ਅੰਗੀਠੀ ਦਾ ਧੂੰਆਂ ਚੜ੍ਹਨ ਨਾਲ ਪੰਜ ਮਜ਼ਦੂਰਾਂ ਦੀ ਮੌਤ

2023_1$largeimg_2008046888

ਇਥੋਂ ਨੇੜਲੇ ਪਿੰਡ ਛਾਹੜ ਦੇ ਰਾਈਸ ਸ਼ੈੱਲਰ ਦੇ ਕੁਆਰਟਰਾਂ ਵਿੱਚ ਬੀਤੀ ਰਾਤ ਅੰਗੀਠੀ ਦਾ ਧੂੰਆਂ ਚੜ੍ਹਨ ਕਾਰਨ ਪੰਜ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਇਕ ਹੋਰ ਬੇਹੋਸ਼ ਮਿਲਿਆ ਹੈ। ਜਾਣਕਾਰੀ ਮੁਤਾਬਕ ਮਜ਼ਦੂਰਾਂ ਨੇ ਠੰਢ ਤੋਂ ਬਚਣ ਲਈ ਅੰਗੀਠੀ ਬਾਲੀ ਹੋਈ ਸੀ। ਪੁਲੀਸ ਨੇ ਮੌਕੇ ਦਾ ਦੌਰਾ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। (ਪਿੰਡ ਛਾਹੜ ਵਿੱਚ ਜਾਂਚ ਕਰਦੀ ਹੋਈ ਪੁਲੀਸ ।)ਸੰਗਰੂਰ ਤੋਂ ਫੋਰੈਂਸਿਕ ਦੀਆਂ ਟੀਮਾਂ ਵੀ ਮੰਗਵਾਈਆਂ ਗਈਆਂ ਹਨ। ਮ੍ਰਿਤਕ ਸਾਰੇ ਹੀ ਮਜ਼ਦੂਰ ਬਿਹਾਰ ਦੇ ਬੇਗੂਸਰਾਏ ਦੇ ਦੱਸੇ ਜਾ ਰਹੇ ਹਨ। ਮਜ਼ਦੂਰਾਂ ਦੇ ਬਿਹਾਰੀ ਠੇਕੇਦਾਰ ਜਰਮਨ ਮੁਖੀਆ ਨੇ ਦੱਸਿਆ ਕਿ ਐਤਵਾਰ ਰਾਤ 12 ਵਜੇ ਦੇ ਕਰੀਬ ਉਹ ਆਪਣਾ ਕੰਮ ਨਿਬੇੜਨ ਮਗਰੋਂ ਰੋਟੀ-ਪਾਣੀ ਖਾ ਕੇ ਸ਼ੈੱਲਰ ਵਿੱਚ ਬਣੇ ਕੁਆਰਟਰਾਂ ਵਿੱਚ ਸੌਂ ਗ‌ਏ ਸਨ। ਜਦੋਂ ਸਵੇਰੇ 7 ਵਜੇ ਮਜ਼ਦੂਰਾਂ ਨੂੰ ਉਠਾਇਆ ਗਿਆ ਤਾਂ ਉਹ ਨਹੀਂ ਉੱਠੇ। ਇਨ੍ਹਾਂ ਵਿਚੋਂ ਸਤ ਨਾਰਾਇਣ, ਸਚਿਨ, ਕਰਨ, ਰਾਧੇ ਸ਼ਿਆਮ ਅਤੇ ਅੰਤ ਕੁਮਾਰ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਛੇਵਾਂ ਮਜ਼ਦੂਰ ਰੁਦਰ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਜਿਸ ਨੂੰ ਇਲਾਜ ਲਈ ਸੁਨਾਮ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਠੇਕੇਦਾਰ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਛਾਜਲੀ ’ਚ ਧਾਰਾ 176 ਤਹਿਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੀਤ ਲਹਿਰ ਨਾਲ ਮਾਲਵਾ ਕੰਬਿਆ

ਬਠਿੰਡਾ (ਸ਼ਗਨ ਕਟਾਰੀਆ):ਮਾਲਵੇ ’ਚ ਸੰਘਣੀ ਧੁੰਦ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਧੁੰਦ ਕਾਰਨ ਜਨ-ਜੀਵਨ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ। ਖੁੱਲ੍ਹੀਆਂ ਥਾਵਾਂ ’ਤੇ ਅੱਜ ਸੁਵਖ਼ਤੇ ਕੋਹਰੇ ਦਾ ਕਹਿਰ ਵੀ ਵੇਖਣ ਨੂੰ ਮਿਲਿਆ। ਤਰੇਲ ਦੀਆਂ ਡਿੱਗ ਰਹੀਆਂ ਮੋਟੀਆਂ ਬੂੰਦਾਂ ਕਿਣਮਿਣ ਦਾ ਅਹਿਸਾਸ ਕਰਾਉਂਦੀਆਂ ਰਹੀਆਂ। ਸੜਕਾਂ ’ਤੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ ਅਤੇ ਵਾਹਨ ਧੀਮੀ ਚਾਲ ਨਾਲ ਆਪਣੀਆਂ ਮੰਜ਼ਿਲਾਂ ਵੱਲ ਵਧ ਰਹੇ ਸਨ। ਬਠਿੰਡਾ ’ਚ ਅੱਜ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 11 ਡਿਗਰੀ ਸੈਲੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਿਕ ਮੌਸਮ ਦਾ ਇਹ ਮਿਜ਼ਾਜ 10 ਜਨਵਰੀ ਨੂੰ ਬਰਕਰਾਰ ਰਹਿਣ ਦੀ ਸੰਭਾਵਨਾ ਹੈ।

With Thanks Reference to: https://www.punjabitribuneonline.com/news/bathinda/five-workers-died-due-to-the-smoke-rising-from-the-embers-204138

Spread the love