ਅਜਨਾਲਾ ‘ਚ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ਦੇ ਮਾਮਲੇ ‘ਚ 4 ਗ੍ਰਿਫ਼ਤਾਰ

0
3546869__d80228518

ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਅਗਸਤ ਮਹੀਨੇ ‘ਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਇਸ਼ਾਰੇ ‘ਤੇ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ‘ਤੇ ਖੜ੍ਹੇ ਤੇਲ ਵਾਲੇ ਟਂੈਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਪੁਲਿਸ ਵਲੋਂ ਅਜਨਾਲਾ ਖ਼ੇਤਰ ਦੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪਾਕਿਸਤਾਨ ‘ਚ ਰਹਿੰਦੇ ਲਖਬੀਰ ਸਿੰਘ ਰੋਡੇ ਤੇ ਪਾਕਿ ਦੇ ਖ਼ੁਫ਼ੀਆ ਅਧਿਕਾਰੀ ਕਾਸਿਮ ਨੂੰ ਇਸ ਮਾਮਲੇ ‘ਚ ਨਾਮਜ਼ਦ ਕੀਤਾ ਹੈ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ‘ਚ ਹਾਈ ਅਲਰਟ ਦੇ ਆਦੇਸ਼ ਦਿੱਤੇ ਗਏ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਜਾਰੀ ਪ੍ਰੈੱਸ ਨੋਟ ‘ਚ ਦੱਸਿਆ ਗਿਆ ਕਿ ਪਾਕਿ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਕਾਸਿਮ ਤੇ ਆਈ.ਐੱਸ.ਵਾਈ.ਐਫ. ਦੇ ਮੁਖੀ ਲਖਬੀਰ ਸਿੰਘ ਰੋਡੇ ਵਲੋਂ ਅਜਨਾਲਾ ਦੇ ਨੌਜਵਾਨ ਰੂਬਲ ਸਿੰਘ ਵਾਸੀ ਭੱਖਾ ਤਾਰਾ ਸਿੰਘ, ਵਿੱਕੀ ਭੱਟੀ ਵਾਸੀ ਬਲਵ੍ਹੜਾਲ, ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਉੱਗਰ ਔਲਖ ਨੂੰ ਪੰਜਾਬ ‘ਚ ਧਮਾਕੇ ਕਰਨ ਲਈ ਕਿਹਾ ਗਿਆ ਸੀ ਤੇ ਇਸ ਬਦਲੇ 2 ਲੱਖ ਰੁਪਏ ਦੇਣੇ ਸਨ। ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਵਲੋਂ ਕਪੂਰਥਲਾ ਜ਼ਿਲ੍ਹੇ ‘ਚੋਂ ਇਕ ਜਗ੍ਹਾ ਤੋਂ ਟਿਫ਼ਨ ਬੰਬ ਲਿਆ ਕੇ 8 ਅਗਸਤ ਰਾਤ ਨੂੰ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ਵਿਖੇ ਤੇਲ ਵਾਲੇ ਟੈਂਕਰ ‘ਤੇ ਰੱਖਿਆ ਸੀ ਅਤੇ ਕੁਝ ਮਿੰਟਾਂ ਬਾਅਦ ਹੀ ਇਕ ਧਮਾਕਾ ਹੋਇਆ ਸੀ, ਜਿਸ ਉਪਰੰਤ ਅਜਨਾਲਾ ਪੁਲਿਸ ਵਲੋਂ ਪੈਟਰੋਲ ਪੰਪ ਮਾਲਕ ਅਸ਼ਵਨੀ ਸ਼ਰਮਾ ਦੇ ਬਿਆਨਾਂ ‘ਤੇ ਥਾਣਾ ਅਜਨਾਲਾ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਮੁਖ ਸਿੰਘ ਬਰਾੜ ਵਲੋਂ ਜਲੰਧਰ-ਅੰਮ੍ਰਿਤਸਰ ਹਾਈਵੇ ਸਥਿਤ ਪਿੰਡ ਹੰਬੋਵਾਲ ਨੇੜੇ ਇਕ ਜਗ੍ਹਾ ‘ਤੇ ਇਹ ਟਿਫ਼ਨ ਬੰਬ (ਆਈ.ਈ.ਡੀ.) ਰੱਖਿਆ ਗਿਆ ਸੀ ਜਿਸ ਨੂੰ 6 ਅਗਸਤ ਨੂੰ ਵਿੱਕੀ, ਗੁਰਪ੍ਰੀਤ ਸਿੰਘ ਤੇ ਮਲਕੀਤ ਸਿੰਘ ਵਲੋਂ ਲਖਬੀਰ ਸਿੰਘ ਰੋਡੇ ਤੇ ਕਾਸਿਮ ਦੇ ਦਿੱਤੇ ਨਿਰਦੇਸ਼ਾਂ ਤਹਿਤ ਲਿਆ ਕੇ ਰਾਜਾਸਾਂਸੀ ਨੇੜੇ ਇਕ ਨਹਿਰ ਨਜ਼ਦੀਕ ਰੱਖ ਦਿੱਤਾ ਸੀ ਅਤੇ ਇਸ ਬੰਬ ਦੇ ਨਾਲ ਇਕ ਪੈਨ ਡਰਾਈਵ ਵੀ ਸੀ ਜਿਸ ‘ਚ ਇਸ ਨੂੰ ਚਲਾਉਣ ਸਬੰਧੀ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਰੂਬਲ ਤੇ ਵਿੱਕੀ ਵਲੋਂ ਇਸ ਟਿਫ਼ਨ ਬੰਬ ਨੂੰ ਤੇਲ ਵਾਲੇ ਟੈਂਕਰ ‘ਤੇ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਅਜਨਾਲਾ ‘ਚ ਪਹਿਲਾਂ ਦਰਜ ਮੁਕੱਦਮੇ ‘ਚ ਪਾਕਿਸਤਾਨ ‘ਚ ਰਹਿ ਰਹੇ ਲਖਬੀਰ ਸਿੰਘ ਰੋਡੇ ਤੇ ਕਾਸਿਮ ਤੋਂ ਇਲਾਵਾ ਰੂਬਲ ਸਿੰਘ ਪੁੱਤਰ ਚਰਨ ਸਿੰਘ, ਵਿੱਕੀ ਭੱਟੀ ਪੁੱਤਰ ਸਾਦਕ ਮਸੀਹ, ਮਲਕੀਤ ਸਿੰਘ ਪੁੱਤਰ ਸਾਹਿਬ ਸਿੰਘ ਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸਵਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੂਬਲ ਸਿੰਘ ਨੂੰ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਇੰਸਪੈਕਟਰ ਮੋਹਿਤ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਰੂਬਲ ਸਿੰਘ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਦੱਸ ਦੇਈਏ ਕਿ ਰੂਬਲ ਪਿਛਲੇ ਦਿਨੀਂ ਇੱਥੋਂ ਨੇੜਲੇ ਅੱਡਾ ਮਹਿਲ ਬੁਖ਼ਾਰੀ ਵਿਖੇ ਪਿੰਡ ਬੋਹਲੀਆਂ ਦੇ ਰਹਿਣ ਵਾਲੇ ਇਕ ਵਿਅਕਤੀ ਪੱਪੂ ਮਸੀਹ ਦੇ ਹੋਏ ਕਤਲ ਮਾਮਲੇ ‘ਚ ਵੀ ਲੋੜੀਂਦਾ ਸੀ।
ਸੂਬੇ ‘ਚ ਹਾਈ ਅਲਰਟ ਦਾ ਆਦੇਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ‘ਚ ਹਾਈ ਅਲਰਟ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਖ਼ਾਸ ਕਰਕੇ ਭੀੜ ਵਾਲੀਆਂ ਥਾਵਾਂ ਦੇ ਨਾਲ-ਨਾਲ ਸੂਬੇ ਭਰ ‘ਚ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਦੱਸ ਦੇਈਏ ਕਿ ਪਿਛਲੇ 40 ਦਿਨਾਂ ‘ਚ ਅੱਤਵਾਦੀ ਸੰਗਠਨਾਂ ਵਲੋਂ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਸਬੰਧੀ ਕੀਤੀਆਂ ਕੋਸ਼ਿਸ਼ਾਂ ਦੇ ਚਾਰ ਵੱਡੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਪੁਲਿਸ ਵਲੋਂ 8 ਅਗਸਤ ਨੂੰ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਡੱਲੇਕੇ ਤੋਂ ਟਿਫ਼ਨ ਬੰਬ, 2 ਕਿੱਲੋ ਤੋਂ ਵਧੇਰੇ ਆਰ.ਡੀ. ਐਕਸ., 20 ਅਗਸਤ ਨੂੰ ਭਾਈ ਜਸਬੀਰ ਸਿੰਘ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਬਰਾੜ ਨੂੰ ਟਿਫ਼ਨ ਬੰਬ, ਹੈਂਡ ਗ੍ਰਨੇਡ ਸਮੇਤ ਹੋਰ ਧਮਾਕਖੇਜ਼ ਸਮੱੱਗਰੀ ਸਮੇਤ ਕਾਬੂ ਕਰਨ ਤੋਂ ਇਲਾਵਾ ਫ਼ਿਰੋਜ਼ਪੁਰ ਪੁਲਿਸ ਵਲੋਂ ਵੀ ਇਕ ਵਿਅਕਤੀ ਨੂੰ ਪਿਸਤੌਲ, ਟਿਫ਼ਨ ਬੰਬ ਤੇ ਹੈਰੋਇਨ ਸਮੇਤ ਕਾਬੂ ਕੀਤਾ ਜਾ ਚੁੱਕਾ ਹੈ।

With Thanks, Reference to: http://beta.ajitjalandhar.com/news/20210916/1/3546869.cms#3546869

Spread the love

Leave a Reply