ਦਿੱਲੀ ’ਚ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਯੂਨੀਵਰਸਿਟੀ ਬਣਾਉਣ ਦੀ ਮੰਗ
**EDS: VIDEO GRAB** New Delhi: Shiromani Akali Dal (SAD) MP Harsimrat Kaur Badal speaks in the Lok Sabha during the Winter Session of Parliament, in New Delhi, Wednesday, Dec. 8, 2021. (LSTV/PTI Photo)(PTI12_08_2021_000092B)
ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਅੱਜ ਲੋਕ ਸਭਾ ’ਚ ਮੈਂਬਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਕੌਮੀ ਰਾਜਧਾਨੀ ਦਿੱਲੀ ’ਚ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ’ਚ ਯੂਨੀਵਰਸਿਟੀ ਬਣਾਉਣ ਦੀ ਮੰਗ ਉੱਠੀ। ਪ੍ਰਸ਼ਨਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਅਕਾਲੀ ਦਲ ਦੀ ਮੈਂਬਰ ਹਰਸਿਮਰਤ ਕੌਰ ਬਾਦਲ, ਕਾਂਗਰਸ ਮੈਂਬਰਾਂ ਰਵਨੀਤ ਸਿੰਘ ਬਿੱਟੂ ਤੇ ਜਸਬੀਰ ਸਿੰਘ ਗਿੱਲ ਅਤੇ ਭਾਜਪਾ ਮੈਂਬਰ ਐੱਸ ਐੱਸ ਆਹਲੂਵਾਲੀਆ ਨੇ 9ਵੀਂ ਪਾਤਸ਼ਾਹੀ ਦੇ ਬਲਿਦਾਨ ਨੂੰ ਯਾਦ ਕੀਤਾ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ,‘‘ਮੈਂ ਮੰਗ ਕਰਦਾ ਹਾਂ ਕਿ ਗੁਰੂ ਤੇਗ ਬਹਾਦਰ ਦੇ ਬਲਿਦਾਨ ਨੂੰ ਦੇਖਦਿਆਂ ਦਿੱਲੀ ’ਚ ਕੌਮੀ ਯੂਨੀਵਰਸਿਟੀ ਸਥਾਪਤ ਕੀਤੀ ਜਾਵੇ।’’ ਖਡੂਰ ਸਾਹਿਸ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਠਿਆਲਾ ’ਚ ਗੁਰੂ ਤੇਗ ਬਹਾਦਰ ਦਸਤਕਾਰੀ ਇੰਸਟੀਚਿਊਟ ਸਥਾਪਤ ਕਰਨ ਲਈ ਸਰਕਾਰ ਨੂੰ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪਹਿਲਾਂ ਹੀ ਇਸ ਬਾਰੇ ਤਜਵੀਜ਼ ਭੇਜੀ ਹੋਈ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਇੰਸਟੀਚਿਊਟ ਸਥਾਪਤ ਕਰਨ ਲਈ ਜ਼ਮੀਨ ਅਤੇ ਇਮਾਰਤ ਦੇਵੇਗੀ।
ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਕੌਮਾਂਤਰੀ ਧਾਰਮਿਕ ਆਜ਼ਾਦੀ ਅਤੇ ਸਹਿਣਸ਼ੀਲਤਾ ਦਿਵਸ ਵਜੋਂ ਮਨਾਉਣ ਲਈ ਸੰਯੁਕਤ ਰਾਸ਼ਟਰ ਕੋਲ ਪਹੁੰਚ ਕਰੇ। ਉਨ੍ਹਾਂ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਦੁਨੀਆ ਭਰ ਵਿਚ ਖਾਸ ਤੌਰ ’ਤੇ ਜਿਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ, ਉਥੇ ਗੁਰੁੂ ਤੇਗ ਬਹਾਦਰ ਸਾਹਿਬ ਵੱਲੋਂ ਧਰਮ ਦੀ ਆਜ਼ਾਦੀ ਤੇ ਸਹਿਣਸ਼ੀਲਤਾ ਦੇ ਨਾਲ ਨਾਲ ਮਨੁੱਖਤਾ ਦੇ ਮਾਣ ਤੇ ਸਤਿਕਾਰ ਲਈ ਦਿੱਤੀ ਸ਼ਹਾਦਤ ਬਾਰੇ ਸਕੂਲਾਂ ਵਿਚ ਇਕ ਅਧਿਆਏ ਸ਼ੁਰੂ ਕਰਨ ਲਈ ਵੀ ਪਹੁੰਚ ਕਰੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਧਾਰਮਿਕ ਸਹਿਣਸ਼ੀਲਤਾ ਦੇ ਸੰਦੇਸ਼ ਨੂੰ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਵਿਚ ਸ਼ਾਮਲ ਕਰਨ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਕ ਕੌਮੀ ਐਵਾਰਡ ਵੀ ਸ਼ੁਰੂ ਕੀਤਾ ਜਾਵੇ ਅਤੇ ਇਹ ਪਹਿਲਾ ਪੁਰਸਕਾਰ ਭਗਤ ਪੂਰਨ ਸਿੰਘ ਨੂੰ ਮਿਲਣਾ ਚਾਹੀਦਾ ਹੈ ਜਿਨ੍ਹਾਂ ਗੁਰੂ ਸਾਹਿਬਾਨ ਦੇ ਲੋੜਵੰਦਾਂ ਦੀ ਮਦਦ ਕਰਨ ਅਤੇ ਗੁਰੂ ਸਾਹਿਬ ਦੇ ਫਲਸਫੇ ਨੁੰ ਪ੍ਰਫੁੱਲਤ ਕਰਨ ਵਿਚ ਯੋਗਦਾਨ ਪਾਇਆ।
ਮੋਦੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ:ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਆਪਣੇ ਆਖਰੀ ਦਮ ਤੱਕ ਬੇਇਨਸਾਫ਼ੀ ਖ਼ਿਲਾਫ਼ ਜੰਗ ਲੜੀ ਸੀ। ਮੋਦੀ ਨੇ ਟਵੀਟ ਕਰਕੇ ਕਿਹਾ,‘‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਡੇ ਇਤਿਹਾਸ ਦਾ ਨਾਭੁਲਾਉਣਯੋਗ ਪਲ ਹੈ। ਉਨ੍ਹਾਂ ਆਪਣੇ ਆਖਰੀ ਦਮ ਤੱਕ ਅਨਿਆਂ ਖ਼ਿਲਾਫ਼ ਜੰਗ ਲੜੀ ਸੀ। ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅੱਜ ਦੇ ਦਿਨ ਸਿਜਦਾ ਕਰਦਾ ਹਾਂ। ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ’ਚ ਹੁਣੇ ਜਿਹੇ ਕੀਤੇ ਗਏ ਦੌਰੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ।’’
With Thanks Refrence to: https://www.punjabitribuneonline.com/news/nation/demand-for-setting-up-a-university-in-delhi-in-memory-of-guru-tegh-bahadur-118469