ਪੰਜਾਬ ’ਚ ‘ਆਯੁਸ਼ਮਾਨ ਭਾਰਤ’ ਸਕੀਮ ਤਹਿਤ ਬੰਦ ਹੋਇਆ ਲੋਕਾਂ ਦਾ ਇਲਾਜ
ਲੁਧਿਆਣਾ (ਸਹਿਗਲ) – ਪੰਜਾਬ ’ਚ ਪ੍ਰਾਈਵੇਟ ਹਸਪਤਾਲਾਂ ਨੇ ਆਯੁਸ਼ਮਾਨ ਭਾਰਤ ਸਕੀਮ ਤਹਿਤ ਲੋਕਾਂ ਦਾ ਮੁਫਤ ਹਸਪਤਾਲ ਇਲਾਜ ਕਰਨਾ ਬੰਦ ਕਰ ਦਿੱਤਾ ਹੈ ਅਤੇ ਸਰਕਾਰ ਤੋਂ ਪੈਸੇ ਨਾ ਮਿਲਣ ’ਤੇ ਬੇਵੱਸੀ ਦਾ ਪ੍ਰਗਟਾਵਾ ਕਰਦਿਆਂ ਉਕਤ ਸਕੀਮ ਤਹਿਤ ਇਲਾਜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਸਥਾਨਕ ਇਕ ਹੋਟਲ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਹਸਪਤਾਲ ਅਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਦੀ ਸਰਕਾਰ ਵੱਲ 650 ਕਰੋੜ ਰੁਪਏ ਦੀ ਬਕਾਇਆ ਰਕਮ ਖੜ੍ਹੀ ਹੈ, ਇਸ ਲਈ ਉਹ ਲੋਕਾਂ ਦਾ ਇਲਾਜ ਕਰਨ ’ਚ ਅਸਮਰਥ ਹਨ।
ਸੰਸਥਾ ਦੇ ਪ੍ਰਮੁੱਖ ਡਾਕਟਰ ਵਿਕਾਸ ਛਾਬੜਾ ਅਤੇ ਸਕੱਤਰ ਡਾ. ਦਿਵਿਆਂਸ਼ੂ ਗੁਪਤਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਦੇ 500 ਦੇ ਕਰੀਬ ਹਸਪਤਾਲ ਸਰਕਾਰੀ ਪੈਨਲ ’ਤੇ ਹਨ। ਉਨ੍ਹਾਂ ਕਿਹਾ ਕਿ ਪੈਸਿਆਂ ਦੀ ਘਾਟ ਕਾਰਨ ਬਹੁਤ ਸਾਰੇ ਹਸਪਤਾਲ ਦੀਵਾਲੀਆ ਹੋਣ ਦੇ ਕੰਢੇ ’ਤੇ ਹਨ, ਜਿੱਥੇ ਉਨ੍ਹਾਂ ਕੋਲ ਨਾ ਤਾਂ ਦਵਾਈਆਂ ਲਈ, ਨਾ ਹੀ ਸਟਾਫ ਨੂੰ ਤਨਖਾਹਾਂ ਦੇਣ ਲਈ ਅਤੇ ਨਾ ਹੀ ਬਾਜ਼ਾਰ ਤੋਂ ਇੰਪਲਾਂਟ ਖਰੀਦ ਕੇ ਮਰੀਜ਼ਾਂ ’ਚ ਪਾਉਣ ਲਈ ਪੈਸੇ ਬਚੇ ਹਨ, ਜਿਸ ਕਾਰਨ ਉਹ ਇਸ ਸਕੀਮ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ।
ਉਹ 2 ਵਾਰ 7 ਅਗਸਤ ਅਤੇ 30 ਅਗਸਤ ਨੂੰ ਸਿਹਤ ਮੰਤਰੀ ਨੂੰ ਮਿਲ ਚੁੱਕੇ ਹਨ ਪਰ ਇਕੱਲੇ ਲੁਧਿਆਣਾ ’ਚ ਹੀ ਇਸ ਸਕੀਮ ਤਹਿਤ 70 ਦੇ ਕਰੀਬ ਹਸਪਤਾਲ ਕੰਮ ਕਰ ਰਹੇ ਹਨ ਅਤੇ ਕਈ ਹਸਪਤਾਲਾਂ ਦਾ ਬਕਾਇਆ 1 ਕਰੋੜ ਤੋਂ ਵੀ ਵਧ ਗਿਆ ਹੈ।
ਡਾਕਟਰਾਂ ਨੇ ਅੱਗੇ ਦੱਸਿਆ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਦੇ ਤਹਿਤ ਜਿਹੜੇ ਮਰੀਜ਼ਾਂ ਦੇ ਇਲਾਜ ਕੀਤੇ ਹਨ ਉਨਾਂ ਮਰੀਜ਼ਾਂ ਦੇ ਬਿੱਲ ਸਰਕਾਰ ਨੂੰ ਭੇਜੇ ਗਏ ਹਨ ਪਰ ਉਨ੍ਹਾਂ ਵੱਲੋਂ ਅਜੇ ਤੱਕ ਬਿੱਲਾਂ ਨੂੰ ਪਾਸ ਨਹੀਂ ਕੀਤਾ ਗਿਆ ਹੈ। ਜਿਹੜੇ ਬਿੱਲ ਪੰਜਾਬ ਸਰਕਾਰ ਨੂੰ ਭੇਜੇ ਗਏ ਹਨ ਉਸਦੀ ਰਕਮ 600 ਕਰੋੜ ਰੁਪਏ ਤੋਂ ਉੱਪਰ ਦੀ ਬਣਦੀ ਹੈ।
ਜਿਸ ਦੇ ਚੱਲਦੇ ਡਾਕਟਰਾਂ ਨੇ ਐਲਾਨ ਕੀਤਾ ਹੈ ਕਿ ਇਸ ਸਕੀਮ ਦੇ ਤਹਿਤ ਕਿਸੇ ਵੀ ਮਰੀਜ ਦਾ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਕੀਤਾ ਜਾਵੇਗਾ।
With Thanks Reference to:https://www.ptcnews.tv/news-in-punjabi/punjab-private-hospitals-clinics-stop-treatment-ayushman-bharat-patients-over-pending-bills-4398083 and https://jagbani.punjabkesari.in/punjab/news/ayushman-bharat-scheme-has-stopped-in-punjab-1510399