ਕਾਂਗਰਸ ਪ੍ਰਧਾਨਗੀ ਦੀ ਚੋਣ: ਖੜਗੇ ਬਨਾਮ ਥਰੂਰ ਮੁਕਾਬਲੇ ਲਈ ਵੋਟਿੰਗ ਸ਼ੁਰੂ
ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਾਂ ਪੈਣ ਦਾ ਅਮਲ ਅੱਜ ਸਵੇਰੇ 10 ਵਜੇ ਸ਼ੁਰੂ ਹੋ ਗਿਆ। ਪਾਰਟੀ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਏਆਈਸੀਸੀ ਮੁਖੀ ਦੇ ਅਹੁਦੇ ਲਈ ਮੈਦਾਨ ਵਿੱਚ ਹਨ। ਇਲੈਕਟੋਰਲ ਕਾਲਜ ਵਿੱਚ ਸ਼ਾਮਲ ਪ੍ਰਦੇਸ਼ ਕਾਂਗਰਸ ਕਮੇਟੀ ਦੇ 9000 ਤੋਂ ਵੱਧ ਡੈਲੀਗੇਟ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਗੁਪਤ ਵੋਟ ਜ਼ਰੀਏ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ। ਕੌਮੀ ਰਾਜਧਾਨੀ ਵਿੱਚ ਵੋਟਿੰਗ ਲਈ ਏਆਈਸੀਸੀ ਹੈੱਡਕੁਆਰਟਰ ਵਿੱਚ ਪੋਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਜਦੋਂਕਿ ਪਾਰਟੀ ਦੇ ਸੂਬਾਈ ਦਫ਼ਤਰਾਂ ਵਿੱਚ ਵੀ ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਗਾਂਧੀ ਪਰਿਵਾਰ ਨਾਲ ਨੇੜਤਾ ਤੇ ਸੀਨੀਅਰ ਆਗੂਆਂ ਦੀ ਹਮਾਇਤ ਕਰਕੇ ਖੜਗੇ ਨੂੰ ਪਸੰਦੀਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ ਜਦੋਂਕਿ ਥਰੂਰ ਨੇ ਚੋਣ ਪ੍ਰਚਾਰ ਦੌਰਾਨ ਖ਼ੁਦ ਨੂੰ ਬਦਲਾਅ ਲਿਆਉਣ ਵਾਲੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ।ਇਸ ਦੌਰਾਨ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਏਆਈਸੀਸੀ ਹੈੱਡਕੁਆਰਟਰ ਵਿੱਚ ਆਪਣੀ ਵੋਟ ਪਾਈ। ਇਸ ਮੌਕੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਆਪਣੀ ਮਾਂ ਨਾਲ ਮੌਜੂਦ ਸਨ।
With Thanks Reference to: https://www.punjabitribuneonline.com/news/nation/congress-president-election-voting-begins-for-kharge-vs-tharoor-contest-186185