ਬੈਂਕ ਮੁਲਾਜ਼ਮਾਂ ਵੱਲੋਂ ਦੇਸ਼ ਭਰ ਵਿੱਚ ਪ੍ਰਦਰਸ਼ਨ
ਸਰਕਾਰੀ ਬੈਂਕਾਂ ਦੇ ਨਿੱਜੀਕਰਨ ਖਿਲਾਫ਼ ਬੈਂਕ ਮੁਲਾਜ਼ਮਾਂ ਦੀ ਅੱਜ ਤੋਂ ਸ਼ੁਰੂ ਹੋਈ ਦੋ ਰੋਜ਼ਾ ਦੇਸ਼ਵਿਆਪੀ ਹੜਤਾਲ ਦੇ ਪਹਿਲੇ ਦਿਨ ਬੈਂਕਿੰਗ ਸੇਵਾਵਾਂ ਵੱਡੇ ਪੱਧਰ ’ਤੇ ਅਸਰਅੰਦਾਜ਼ ਹੋਈਆਂ। ਹੜਤਾਲ ਕਰਕੇ ਪਹਿਲੇ ਦਿਨ 18,600 ਕਰੋੜ ਰੁਪਏ ਦਾ ਲੈਣ-ਦੇਣ ਰੁਕ ਗਿਆ। ਲੋਕ ਬੈਂਕਾਂ ’ਚ ਪੈਸੇ ਜਮ੍ਹਾਂ ਕਰਵਾਉਣ ਤੇ ਕਢਵਾਉਣ ਅਤੇ ਚੈੱਕ ਕਲੀਅਰੈਂਸ ਜਿਹੀਆਂ ਮੁਸ਼ਕਲਾਂ ਨਾਲ ਜੂਝਦੇ ਰਹੇ। ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਤੇ ਬੈਂਕ ਆਫ਼ ਇੰਡੀਆ ਸਮੇਤ ਹੋਰਨਾਂ ਕਈ ਸਰਕਾਰੀ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹੀਆਂ। ਹੜਤਾਲ ਕਰਕੇ ਭਲਕੇ ਸ਼ੁੱਕਰਵਾਰ ਨੂੰ ਵੀ ਬੈਂਕਿੰਗ ਸੇਵਾਵਾਂ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਉਧਰ ਨਿੱਜੀ ਖੇਤਰ ਦੇ ਬੈਂਕਾਂ ਨੇ ਅੱਜ ਆਮ ਵਾਂਗ ਕੰਮਕਾਜ ਕੀਤਾ, ਹਾਲਾਂਕਿ ਉਨ੍ਹਾਂ ਨੂੰ ਵੀ ਅੰਤਰ-ਬੈਂਕ ਚੈੱਕ ਕਲੀਅਰੈਂਸ ਦੀ ਮੁਸ਼ਕਲ ਨਾਲ ਦੋ ਚਾਰ ਹੋਣਾ ਪਿਆ। ਹੜਤਾਲ ਦਾ ਸੱਦਾ ਨੌਂ ਬੈਂਕ ਯੂਨੀਅਨਾਂ ਦੀ ਸ਼ਮੂਲੀਅਤ ਵਾਲੀ ਯੂਨਾਈਟਿਫ ਫੋਰਮ ਆਫ਼ ਬੈਂਕ ਯੂਨੀਅਨ (ਯੂਐੱਫਬੀਯੂ) ਨੇ ਦਿੱਤਾ ਸੀ। ਏਟੀਐੱਮ ਆਮ ਦਿਨਾਂ ਵਾਂਗ ਚੱਲਣ ਕਰਕੇ ਲੋਕਾਂ ਨੇ ਕੁਝ ਰਾਹੁਤ ਮਹਿਸੂਸ ਕੀਤੀ। ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਦੇ ਜਨਰਲ ਸਕੱਤਰ ਸੀ.ਐੱਚ.ਵੈਂਕਟਾਚਲਮ ਮੁਤਾਬਕ ਹੜਤਾਲ ਕਰਕੇ 18,600 ਕਰੋੜ ਰੁਪਏ ਮੁੱਲ ਦੇ 20.4 ਲੱਖ ਚੈੱਕਾਂ ਦਾ ਲੈਣ-ਦੇਣ ਨਹੀਂ ਹੋ ਸਕਿਆ। ਐੱਸਬੀਆਈ ਸਮੇਤ ਹੋਰਨਾਂ ਸਰਕਾਰੀ ਬੈਂਕਾਂ ਨੇ ਹੜਤਾਲ ਦੇ ਸੱਦੇ ਕਰਕੇ ਅਗਾਊਂ ਹੀ ਆਪਣੇ ਗਾਹਕਾਂ ਨੂੰ ਸੇਵਾਵਾਂ ਅਸਰਅੰਦਾਜ਼ ਹੋਣ ਬਾਰੇ ਦੱਸ ਦਿੱਤਾ ਸੀ।
With Thanks Refrence to: https://www.punjabitribuneonline.com/news/nation/demonstrations-by-bank-employees-across-the-country-120036