ਮਿਸ ਯੂਨੀਵਰਸ: ਹਰਨਾਜ਼ ਸਿਰ ਸਜਿਆ ਤਾਜ
Eilat: India's Harnaaz Sandhu waves after being crowned Miss Universe 2021 during the 70th Miss Universe pageant, Monday, Dec. 13, 2021, in Eilat, Israel.AP/PTI(AP12_13_2021_000101A)
ਅਦਾਕਾਰਾ-ਮਾਡਲ ਹਰਨਾਜ਼ ਸੰਧੂ (21) ਨੇ ਮਿਸ ਯੂਨੀਵਰਸ 2021 ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਉਸ ਨੇ 80 ਮੁਲਕਾਂ ਦੀਆਂ ਮੁਟਿਆਰਾਂ ਨੂੰ ਮਾਤ ਦਿੱਤੀ ਤੇ 21 ਸਾਲਾਂ ਬਾਅਦ ਇਹ ਖ਼ਿਤਾਬ ਭਾਰਤ ਦੀ ਝੋਲੀ ਪਾਇਆ। ਹਰਨਾਜ਼ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਔਰਤਾਂ ਨੇ ਇਹ ਖ਼ਿਤਾਬ ਜਿੱਤਿਆ ਹੈ। ਸੁਸ਼ਮਿਤਾ ਸੇਨ 1994 ਤੇ ਲਾਰਾ ਦੱਤਾ ਸੰਨ 2000 ਵਿਚ ਮਿਸ ਯੂਨੀਵਰਸ ਬਣੀ ਸੀ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਜ਼ਰਾਈਲ ਵਿਚ ਹੋਇਆ। ਚੰਡੀਗੜ੍ਹ ਵਾਸੀ ਹਰਨਾਜ਼ ਜੋ ਕਿ ਵਰਤਮਾਨ ’ਚ ਪਬਲਿਕ ਐਡਮਨਿਸਟ੍ਰੇਸ਼ਨ ਵਿਚ ਮਾਸਟਰਜ਼ ਕਰ ਰਹੀ ਹੈ, ਦੇ ਸਿਰ 2020 ਵਿਚ ਮੁਕਾਬਲਾ ਜਿੱਤਣ ਵਾਲੀ ਮੈਕਸਿਕੋ ਦੀ ਐਂਡਰੀਆ ਮੇਜ਼ਾ ਨੇ ਤਾਜ ਸਜਾਇਆ। ਮੁਕਾਬਲੇ ਵਿਚ ਪੈਰਾਗੁਏ ਦੀ ਨਾਦੀਆ ਫਰੇਰਾ (22) ਦੂਜੇ ਨੰਬਰ ਉਤੇ ਰਹੀ ਜਦਕਿ ਦੱਖਣੀ ਅਫ਼ਰੀਕਾ ਦੀ ਲਾਲੇਲਾ ਮਸਵਾਨੇ (24) ਨੇ ਤੀਜੀ ਥਾਂ ਹਾਸਲ ਕੀਤੀ। ਹਰਨਾਜ਼ ਸੰਧੂ ਨੇ ਮੁਕਾਬਲੇ ਤੋਂ ਬਾਅਦ ‘ਪ੍ਰਮਾਤਮਾ, ਆਪਣੇ ਮਾਪਿਆਂ ਤੇ ਮਿਸ ਇੰਡੀਆ ਆਰਗੇਨਾਈਜ਼ੇਸ਼ਨ ਦਾ ਸੇਧ ਤੇ ਸਮਰਥਨ ਲਈ ਧੰਨਵਾਦ ਕੀਤਾ।’ ਸੰਧੂ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੀ ਹੈ ਜਿਨ੍ਹਾਂ ਉਸ ਦੀ ਜਿੱਤ ਲਈ ਦੁਆਵਾਂ ਕੀਤੀਆਂ ਤੇ ਸ਼ੁੱਭ ਇੱਛਾਵਾਂ ਭੇਜੀਆਂ। ਉਸ ਨੇ ਕਿਹਾ, ‘21 ਸਾਲਾਂ ਬਾਅਦ ਤਾਜ ਮੁੜ ਭਾਰਤ ਲੈ ਕੇ ਆਉਣਾ ਮੇਰੇ ਲਈ ਬੇਹੱਦ ਮਾਣ ਵਾਲੀ ਗੱਲ ਹੈ।’ ਮੁਕਾਬਲੇ ਦੇ ਆਖ਼ਰੀ ਗੇੜ ਵਿਚ ਹਰਨਾਜ਼ ਨੂੰ ਪੁੱਛਿਆ ਗਿਆ ਕਿ ਉਹ ਨੌਜਵਾਨ ਲੜਕੀਆਂ ਨੂੰ ਅਜੋਕੇ ਸਮੇਂ ਦੇ ਦਬਾਅ ਨਾਲ ਨਜਿੱਠਣ ਲਈ ਕੀ ਸੁਝਾਅ ਦੇਣਾ ਚਾਹੇਗੀ। ਉਸ ਨੇ ਕਿਹਾ, ‘ਅਜੋਕੇ ਸਮੇਂ ਦਾ ਨੌਜਵਾਨ ਜਿਹੜੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਉਹ ਹੈ ਖ਼ੁਦ ’ਚ ਵਿਸ਼ਵਾਸ ਕਰਨਾ, ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਤੇ ਇਹੀ ਤੁਹਾਨੂੰ ਖ਼ੂਬਸੂਰਤ ਬਣਾਉਂਦਾ ਹੈ। ਆਪਣੀ ਦੂਜਿਆਂ ਨਾਲ ਤੁਲਨਾ ਕਰਨੀ ਬੰਦ ਕਰੋ ਤੇ ਦੁਨੀਆ ਵਿਚ ਹੋ ਰਹੀਆਂ ਹੋਰਨਾਂ ਮਹੱਤਵਪੂਰਨ ਘਟਨਾਵਾਂ ਬਾਰੇ ਗੱਲ ਕਰੋ।’ ਉਸ ਨੇ ਕਿਹਾ, ‘ਤੁਹਾਨੂੰ ਇਹੀ ਸਮਝਣ ਦੀ ਲੋੜ ਹੈ। ਅੱਗੇ ਆਓ, ਆਪਣੇ ਆਪ ਲਈ ਬੋਲੋ ਕਿਉਂਕਿ ਤੁਸੀਂ ਹੀ ਆਪਣੀ ਜ਼ਿੰਦਗੀ ਦੇ ਆਗੂ ਹੋ, ਤੁਸੀਂ ਹੀ ਆਪਣੀ ਆਵਾਜ਼ ਹੋ। ਮੈਂ ਖ਼ੁਦ ਵਿਚ ਯਕੀਨ ਕੀਤਾ ਤੇ ਇਸੇ ਲਈ ਮੈਂ ਅੱਜ ਇੱਥੇ ਖੜ੍ਹੀ ਹਾਂ।’ ਉਸ ਦੇ ਜਵਾਬ ਤੋਂ ਬਾਅਦ ਪੂਰਾ ਹਾਲ ਤਾੜੀਆਂ ਨਾਲ ਗੂੰਜ ਗਿਆ।
ਸੰਧੂ ਨੇ ਇਸ ਖੇਤਰ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ 2017 ਵਿਚ ਕੀਤੀ ਸੀ ਜਦ ਉਹ ਚੰਡੀਗੜ੍ਹ ਦੀ ਨੁਮਾਇੰਦਗੀ ਕਰਦਿਆਂ 17 ਸਾਲ ਦੀ ਉਮਰ ਵਿਚ ‘ਟਾਈਮਜ਼ ਫਰੈੱਸ਼ ਫੇਸ’ ਬਣੀ। ਮਗਰੋਂ ਉਸ ਨੇ ਮਿਸ ਦੀਵਾ ਯੂਨੀਵਰਸ 2021 ਖ਼ਿਤਾਬ ਵੀ ਜਿੱਤਿਆ। ਉਹ ਪੰਜਾਬੀ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਮਿਸ ਯੂਨੀਵਰਸ ਸਮਾਗਮ ਦੀ ਮੇਜ਼ਬਾਨੀ ਸਟੀਵ ਹਾਰਵੀ ਨੇ ਕੀਤੀ ਤੇ ਇਸ ਮੌਕੇ ਅਮਰੀਕੀ ਗਾਇਕ ਜੋਜੋ ਨੇ ਪੇਸ਼ਕਾਰੀ ਦਿੱਤੀ। ਚੋਣ ਕਮੇਟੀ ਵਿਚ ਭਾਰਤੀ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਇੰਡੀਆ ਉਰਵਸ਼ੀ ਰੌਟੇਲਾ ਸਣੇ ਕਈ ਹੋਰ ਉੱਘੀਆਂ ਕੌਮਾਂਤਰੀ ਸ਼ਖ਼ਸੀਅਤਾਂ ਸ਼ਾਮਲ ਸਨ। -ਪੀਟੀਆਈ
ਉੱਘੀਆਂ ਫ਼ਿਲਮੀ ਹਸਤੀਆਂ ਨੇ ਹਰਨਾਜ਼ ਨੂੰ ਮੁਬਾਰਕਾਂ ਦਿੱਤੀਆਂ
ਮੁੰਬਈ:ਮਿਸ ਯੂਨੀਵਰਸ ਬਣਨ ’ਤੇ ਅੱਜ ਕਈ ਫ਼ਿਲਮੀ ਹਸਤੀਆਂ ਨੇ ਹਰਨਾਜ਼ ਸੰਧੂ ਨੂੰ ਮੁਬਾਰਕਾਂ ਦਿੱਤੀਆਂ। ਵਧਾਈਆਂ ਦੇਣ ਵਾਲਿਆਂ ਵਿਚ ਸੁਸ਼ਮਿਤਾ ਸੇਨ, ਲਾਰਾ ਦੱਤਾ ਤੇ ਪ੍ਰਿਯੰਕਾ ਚੋਪੜਾ ਵਰਗੇ ਸਿਤਾਰੇ ਸ਼ਾਮਲ ਸਨ। ਸੁਸ਼ਮਿਤਾ ਨੇ ਲਿਖਿਆ ‘21 ਸਾਲਾ ਸੰਧੂ ਦੀ ਕਿਸਮਤ ਵਿਚ ਸੀ ਕਿ ਉਹ 21 ਸਾਲਾਂ ਬਾਅਦ ਤਾਜ ਮੁੜ ਘਰ ਲੈ ਆਏਗੀ।’ ਮਿਸ ਏਸ਼ੀਆ ਪੈਸੇਫਿਕ ਰਹੀ ਦੀਆ ਮਿਰਜ਼ਾ ਨੇ ਵੀ ਨਵੀਂ ਮਿਸ ਯੂਨੀਵਰਸ ਨੂੰ ਮੁਬਾਰਕਾਂ ਦਿੱਤੀਆਂ। ਇਸ ਤੋਂ ਇਲਾਵਾ ਕਰੀਨਾ ਕਪੂਰ ਖਾਨ, ਰਵੀਨਾ ਟੰਡਨ ਨੇ ਵੀ ਉਸ ਨੂੰ ਮੁਬਾਰਕਬਾਦ ਦਿੱਤੀ। ਕਰੀਬ 50 ਭਾਰਤੀ ਮੁਕਾਬਲੇ ਵਾਲੀ ਥਾਂ ਮੌਜੂਦ ਸਨ।
With Thanks Refrence to: https://www.punjabitribuneonline.com/news/chandigarh/miss-universe-harnaz-crowned-119449