੇ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਇਸ ਲਈ ਪੂਰੇ ਦੇ ਪੂਰੇ ਸਿਸਟਮ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਵਿਅੰਗ ਕੱਸਿਆ ਕਿ ਅੱਜ ਹਾਲਤ ਇਹ ਹੋ ਗਈ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਤਹਿਸੀਲਦਾਰ ਬਣਾਉਣ ਦੀ ਬਜਾਏ ਪਟਵਾਰੀ ਬਣਾਉਣਾ ਚਾਹੁੰਦੇ ਹਨ। ਦਿੱਲੀ ਵਿੱਚ ਇਕ ਸਿੱਖ ਮਹਿਲਾ ਨਾਲ ਵਾਪਰੇ ਸਮੂਹਿਕ ਜਬਰ-ਜਨਾਹ ਮਾਮਲੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਟੈਂਡ ਆਪਣੀ ਪਾਰਟੀ ਹਾਈ ਕਮਾਨ ਦੀ ਤਰ੍ਹਾਂ ਸਪੱਸ਼ਟ ਤੌਰ ’ਤੇ ਪੀੜਤ ਲੜਕੀ ਨਾਲ ਹੈ।  

With Thanks Refrence to: https://www.punjabitribuneonline.com/news/punjab/congress-position-stronger-than-other-parties-in-punjab-sidhu-129984

Spread the love