ਕਤਰ: ਫੁਟਬਾਲ ਮਹਾਕੁੰਭ ਦਾ ਸ਼ਾਨਦਾਰ ਆਗਾਜ਼
ਕਤਰ ਵਿੱਚ ਅੱਜ ਫੀਫਾ ਫੁਟਬਾਲ ਵਿਸ਼ਵ ਕੱਪ ਦਾ ਆਗਾਜ਼ ਰੰਗਾਰੰਗ ਪ੍ਰੋਗਰਾਮ ਨਾਲ ਆਲਮੀ ਨੇਤਾਵਾਂ ਅਤੇ ਫੁਟਬਾਲ ਪ੍ਰਸ਼ੰਸਕਾਂ ਸਾਹਮਣੇ ਹੋਇਆ। ਮੱਧ ੲੇਸ਼ੀਆ ਵਿੱਚ ਫੁਟਬਾਲ ਦਾ ਇਹ ਮਹਾਕੁੰਭ ਪਹਿਲੀ ਵਾਰ ਹੋ ਰਿਹਾ ਹੈ। ਵਿਸ਼ਵ ਕੱਪ ਵਿੱਚ ਦੁਨੀਆ ਦੀਆਂ 32 ਟੀਮਾਂ ਇਹ ਆਲਮੀ ਖ਼ਿਤਾਬ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਕਰਨਗੀਆਂ। ਕਤਰ ਦੇ ਸ਼ਾਸਕ ਆਮਿਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨੇ ਵਿਸ਼ਵ ਕੱਪ ਦਾ ਉਦਘਾਟਨ ਕੀਤਾ ਅਤੇ ਟੂਰਨਾਮੈਂਟ ਦੀ ਕਾਮਯਾਬੀ ਲਈ ਸਾਰੇ ਧਰਮਾਂ ਤੇ ਮਹਾਦੀਪਾਂ ਦੇ ਲੋਕਾਂ ਨੂੰ ਆਪਣੇ ਮੱਤਭੇਦ ਪਾਸੇ ਰੱਖਣ ਦਾ ਸੱਦਾ ਦਿੱਤਾ।
ਉਦਘਾਟਨੀ ਸਮਾਗਮ ਅਮਰੀਕੀ ਅਦਾਕਾਰ ਮੌਰਗਨ ਫਰੀਮੈਨ ਦੀ ਮਿੱਠੀ ਆਵਾਜ਼ ਅਤੇ ਊਠਾਂ ਨਾਲ ਇੱਕ ਅਰਬੀ ਥੀਮ ਸਣੇ ‘ਸਾਰਿਆਂ ਦਾ ਸਵਾਗਤ ਹੈ’ ਦੇ ਵਾਅਦੇ ਨਾਲ ਸ਼ੁਰੂ ਹੋਇਆ। ਖੇਤਰੀ ਬਾਈਕਾਟ ਅਤੇ ਕੌਮਾਂਤਰੀ ਆਲੋਚਨਾ ਮਗਰੋਂ ਪ੍ਰਸ਼ੰਸਕਾਂ ਨੇ ਵਿਸ਼ਵ ਕੱਪ ਲਈ ਕਾਫੀ ਉਤਸ਼ਾਹ ਦਿਖਾਇਆ। ਇਸ ਮੌਕੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼, ਅਲਜੀਰੀਆ ਦੇ ਰਾਸ਼ਟਰਪਤੀ ਅਬਦਲਮਾਜਿਦ ਤੈਬੌਨ, ਮਿਸਰ ਦੇ ਰਾਸ਼ਟਰਪਤੀ ਅਬਦਲ ਫਤਾਹ ਅਲ-ਸਿਸੀ, ਸੈਨੇਗਲ ਦੇ ਰਾਸ਼ਟਰਪਤੀ ਮੈਕੀ ਸਾਲ, ਫਲਸਤੀਨ ਦੇ ਰਾਸ਼ਟਰਪਤੀ ਮੁਹੰਮਦ ਅਬਾਸ ਅਤੇ ਰਵਾਂਡਾ ਦੇ ਰਾਸ਼ਟਰਪਤੀ ਪੌਲ ਕਾਗਾਮੇ ਮੌਜੂਦ ਸਨ। ਕਤਰ ਦੇ ਸ਼ਾਸਕ ਨੇ ਵਿਸ਼ਵ ਕੱਪ ਦਾ ਉਦਘਾਟਨ ਕੀਤਾ ਤੇ ਟੂਰਨਾਮੈਂਟ ਦੀ ਕਾਮਯਾਬੀ ਲਈ ਸਾਰੇ ਧਰਮਾਂ ਤੇ ਮਹਾਦੀਪਾਂ ਦੇ ਲੋਕਾਂ ਨੂੰ ਆਪਣੇ ਮਤਭੇਦ ਪਾਸੇ ਰੱਖਣ ਦਾ ਸੱਦਾ ਦਿੱਤਾ। ਟੈਂਟ ਦੇ ਆਕਾਰ ਵਾਲੇ ਸਟੇਡੀਅਮ ਵਿੱਚ ਉਦਘਾਟਨੀ ਭਾਸ਼ਣ ਮੌਕੇ ਆਮਿਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨੇ ਕਿਹਾ, ‘‘ਸਾਰੇ ਧਰਮਾਂ, ਮੁਲਕਾਂ ਤੇ ਖਿੱਤਿਆਂ ਦੇ ਲੋਕ ਇੱਥੇ ਕਤਰ ਵਿੱਚ ਇਕੱਠੇ ਹੋਣਗੇ ਅਤੇ ਵੱਖ-ਵੱਖ ਮਹਾਂਦੀਪਾਂ ਵਿੱਚ ਸਕਰੀਨਾਂ ’ਤੇ ਆਪਣੇ ਉਤਸ਼ਾਹਜਨਕ ਪਲ ਸਾਂਝੇ ਕਰਨਗੇ।’’ ਸ਼ੇਖ ਤਮੀਮ ਉਦਘਾਟਨੀ ਸਮਾਗਮ ਮੌਕੇ ਫੀਫਾ ਪ੍ਰਧਾਨ ਜੀ. ਇਨਫੈਂਟੀਨੋ ਨਾਲ ਸਟੇਡੀਅਮ ਵਿੱਚ ਪਹੁੰਚੇ ਜਿੱਥੇ ਦਰਸ਼ਕਾਂ ਅਤੇ ਹੋਰ ਅਰਬ ਨੇਤਾਵਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਮੇਜ਼ਬਾਨ ਕਤਰ ਅਤੇ ਇਕੁਆਡੋਰ ਦੀਆਂ ਟੀਮਾਂ ਵਿਚਾਲੇ ਹੋਣ ਵਾਲੇ ਉਦਘਾਟਨੀ ਮੈਚ ਤੋਂ ਪਹਿਲਾਂ ਅਲ ਬਾਇਤ ਸਟੇਡੀਅਮ ਵਿੱਚ ਸਾਊਦੀ ਅਰਬ ਦੇ ਸ਼ਹਿਜ਼ਾਦੇ ਅਤੇ ਮਿਸਰ, ਤੁਰਕੀ ਅਤੇ ਅਲਜੀਰੀਆ ਦੇ ਰਾਸ਼ਟਰਪਤੀ ਵੀ ਹਾਜ਼ਰ ਸਨ। ਕੁਵੈਤ ਦੇ ਸ਼ਹਿਜ਼ਾਦੇ ਨੇ ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਅਤੇ ਜਿਬੂਤੀ ਦੇ ਰਾਸ਼ਟਰਪਤੀ ਨਾਲ ਸ਼ਿਰਕਤ ਕੀਤੀ।
ਸਾਬਕਾ ਫੁਟਬਾਲਰ ਬਾਬੂ ਮਨੀ ਦੇ ਦੇਹਾਂਤ ’ਤੇ ਫੈਡਰੇਸ਼ਨ ਵੱਲੋਂ ਸੰਵੇਦਨਾ ਜ਼ਾਹਿਰ
ਨਵੀਂ ਦਿੱਲੀ: ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੇ ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਬਾਬੂ ਮਨੀ ਦੇ ਦੇਹਾਂਤ ਉਤੇ ਸੰਵੇਦਨਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨੀ ਨੂੰ ਮੈਦਾਨ ’ਤੇ ਦਿਖਾਏ ਜੌਹਰ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਬਕਾ ਕਪਤਾਨ ਦੀ ਸ਼ਨਿਚਰਵਾਰ 59 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ। ਆਪਣੇ ਸਮਿਆਂ ਦੇ ਮਾਹਿਰ ਫਾਰਵਰਡ ਖਿਡਾਰੀ ਵਜੋਂ ਜਾਣੇ ਜਾਂਦੇ ਮਨੀ ਨੇ 1984 ਵਿਚ ਕੋਲਕਾਤਾ ’ਚ ਨਹਿਰੂ ਕੱਪ ਤੋਂ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਅਰਜਨਟੀਨਾ ਖ਼ਿਲਾਫ਼ ਮੈਚ ਖੇਡਿਆ ਸੀ ਜਿਸ ਨੇ ਦੋ ਸਾਲ ਬਾਅਦ ਵਿਸ਼ਵ ਕੱਪ ਜਿੱਤਿਆ। ਮਨੀ ਨੇ ਭਾਰਤ ਵੱਲੋਂ 55 ਕੌਮਾਂਤਰੀ ਮੈਚ ਖੇਡੇ। ਉਹ ਉਸ ਭਾਰਤੀ ਟੀਮ ਦਾ ਵੀ ਹਿੱਸਾ ਸਨ ਜਿਸ ਨੇ 1984 ਵਿਚ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਸੀ। ਮਨੀ ਨੇ ਦੋ ਵਾਰ ਸੈਫ ਖੇਡਾਂ ਵਿਚ ਸੋਨ ਤਗਮਾ ਵੀ ਜਿੱਤਿਆ।
ਉਪ ਰਾਸ਼ਟਰਪਤੀ ਜਗਦੀਪ ਧਨਖੜ ਦੋਹਾ ਪੁੱਜੇ
ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਖਾੜੀ ਦੇਸ਼ ਦੇ ਦੋ ਰੋਜ਼ਾ ਦੌਰੇ ’ਤੇ ਦੋਹਾ ਪਹੁੰਚ ਗਏ ਹਨ। ਇਸ ਦੌਰਾਨ ਉਹ ਫੀਫਾ 2022 ਵਿਸ਼ਵ ਕੱਪ ਦੇ ਉਦਘਾਟਨੀ ਸਮਾਗਮ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਧਨਖੜ ਕਤਰ ਰਾਜ ਦੇ ਆਮਿਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੇ ਸੱਦੇ ’ਤੇ ਦੋਹਾ ਦਾ ਦੌਰਾ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, “ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਦੋਹਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ।’’ ਫੁਟਬਾਲ ਵਿਸ਼ਵ ਕੱਪ ਦੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣ ਤੋਂ ਇਲਾਵਾ ਉਪ ਰਾਸ਼ਟਰਪਤੀ ਆਪਣੇ ਦੌਰੇ ਦੌਰਾਨ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਨਗੇ।
ਟਾਈਲਰ ਐਡਮਜ਼ ਨੂੰ ਸੌਂਪੀ ਅਮਰੀਕਾ ਫੁਟਬਾਲ ਟੀਮ ਦੀ ਕਮਾਨ
ਦੋਹਾ:ਟਾਈਲਰ ਐਡਮਜ਼ ਨੂੰ ਫੀਫਾ ਵਿਸ਼ਵ ਕੱਪ ਵਿੱਚ ਅਮਰੀਕਾ ਫੁਟਬਾਲ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਉਸ ਦੀ ਉਮਰ 23 ਸਾਲ ਹੈ ਅਤੇ ਉਹ ਇਸ ਸਾਲ ਦੇ ਟੂਰਨਾਮੈਂਟ ਵਿੱਚ ਸਭ ਤੋਂ ਛੋਟੀ ਉਮਰ ਦਾ ਕਪਤਾਨ ਹੈ। ਉਹ 1950 ਵਿੱਚ ਵਾਲਟਰ ਬੇਹਰ ਮਗਰੋਂ ਫੁਟਬਾਲ ਵਿਸ਼ਵ ਕੱਪ ਵਿੱਚ ਅਮਰੀਕਾ ਦੀ ਕਮਾਨ ਸੰਭਾਲਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਹੈ। ਇਸ ਸਾਲ ਦੇ ਵਿਸ਼ਵ ਕੱਪ ਲਈ ਐਲਾਨੇ 32 ਕਪਤਾਨਾਂ ਵਿੱਚੋਂ ਐਡਮਜ਼ 30 ਸਾਲ ਤੋਂ ਘੱਟ ਉਮਰ ਦਾ ਸਿਰਫ਼ ਦੂਸਰਾ ਕਪਤਾਨ ਹੈ। ਉਸ ਤੋਂ ਇਲਾਵਾ ਇੰਗਲੈਂਡ ਦਾ ਫਾਰਵਰਡ ਹੈਰੀ ਕੇਨ 29 ਸਾਲ ਦਾ ਹੈ। ਉਹ 2018 ਵਿਸ਼ਵ ਕੱਪ ਤੋਂ ਟੀਮ ਦੀ ਕਪਤਾਨੀ ਕਰ ਰਿਹਾ ਹੈ। ਕਪਤਾਨੀ ਸੰਭਾਲਣ ਮੌਕੇ ਕੇਨ ਦੀ ਉਮਰ 24 ਸਾਲ ਸੀ। ਅਮਰੀਕਾ ਦੇ ਕੋਚ ਗ੍ਰੈੱਗ ਬੇਰਹਾਲਟਰ ਨੇ ਵਿਸ਼ਵ ਕੱਪ ਮੈਚ ਵਿੱਚ ਅਮਰੀਕਾ ਦੀ ਵੇਲਜ਼ ਨਾਲ ਟੱਕਰ ਤੋਂ ਇੱਕ ਦਿਨ ਪਹਿਲਾਂ ਅੱਜ ਕਪਤਾਨ ਵਜੋਂ ਐਡਮਜ਼ ਦੇ ਨਾਮ ਦਾ ਐਲਾਨ ਕੀਤਾ। ਅਮਰੀਕਾ ਦਾ ਇਹ ਸਾਲ 2014 ਮਗਰੋਂ ਵਿਸ਼ਵ ਕੱਪ ਵਿੱਚ ਪਹਿਲਾ ਮੁਕਾਬਲਾ ਹੈ। ਬੇਰਹਾਲਟਰ ਨੇ ਕਿਹਾ, ‘‘ਐਡਮਜ਼ ਆਪਣੇ ਕੰਮ ਅਤੇ ਆਪਣੇ ਸ਼ਬਦਾਂ ਨਾਲ ਅਗਵਾਈ ਕਰਦਾ ਹੈ।’’ ਨਿਊਯਾਰਕ ਦੇ ਵੈਪਿੰਗਰ ਵਾਸੀ ਐਡਮਸ ਇਸ ਤੋਂ ਪਹਿਲਾਂ ਨੌਂ ਵਾਰ ਕੌਮੀ ਟੀਮ ਦੀ ਕਪਤਾਨੀ ਕਰ ਚੁੱਕਿਆ ਹੈ। ਉਸ ਦੀ ਅਗਵਾਈ ਵਿੱਚ ਟੀਮ ਨੇ ਸੱਤ ਮੈਚ ਜਿੱਤੇ ਹਨ।
ਭਾਰਤ ’ਚ ਲੋੜੀਂਦੇ ਜ਼ਾਕਿਰ ਨਾਇਕ ਨੂੰ ਕਤਰ ਵੱਲੋਂ ਫੁੱਟਬਾਲ ਵਿਸ਼ਵ ਕੱਪ ਲਈ ਸੱਦਾ
ਨਵੀਂ ਦਿੱਲੀ (ਟਨਸ):ਭਾਰਤ ’ਚ ਵੱਖ ਵੱਖ ਧਾਰਮਿਕ ਭਾਈਚਾਰਿਆਂ ਦਰਮਿਆਨ ਨਫਰਤ ਫੈਲਾਉਣ ਅਤੇ ਨੌਜਵਾਨਾਂ ਨੂੰ ਅਤਿਵਾਦੀ ਗਤੀਵਿਧੀਆਂ ਲਈ ਉਕਸਾਉਣ ਦੇ ਮਾਮਲੇ ’ਚ ਭਾਰਤ ਨੂੰ ਲੋੜੀਂਦੇ ਮੁਸਲਿਮ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਕਤਰ ਵੱਲੋਂ ਫੁੱਟਬਾਲ ਵਿਸ਼ਵ ਕੱਪ ਦੌਰਾਨ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋਹਾ ਤੋਂ 35 ਕਿਲੋਮੀਟਰ ਦੂਰ ਸਟੇਡੀਅਮ ’ਚ ਅੱਜ ਤੋਂ ਫੁੱਟਬਾਲ ਕੱਪ ਸ਼ੁਰੂ ਹੋ ਰਿਹਾ ਹੈ। ਨਾਇਕ ਵੱਲੋਂ ਜਨਤਕ ਤੌਰ ’ਤੇ ਸੰਬੋਧਨ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਮੁੱਦੇ ਨੂੰ ਲੈ ਕੇ ਇਤਰਾਜ਼ ਉਠਾਏ ਜਾ ਰਹੇ ਹਨ। ਨਫਰਤੀ ਤਕਰੀਰਾਂ ਤੇ ਮਨੀ ਲਾਂਡਰਿੰਗ ਸਮੇਤ ਹੋਰ ਦੋਸ਼ ਲੱਗਣ ਤੋਂ ਬਾਅਦ 2016 ’ਚ ਜ਼ਾਕਿਰ ਭਾਰਤ ਤੋਂ ਭੱਜ ਕੇ ਮਲੇਸ਼ੀਆ ਚਲਾ ਗਿਆ ਸੀ, ਜਿੱਥੇ ਤਿੰਨ ਸਾਲ ਪਹਿਲਾਂ ਉਸ ਦੇ ਭਾਸ਼ਣਾਂ ’ਤੇ ਪਾਬੰਦੀ ਲਾਈ ਗਈ ਸੀ। ਭਾਰਤ ਤੋਂਇਲਾਵਾ ਬੰਗਲਾਦੇਸ਼, ਕੈਨੇਡਾ, ਸ੍ਰੀਲੰਕਾ ਤੇ ਬਰਤਾਨੀਆ ਨੇ ਵੀ ਜ਼ਾਕਿਰ ਨਾਇਰ ਦੇ ‘ਪੀਸ ਟੀਵੀ’ ’ਤੇ ਪਾਬੰਦੀ ਲਾਈ ਹੋਈ ਹੈ। ਜ਼ਾਕਿਰ ਨਾਇਕ ’ਤੇ ਦੋਸ਼ ਹੈ ਕਿ ਉਸ ਨੇ ਸਾਲ 2016 ’ਚ ਢਾਕਾ ਵਿੱਚ ਹੋਏ ਬੰਬ ਧਮਾਕੇ ਦੇ ਮੁਲਜ਼ਮਾਂ ਨੂੰ ਇਸ ਹਮਲੇ ਲਈ ਭੜਕਾਇਆ ਸੀ। ਇਸ ਧਮਾਕੇ ’ਚ 17 ਵਿਦੇਸ਼ੀਆਂ ਸਮੇਤ 20 ਜਣਿਆਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਸਾਲ 2019 ’ਚ ਈਸਟਰ ਮੌਕੇ ਸ੍ਰੀਲੰਕਾ ’ਚ ਹੋਏ ਬੰਬ ਧਮਾਕਿਆਂ ’ਚ ਵੀ ਜ਼ਾਕਿਰ ਨਾਇਕ ਦਾ ਨਾਂ ਸਾਹਮਣੇ ਆਇਆ ਸੀ। ਆਈਐੱਸਆਈਐੱਸ ਨਾਲ ਜੁੜੇ ਰਹੇ ਜੋ ਲੋਕ ਗ੍ਰਿਫ਼ਤਾਰ ਕੀਤੇ ਗਏ, ਉਨ੍ਹਾਂ ’ਚੋਂ ਕੁਝ ਨੇ ਇਕਬਾਲ ਕੀਤਾ ਕਿ ਜ਼ਾਕਿਰ ਨਾਲ ਮੁਲਾਕਾਤ ਤੋਂ ਬਾਅਦ ਹੀ ਉਨ੍ਹਾਂ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਸੀ।ਜ਼ਾਕਿਰ ਨਾਇਕ ਨੂੰ ਮਲੇਸ਼ੀਆ ’ਚ ਸਥਾਈ ਰਿਹਾਇਸ਼ ਮਿਲੀ ਹੋਈ ਹੈ ਪਰ 2019 ’ਚ ਉਸ ’ਤੇ ਜਨਤਕ ਤੌਰ ’ਤੇ ਸੰਬੋਧਨ ਕਰਨ ਦੀ ਪਾਬੰਦੀ ਲਾਈ ਸੀ। ਉਸ ਨੇ ਮਲੇਸ਼ਿਆਈ ਚੀਨੀਆਂ ਨੂੰ ਵਾਪਸ ਜਾਣ ਲਈ ਕਿਹਾ ਸੀ ਤੇ ਮਲੇਸ਼ੀਆ ਵਿਚਲੇ ਹਿੰਦੂਆਂ ਦਾ ਮੁਕਾਬਲਾ ਭਾਰਤ ਵਿਚਲੇ ਮੁਸਲਮਾਨਾਂ ਨਾਲ ਕੀਤਾ ਸੀ।
With Thanks Reference to: https://www.punjabitribuneonline.com/news/sports/qatar-football-mahakumbh-kicks-off-193763