ਨਾਜਾਇਜ਼ ਖਣਨ ਮਾਮਲੇ ਵਿੱਚ ਚੰਨੀ ਦੇ ਭਾਣਜੇ ਦਾ ਚਾਰ ਦਿਨਾ ਰਿਮਾਂਡ

ED arrests Channi's nephew

Jalandhar: Bhupinder Singh Honey, nephew of Punjab CM Charanjit Singh Channi, being brought at the Civil Hospital for medical examination, after his arrest by the ED in a money laundering case, in Jalandhar, Friday, Feb 4, 2022. (PTI Photo) (PTI02_04_2022_000040B)

ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨਾਜਾਇਜ਼ ਖਣਨ ਮਾਮਲੇ ਵਿੱਚ ਮਾਰੇ ਛਾਪਿਆਂ ਦੌਰਾਨ 10 ਕਰੋੜ ਰੁਪਏ ਦੀ ਨਗ਼ਦੀ, ਗਹਿਣੇ ਤੇ ਹੋਰ ਸਾਮਾਨ ਜ਼ਬਤ ਕੀਤੇ ਜਾਣ ਨਾਲ ਸਬੰਧਤ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ 8 ਫਰਵਰੀ ਤੱਕ ਚਾਰ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।

ਜਾਂਚ ੲੇਜੰਸੀ ਨੇ ਲੰਘੀ ਅੱਧੀ ਰਾਤ ਨੂੰ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਉਂਜ ਗ੍ਰਿਫ਼ਤਾਰੀ ਤੋਂ ਪਹਿਲਾਂ ਹਨੀ ਕੋਲੋਂ 8 ਘੰਟੇ ਤੱਕ ਸਖ਼ਤ ਪੁੱਛਗਿੱਛ ਕੀਤੀ ਗਈ ਸੀ। ਇਸੇ ਦੌਰਾਨ ਉਸ ਦੀ ਸਿਹਤ ਵਿਗੜ ਗਈ ਤੇ ਈਡੀ ਅਧਿਕਾਰੀਆਂ ਨੇ ਸਿਵਲ ਹਸਪਤਾਲ ਜਾ ਕੇ ਉਸ ਦਾ ਚੈਕਅੱਪ ਕਰਵਾਇਆ। ਈਡੀ ਨੇ ਅੱਜ ਬਾਅਦ ਦੁਪਹਿਰ ਹਨੀ ਨੂੰ ਵਧੀਕ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਸੀ। ਜਾਂਚ ਏਜੰਸੀ ਨੇ 14 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਹਨੀ ਨੂੰ ਚਾਰ ਦਿਨਾਂ ਲਈ ਰਿਮਾਂਡ ’ਤੇ ਭੇਜ ਦਿੱਤਾ ਹੈ। ਈਡੀ ਦੇ ਵਕੀਲ ਨੇ ਹਨੀ ’ਤੇ ਜਾਂਚ ਵਿੱਚ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਚੰਨੀ ਕਾਂਗਰਸ ਤੇ ਖਾਸ ਕਰਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਜਾਣਕਾਰੀ ਅਨੁਸਾਰ ਈਡੀ ਨੇ ਭੁਪਿੰਦਰ ਸਿੰਘ ਹਨੀ ਨੂੰ ਵੀਰਵਾਰ ਸਵੇਰੇ 11 ਵਜੇ ਆਪਣੇ ਦਫ਼ਤਰ ਵਿੱਚ ਤਲਬ ਕੀਤਾ ਸੀ, ਪਰ ਉਹ ਬਾਅਦ ਦੁਪਹਿਰ ਪੇਸ਼ ਹੋਇਆ। ਦੇਰੀ ਨਾਲ ਆਉਣ ਦਾ ਕਾਰਨ ਮੀਂਹ ਦੱਸਿਆ ਗਿਆ ਸੀ। ਇਸੇ ਦੌਰਾਨ ਹੀ ਈਡੀ ਨੇ ਹਨੀ ਕੋਲੋਂ ਪੁੱਛਗਿੱਛ ਕੀਤੀ ਤੇ ਦੇਰ ਰਾਤ ਉਸ ਦੀ ਗ੍ਰਿਫ਼ਤਾਰੀ ਪਾ ਦਿੱਤੀ। ਹਨੀ ਨੂੰ ਸਾਲ 2018 ਵਿਚ ਦਰਜ ਕੀਤੀ ਗਈ ਐੱਫਆਈਆਰ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ। ਈਡੀ ਨੇ ਪਿਛਲੇ ਮਹੀਨੇ 18 ਜਨਵਰੀ ਨੂੰ ਗੈਰਕਾਨੂੰਨੀ ਰੇਤ ਖਣਨ ਮਾਮਲੇ ਵਿਚ ਛਾਪੇਮਾਰੀ ਕੀਤੀ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ 8 ਕਰੋੜ ਰੁਪਏ ਦੀ ਨਗ਼ਦੀ ਅਤੇ ਉਸ ਦੇ ਇਕ ਦੋਸਤ ਸੰਦੀਪ ਕੋਲੋਂ 2 ਕਰੋੜ ਰੁਪਏ ਬਰਾਮਦ ਕੀਤੇ ਗੲੇ ਸਨ। ਇਸ ਦੇ ਨਾਲ ਹੀ 21 ਲੱਖ ਰੁਪਏ ਦਾ ਸੋਨਾ ਤੇ 12 ਲੱਖ ਦੀ ਮਹਿੰਗੀ ਰੋਲੈਕਸ ਘੜੀ ਵੀ ਬਰਾਮਦ ਹੋਈ ਸੀ। ਭੁਪਿੰਦਰ ਸਿੰਘ ਹਨੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਨ ਮੌਕੇ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ। ਇਸ ਪੇਸ਼ੀ ਦੌਰਾਨ ਈਡੀ ਦੇ 10 ਦੇ ਕਰੀਬ ਅਧਿਕਾਰੀ ਵੀ ਪਹੁੰਚੇ ਹੋਏ ਸਨ। ਦੁਪਹਿਰੇ ਢਾਈ ਵਜੇ ਦੇ ਕਰੀਬ ਹਨੀ ਨੂੰ ਅਦਾਲਤ ਵਿਚ ਲਿਆਂਦਾ ਗਿਆ ਤੇ ਸਾਢੇ ਪੰਜ ਵਜੇ ਦੇ ਕਰੀਬ ਰਿਮਾਂਡ ਵਾਲੇ ਹੁਕਮ ਦੀ ਕਾਪੀ ਮਿਲਣ ਮਗਰੋਂ ਈਡੀ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਗਏ। ਭੁਪਿੰਦਰ ਸਿੰਘ ਹਨੀ ਦੇ ਵਕੀਲ ਹਰਨੀਤ ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਵੀ ਹਨੀ ਨੂੰ ਈਡੀ ਨੇ ਬੁਲਾਇਆ ਸੀ ਉਨ੍ਹਾਂ ਨੇ ਹਰ ਵਾਰ ਸਹਿਯੋਗ ਦਿੱਤਾ ਸੀ। ਪਿਛਲੀ ਪੇਸ਼ੀ ’ਤੇ ਉਹ ਇਸ ਕਰਕੇ ਨਹੀਂ ਆ ਸਕੇ ਸਨ ਕਿਉਂਕਿ ਹਨੀ ਨੂੰ ਕਰੋਨਾ ਹੋ ਗਿਆ ਸੀ। ਐਡਵੋਕੇਟ ਹਰਨੀਕ ਸਿੰਘ ਨੇ ਦੱਸਿਆ ਕਿ 2018 ਦੀ ਜਿਸ ਐੱਫਆਈਆਰ ਦੇ ਆਧਾਰ ’ਤੇ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਐੱਫਆਈਆਰ ਵਿਚ ਹਨੀ ਦਾ ਨਾਂ ਸ਼ਾਮਲ ਨਹੀਂ ਹੈ। ਉਧਰ ਈਡੀ ਦੇ ਵਕੀਲ ਲੋਕੇਸ਼ ਨਾਰੰਗ ਨੇ ਦਲੀਲਾਂ ਦਿੱਤੀਆਂ ਕਿ ਰੇਤ ਖਣਨ ਦਾ ਮਾਮਲਾ ਵਾਤਾਵਰਨ ਨਾਲ ਜੁੜਿਆ ਹੋਇਆ ਹੈ। ਭੁਪਿੰਦਰ ਸਿੰਘ ਹਨੀ ਤੇ ਉਸ ਦੇ ਦੋਸਤ ਕੋਲੋਂ ਮੋਟੀ ਰਕਮ ਬਰਾਮਦ ਹੋਈ ਹੈ। ਈਡੀ ਨੇ ਇਸ ਬਾਰੇ ਹੋਰ ਵੀ ਜਾਂਚ ਕਰਨੀ ਹੈ ਕਿ ਉਸ ਦੇ ਕਿਸ-ਕਿਸ ਨਾਲ ਸਬੰਧ ਸਨ। 

ਵਿਰੋਧੀਆਂ ਨੂੰ ਤੰਗ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ: ਪ੍ਰਿਯੰਕਾ

ਚੰਡੀਗੜ੍ਹ(ਟਨਸ):ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਈਡੀ ਵੱਲੋਂ ਗੈਰਕਾਨੂੰਨੀ ਖਣਨ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀ ਗ੍ਰਿਫ਼ਤਾਰੀ ਦੇ ਹਵਾਲੇ ਨਾਲ ਅੱਜ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਵਿਰੋਧੀਆਂ ਨੂੰ ਤੰਗ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਸਿਆਸੀ ਬਦਲਾਖੋਰੀ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਹੈ। 

ਕਾਨੂੰਨ ਆਪਣਾ ਕੰਮ ਕਰ ਰਿਹੈ: ਚੰਨੀ

ਚੰਡੀਗੜ੍ਹ (ਟਨਸ):ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਈਡੀ ਵੱਲੋਂ ਗੈਰਕਾਨੂੰਨੀ ਖਣਨ ਮਾਮਲੇ ਵਿੱਚ ਕੀਤੀ ਕਾਰਵਾਈ ਨੂੰ ਉਨ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਜੇ ਕਿਸੇ ਨੇ ਕੁਝ ਗ਼ਲਤ ਕੀਤਾ ਹੈ ਤਾਂ ਕਾਰਵਾਈ ਕੀਤੀ ਜਾਵੇ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਉਨ੍ਹਾਂ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੈ। ਲੋਕਾਂ ਵਿਚ ਹਰਮਨਪਿਆਰਤਾ ਕਰਕੇ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

ਚੰਨੀ ਨੇ 111 ਦਿਨਾਂ ’ਚ ਕਮਾਲ ਕਰ ਦਿੱਤੈ: ਕੇਜਰੀਵਾਲ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ):‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆਪਣੇ ਹਮਰੁਤਬਾ ਚਰਨਜੀਤ ਸਿੰਘ ਚੰਨੀ ’ਤੇ ਤਿੱਖਾ ਸ਼ਬਦੀ ਹੱਲਾ ਬੋਲਿਆ ਹੈ। ਈਡੀ ਵੱਲੋਂ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ ’ਤੇ  ਸ੍ਰੀ ਕੇਜਰੀਵਾਲ ਨੇ ਕਿਹਾ, ‘‘ਉਨ੍ਹਾਂ (ਚੰਨੀ) ਨੇ 111 ਦਿਨਾਂ ਵਿੱਚ ਕਮਾਲ ਕਰ ਕੇ ਦਿਖਾ ਦਿੱਤਾ ਹੈ। ਲੋਕਾਂ ਨੂੰ ਚਾਰ-ਚਾਰ, ਪੰਜ-ਪੰਜ ਸਾਲ ਲੱਗਦੇ ਹਨ ਐਨਾ ਭ੍ਰਿਸ਼ਟਾਚਾਰ ਕਰਨ ਲਈ। ਉਨ੍ਹਾਂ 111 ਦਿਨਾਂ ਵਿੱਚ ਕਮਾਲ ਕਰਕੇ ਐਨਾ ਭ੍ਰਿਸ਼ਟਾਚਾਰ ਕੀਤਾ ਅਤੇ ਇਹ ਮੰਦਭਾਗਾ ਹੈ। ਲੋਕ ਦੇਖ ਰਹੇ ਹਨ ਤੇ ਇਸੇ ਕਰਕੇ ਲੋਕਾਂ ਨੂੰ ਇੱਕ ਇਮਾਨਦਾਰ ਸਰਕਾਰ ਚਾਹੀਦੀ ਹੈ।’’ ਸ੍ਰੀ ਕੇਜਰੀਵਾਲ ਨੇ ਇਕ ਟਵੀਟ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘‘ਕੀ ਪੰਜਾਬ ਦੇ ਲੋਕ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁਣਗੇ ਜਿਸ ਉਪਰ ਕਥਿਤ ਰੇਤਾ ਚੋਰੀ ਤੇ ਟਰਾਂਸਫਰ ਪੋਸਟਿੰਗ ਵਿੱਚ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਲੱਗੇ ਹੋਣ।’

ਹਮਲਾ ਚੰਨੀ ’ਤੇ ਨਹੀਂ ਬਲਕਿ ਪੰਜਾਬ ਉੱਤੇ: ਸੁਰਜੇਵਾਲਾ

ਚੰਡੀਗੜ੍ਹ(ਟਨਸ): ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਇਹ ਪੰਜਾਬ ’ਤੇ ਸਿੱਧਾ ਹਮਲਾ ਕੀਤਾ ਗਿਆ ਹੈ। ਪੰਜਾਬ ਦੇ ਲੋਕਾਂ ਨੂੰ ਕਿਸਾਨ ਘੋਲ ਨਾਲ ਖੜ੍ਹਨ ਦਾ ਮੁੱਲ ਤਾਰਨਾ ਪੈ ਰਿਹਾ ਹੈ। ਇਹ ਹਮਲਾ ਮੁੱਖ ਮੰਤਰੀ ਚੰਨੀ ’ਤੇ ਨਹੀਂ, ਬਲਕਿ ਪੰਜਾਬ ਉੱਤੇ ਹੈ ਜਿਸ ਨੂੰ ਕਿਸਾਨ ਘੋਲ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਸਿਆਸੀ ਨੌਟੰਕੀ ਪੰਜਾਬ ਚੋਣਾਂ ਤੋਂ 15 ਦਿਨ ਪਹਿਲਾਂ ਸ਼ੁਰੂ ਹੋ ਗਈ ਹੈ ਅਤੇ ਭਾਜਪਾ ਦਾ ਚੋਣ ਵਿੰਗ ਈਡੀ ਮੈਦਾਨ ਵਿਚ ਉੱਤਰਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਚੰਨੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਪੰਜਾਬੀਅਤ ਦੇ ਪੱਖ ਵਿਚ ਸਟੈਂਡ ਲਿਆ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਨਾਲ ਬਦਲਾਖੋਰੀ ਕੀਤੀ ਜਾ ਰਹੀ ਹੈ।

ਕੀ ਪੈਸਾ ਅਫ਼ਸਰਾਂ ਦੀਆਂ ਬਦਲੀਆਂ ਨਾਲ ਸਬੰਧਤ ਸੀ?

ਈਡੀ ਨੇ ਪੁੱਛਗਿੱਛ ਦੌਰਾਨ ਹਨੀ ਨੂੰ ਇਹ ਸਵਾਲ ਵੀ ਪੁੱਛਿਆ ਕਿ ਜਿਹੜੀ ਰਕਮ ਉਸ ਕੋਲੋਂ ਬਰਾਮਦ ਹੋਈ ਸੀ ਕੀ ਉਹ ਪੈਸਾ ਅਫਸਰਾਂ ਦੀਆਂ ਬਦਲੀਆਂ ਨਾਲ ਜੁੜਿਆ ਹੋਇਆ ਹੈ? ਮਾਸੜ (ਚੰਨੀ) ਦੇ ਮੁੱਖ ਮੰਤਰੀ ਹੋਣ ਕਰਕੇ ਕੀ ਰੇਤੇ ਦਾ ਕਾਰੋਬਾਰ ਉਹੀ ਸੰਭਾਲ ਰਿਹਾ ਸੀ? ਕੀ ਚੰਨੀ ਨੇ ਇਹ ਰਕਮ ਤੁਹਾਡੇ ਕੋਲ ਰਖਵਾਈ ਸੀ? ਇਨ੍ਹਾਂ ਸਵਾਲਾਂ ਸਮੇਤ ਹੋਰ ਵੀ ਸਖਤ ਪੁੱਛਗਿੱਛ ਕੀਤੀ ਗਈ ਦੱਸੀ ਜਾ ਰਹੀ ਹੈ।

With Thanks Refrence to: https://www.punjabitribuneonline.com/news/punjab/channi39s-nephew-remanded-for-four-days-in-illegal-mining-case-130642

Spread the love