ਪੰਜਸ਼ੀਰ ਘਾਟੀ ਲੜਾਈ ‘ਚ 40 ਹੋਰ ਤਾਲਿਬਾਨੀ ਹਲਾਕ

0
3533284__d169771834

 ਸੁਰਿੰਦਰ ਕੋਛੜ –ਅੰਮਿ੍ਤਸਰ, 2 ਸਤੰਬਰ -ਪੰਜਸ਼ੀਰ ‘ਚ ਭਿਆਨਕ ਲੜਾਈ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ | ਤਾਲਿਬਾਨ ਨੇ ਖ਼ੁਦ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਅਹਿਮਦ ਮਸੂਦ ਦੀ ਅਗਵਾਈ ਵਾਲੇ ਉੱਤਰੀ ਗੱਠਜੋੜ ਦੀ ਫ਼ੌਜ ਤੇ ਤਾਲਿਬਾਨ ਲੜਾਕਿਆਂ ‘ਚ ਦੋ ਦਿਨਾਂ ਤੋਂ ਲੜਾਈ ਜਾਰੀ ਹੈ ਅਤੇ ਦੋਵਾਂ ਧਿਰਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਹੈ | ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਮੈਂਬਰ ਅਨਾਮੁਲਾਹ ਸਮੰਗਾਨੀ ਨੇ ਕਿਹਾ ਹੈ ਕਿ ਇਸਲਾਮਿਕ ਅਮੀਰਾਤ ਦੇ ਮੁਜਾਹਦੀਨ ਤੇ ਪੰਜਸ਼ੀਰ ਦੇ ਕੁਝ ਇਲਾਕਿਆਂ ‘ਤੇ ਹਮਲਾ ਕਰਕੇ ਭਾਰੀ ਨੁਕਸਾਨ ਪਹੁੰਚਾਇਆ ਹੈ | ਹਾਲਾਂਕਿ, ਵਿਰੋਧੀ ਮੋਰਚੇ ਦੇ ਬੁਲਾਰੇ ਨੇ ਦੱਸਿਆ ਕਿ ਦੋ ਦਿਨਾਂ ‘ਚ ਘੱਟ ਤੋਂ ਘੱਟ 40 ਤਾਲਿਬਾਨੀ ਮਾਰੇ ਗਏ ਤੇ 35 ਗੰਭੀਰ ਜ਼ਖ਼ਮੀ ਹੋਏ ਹਨ | ਦੱਸਿਆ ਜਾ ਰਿਹਾ ਹੈ ਕਿ ਪੰਜਸ਼ੀਰ ਦੇ ਲੜਾਕਿਆਂ ਨੇ ਵੀ ਤਾਲਿਬਾਨ ਵਿਰੁੱਧ ਖ਼ੂਨੀ ਜੰਗ ਦੀ ਪੂਰੀ ਤਿਆਰੀ ਕੀਤੀ ਹੋਈ ਹੈ | ਜਿਸ ਦੇ ਚਲਦਿਆਂ ਵਿਦਰੋਹੀਆਂ ਨੇ ਪੰਜਸ਼ੀਰ ਘਾਟੀ ਦੇ ਅੰਦਰ ਇਕ ਪੂਰਾ ਸਟੇਡੀਅਮ ਗੋਲਾ ਬਾਰੂਦ ਨਾਲ ਭਰ ਦਿੱਤਾ ਹੈ | ਉਨ੍ਹਾਂ ਕੋਲ ਦੋ ਹੈਲੀਕਾਪਟਰ ਵੀ ਹਨ | ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪੰਜਸ਼ੀਰ ਨੂੰ ਘੇਰ ਲਿਆ ਹੈ ਅਤੇ ਬਗ਼ਾਵਤ ਨੂੰ ਜਲਦੀ ਦਬਾ ਦਿੱਤਾ ਜਾਵੇਗਾ ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ | ਤਾਲਿਬਾਨ ਦੇ ਹਮਲੇ ਲਗਾਤਾਰ ਅਸਫਲ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਗੱਲਬਾਤ ਦਾ ਸਹਾਰਾ ਲੈਣਾ ਪੈ ਸਕਦਾ ਹੈ | ਉੱਤਰੀ ਗੱਠਜੋੜ ਦੇ ਨੇਤਾ ਫਹੀਮ ਫਿਤਰਾਤ ਨੇ ਕਿਹਾ ਕਿ ਸਾਡੀ ਫ਼ੌਜ ਕੋਲ ਏਨਾ ਅਸਲਾ ਬਾਰੂਦ ਤੇ ਹਥਿਆਰ ਹਨ ਕਿ ਉਹ ਲੰਮੇ ਸਮੇਂ ਤੱਕ ਪੰਜਸ਼ੀਰ ਘਾਟੀ ‘ਚ ਆਪਣੀ ਪਕੜ ਬਣਾ ਕੇ ਰੱਖ ਸਕਦੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਜੇ ਵੀ ਸੋਵੀਅਤ ਯੂਨੀਅਨ ਦੇ ਜ਼ਮਾਨੇ ਦੇ ਅਤੇ 1990 ਦੇ ਦਹਾਕੇ ‘ਚ ਤਾਲਿਬਾਨ ਵਿਰੁੱਧ ਸੰਘਰਸ਼ ਦੇ ਯੁੱਗ ਦੇ ਹਥਿਆਰ ਹਨ | ਉਧਰ ਤਾਲਿਬਾਨ ਨੇ ਅਮਰੀਕੀ ਫ਼ੌਜ ਦੇ ਕਾਬੁਲ ‘ਚ ਰਹਿ ਗਏ ਬਖ਼ਤਰਬੰਦ ਵਾਹਨਾਂ ਤੇ ਫ਼ੌਜੀ ਟਰੱਕਾਂ ‘ਚ ਸਵਾਰ ਹੋ ਕੇ ਕਾਬੁਲ ਦੀਆਂ ਸੜਕਾਂ ‘ਤੇ ਇਕ ਵੱਡਾ ਜਲੂਸ ਵੀ ਕੱਢਿਆ | ਤਾਲਿਬਾਨ ਕਾਬੁਲ ‘ਚ ਨਵੀਂ ਸਰਕਾਰ ਦਾ ਐਲਾਨ ਕਰਨ ਦੀਆਂ ਤਿਆਰੀਆਂ ‘ਚ ਨਜ਼ਰ ਆ ਰਿਹਾ ਹੈ ਅਤੇ ਨਵੀਂ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਸਰਕਾਰ ਦੇ ਸਰਕਾਰੀ ਤੇ ਗ਼ੈਰ-ਸਰਕਾਰੀ ਇਮਾਰਤਾਂ ਦੇ ਬਾਹਰ ਲਗਾਉਣ ਲਈ ਹਜ਼ਾਰਾਂ ਝੰਡੇ ਤਿਆਰ ਕੀਤੇ ਜਾ ਰਹੇ ਹਨ |

Reference : https://beta.ajitjalandhar.com/news/3533304.cms

Spread the love

Leave a Reply