ਬਠਿੰਡਾ ਵਿਚ ਕਿਸਾਨਾਂ ਵੱਲੋਂ ਮਿਨੀ ਸਕੱਤਰੇਤ ‘ਸੀਲ’

2021_10$largeimg_1382114508

ਗੁਲਾਬੀ ਸੁੰਡੀ, ਬੇਮੌਸਮੇ ਮੀਂਹ ਤੇ ਗੜਿਆਂ ਕਾਰਨ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਬੀਤੇ ਦਿਨ ਅਣਮਿੱਥੇ ਸਮੇਂ ਲਈ ਇੱਥੋਂ ਦਾ ਮਿਨੀ ਸਕੱਤਰੇਤ ਘੇਰੀ ਬੈਠੇ ਕਿਸਾਨਾਂ ਨੇ ਅੱਜ ਸਕੱਤਰੇਤ ’ਚ ਕਿਸੇ ਦੇ ਵੀ ਦਾਖ਼ਲੇ ਨੂੰ ਸਖ਼ਤੀ ਨਾਲ ਰੋਕ ਦਿੱਤਾ। ਚਾਰੇ ਗੇਟਾਂ ’ਤੇ ਧਰਨੇ ਹਨ ਅਤੇ ਚਾਰਦੀਵਾਰੀ ਤੋਂ ਅੰਦਰ ਵੜਨ ਵਾਲਿਆਂ ਨੂੰ ਰੋਕਣ ਲਈ ਵਾਲੰਟੀਅਰ ਡਟੇ ਹੋਏ ਹਨ। ਧਰਨਾਕਾਰੀਆਂ ਨੇ ਅੱਜ ਹਕੂਮਤ ਨੂੰ ਕਿਹਾ, ‘ਡਾਂਗਾਂ ਮਾਰ ਕੇ ਭਜਾ ਦਿਓ ਜਾਂ ਫਿਰ ਮੰਗਾਂ ਮੰਨੋ’। ਇਸ ਦੇ ਨਾਲ ਹੀ ਬਾਅਦ ਦੁਪਹਿਰ 2 ਤੋਂ 4 ਵਜੇ ਤੱਕ ਡੀਸੀ ਦੀ ਸਰਕਾਰੀ ਰਿਹਾਇਸ਼ ਅੱਗੇ ਸੰਕੇਤਕ ਧਰਨਾ ਵੀ ਲਾਇਆ ਗਿਆ। ਇਹ ਕਰੜਾ ਫ਼ੈਸਲਾ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸੂਬਾ ਕਮੇਟੀ ਦੀ ਮੀਟਿੰਗ ’ਚ ਕੀਤਾ। ਸੋਮਵਾਰ ਸ਼ਾਮ ਨੂੰ ਸਕੱਤਰੇਤ ’ਚ ਘਿਰੇ ਸਰਕਾਰੀ ਅਮਲੇ ਨੂੰ ਕਿਸਾਨਾਂ ਨੇ ਇਸ ਸ਼ਰਤ ’ਤੇ ਬਾਹਰ ਕੱਢਿਆ ਸੀ ਕਿ ਉਹ ਮੰਗਲਵਾਰ ਨੂੰ ਸਕੱਤਰੇਤ ’ਚ ਨਹੀਂ ਆਉਣਗੇ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜੋ ਵੀ ਹੁਣ ਸਕੱਤਰੇਤ ਆਵੇਗਾ, ਉਸ ਨੂੰ ਕਿਸੇ ਵੀ ਕੀਮਤ ’ਤੇ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਧਰਨੇ ਵਾਲੀਆਂ ਸੜਕਾਂ ਤੋਂ ਲੰਘਦੇ ਵਾਹਨ ਵੀ ਰੋਕ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਗੁਲਾਬੀ ਸੁੰਡੀ, ਮੀਂਹ ਅਤੇ ਗੜਿਆਂ ਦੀ ਮਾਰ ਹੇਠ ਆਈਆਂ ਫ਼ਸਲਾਂ ਲਈ ਹਰਜ਼ਾਨੇ ਦੀ ਮੰਗ ਲੈ ਕੇ ਇਹ ਘਿਰਾਓ ਕੀਤਾ ਗਿਆ ਹੈ। ਘਿਰਾਓ ’ਚ ਮਾਲਵਾ ਪੱਟੀ ਨਾਲ ਸਬੰਧਤ ਕਪਾਹ ਪੱਟੀ ਵਾਲੇ ਅੱਠ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਲ ਹਨ। ਜਥੇਬੰਦੀ ਦੀ ਮੰਗ ਹੈ ਕਿ ਨੁਕਸਾਨੀਆਂ ਫ਼ਸਲਾਂ ਲਈ 60 ਹਜ਼ਾਰ ਪ੍ਰਤੀ ਏਕੜ ਅਤੇ ਫ਼ਸਲ ਦੇ ਉਜਾੜੇ ਕਾਰਨ ਪ੍ਰਭਾਵਿਤ ਹੋਏ ਖੇਤ ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ 30 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਘਟੀਆ ਬੀਜ, ਕੀਟਨਾਸ਼ਕ ਅਤੇ ਖਾਦਾਂ ਵੇਚਣ ਵਾਲੇ ਡੀਲਰਾਂ ਸਮੇਤ ਖੇਤੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਢੁੱਕਵੀਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਮੰਗ ਵੀ ਹੈ ਕਿ ਫ਼ਸਲੀ ਨੁਕਸਾਨ ਦੇ ਸਦਮੇ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਸਹਾਇਤਾ ਰਾਸ਼ੀ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਦਾ ਕਰਜ਼ਾ ਮੁਆਫ਼ ਹੋਵੇ।  ਧਰਨਿਆਂ ਨੂੰ  ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਗੁਰਮੀਤ ਕੌਰ ਕੋਕਰੀ ਕਲਾਂ, ਕਮਲਜੀਤ ਕੌਰ ਬਰਨਾਲਾ, ਸਰੋਜ ਰਾਣੀ ਦਿਆਲਪੁਰਾ, ਕਰਮਜੀਤ ਕੌਰ ਲਹਿਰਾਖਾਨਾ, ਰਾਜਨਦੀਪ ਕੌਰ ਫ਼ਾਜ਼ਿਲਕਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।

ਭਾਕਿਯੂ (ਉਗਰਾਹਾਂ) ਨੇ ਲਾਏ ਅੱਜ 17 ਜ਼ਿਲ੍ਹਿਆਂ ’ਚ ਧਰਨੇ

ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਉਗਰਾਹਾਂ ਜਥੇਬੰਦੀ ਵੱਲੋਂ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਡੀਸੀ/ਐੱਸਡੀਐੱਮ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਲਾ ਕੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀਆਂ ਥੱਲੇ ਦਰੜ ਕੇ ਸ਼ਹੀਦ ਕਰਨ ਦੀ ਸਾਜਿਸ਼ ਦੇ ਮੁੱਖ ਘਾੜੇ ਕੇਂਦਰੀ ਮੰਤਰੀ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। 

ਅੱਜ ਉਤਾਰਨਗੇ ਕਿਸਾਨ ਸਰਕਾਰ ਦੇ ਪ੍ਰਚਾਰ ਫਲੈਕਸ

ਕਿਸਾਨ ਭਲਕੇ ਬੁੱਧਵਾਰ ਨੂੰ ਬੱਸਾਂ, ਬਾਜ਼ਾਰਾਂ, ਸੜਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਲੱਗੇ ਪੰਜਾਬ ਸਰਕਾਰ ਦੇ ਮੁਆਵਜ਼ੇ ਵਾਲੇ ਫਲੈਕਸ ਬੋਰਡ ਉਤਾਰੇਗੀ। ‘ਘਰ-ਘਰ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ’ ਵਾਲੇ ਕਾਫ਼ੀ ਬੋਰਡਾਂ ’ਤੇ ਫ਼ਸਲਾਂ ਦੇ ਮੁਆਵਜ਼ੇ ਦਾ ਜ਼ਿਕਰ ਹੈ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਸੁਆਲ ਚੁੱਕਿਆ ਕਿ ਜਦੋਂ ਸਰਕਾਰ ਨੇ ਇੱਕ ਵੀ ਪੈਸਾ ਮੁਆਵਜ਼ੇ ਵਜੋਂ ਕਿਸਾਨਾਂ ਨੂੰ ਦਿੱਤਾ ਹੀ ਨਹੀਂ ਤਾਂ ਇਹ ਪ੍ਰਚਾਰ ਕਾਹਦਾ?

With Thanks Refrence to: https://www.punjabitribuneonline.com/news/punjab/mini-secretariat-39sealed39-by-farmers-in-bathinda-109509

Spread the love