ਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਵਲੋਂ ਸੰਸਦ ਵੱਲ ਵਿਸ਼ਾਲ ਮਾਰਚ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਸਤੰਬਰ – ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਦੇ ਸਾਬਕਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਾਸ ਕੀਤੇ ਵਿਵਾਦਿਤ ਖੇਤੀ ਕਾਨੂੰਨਾਂ ਦੇ 17 ਸਤੰਬਰ ਨੂੰ ਇਕ ਸਾਲ ਪੂਰਾ ਹੋਣ ‘ਤੇ ਸ਼ੁੱਕਰਵਾਰ ਨੂੰ ਵਿਰੋਧ ਵਿਚ ‘ਕਾਲਾ ਦਿਵਸ’ ਮਨਾਉਂਦਿਆਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਹਜ਼ਾਰਾਂ ਵਰਕਰਾਂ ਵਲੋਂ ਦਿੱਲੀ ਸਥਿਤ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਵਲੋਂ ਰੋਸ ਮਾਰਚ ਕੀਤਾ ਗਿਆ ਪਰ ਪੁਲਿਸ ਵਲੋਂ ਕੀਤੇ ਗਏ ਭਾਰੀ ਬੰਦੋਬਸਤ ਕਾਰਨ ਉਹ ਅਜਿਹਾ ਨਹੀਂ ਕਰ ਸਕੇ, ਜਦੋਂਕਿ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸਮੇਤ ਪਾਰਟੀ ਦੇ 15 ਨੇਤਾਵਾਂ ਨੂੰ ਪੁਲਿਸ ਵਲੋਂ ਹਿਰਾਸਤ ‘ਚ ਲੈ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ‘ਚ ਸੰਸਦ ਮਾਰਗ ਪੁਲਿਸ ਥਾਣੇ ਲਿਜਾਇਆ ਗਿਆ |
‘ਬਲੈਕ ਫ੍ਰਾਈਡੇ’
ਸ਼੍ਰੋਮਣੀ ਅਕਾਲੀ ਦਲ ਨੇ 17 ਸਤੰਬਰ 2020 ਨੂੰ ਪਾਸ ਹੋਏ ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ ‘ਤੇ ‘ਬਲੈਕ ਫ੍ਰਾਈਡੇ’ ਭਾਵ ਕਾਲਾ ਦਿਵਸ ਮਨਾਇਆ | ਕਾਲੀਆਂ ਪੱਟੀਆਂ ਅਤੇ ਕਾਲੇ ਰੰਗ ਦੇ ਬੈਨਰ ਫੜ ਕੇ ਪਾਰਟੀ ਦੇ ਵਰਕਰਾਂ ਨੇ ਸਰਕਾਰ ਦੇ ਖ਼ਿਲਾਫ਼ ਅਤੇ ਕਿਸਾਨ ਪੱਖੀ ਜੰਮ ਕੇ ਨਾਅਰੇਬਾਜ਼ੀ ਕੀਤੀ | ਗੁਰਦੁਆਰਾ ਰਕਾਬ ਗੰਜ ਤੋਂ ਅਰਦਾਸ ਨਾਲ ਸ਼ੁਰੂ ਕੀਤੇ ਮਾਰਚ ਦੀ ਅਗਵਾਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਕੀਤੀ ਗਈ | ਇਸ ‘ਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਡਾ. ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ ਸਮੇਤ ਸਾਰੇ ਅਕਾਲੀ ਆਗੂ ਵਰਕਰਾਂ ‘ਚ ਜੋਸ਼ ਭਰਨ ਦੇ ਨਾਲ-ਨਾਲ ਵਾਰ-ਵਾਰ ਉਨ੍ਹਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਨਜ਼ਰ ਆਏ | ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰੇ ਤੋਂ ਸੰਸਦ ਭਵਨ ਅਨੈਕਸੀ ਤੱਕ ਦੇ ਸੰਖੇਪ ਜਿਹੇ ਰੋਸ ਮਾਰਚ ‘ਚ ਕਈ ਵਾਰ ਅਨੁਸਾਸ਼ਨ ‘ਚ ਰਹਿਣ ਦੀ ਤਾਗੀਦ ਕਰਦੇ ਨਜ਼ਰ ਆਏ | ਅਨੈਕਸੀ ਦੇ ਕੋਲ ਸਮੁੱਚੀ ਲੀਡਰਸ਼ਿਪ ਨੇ ਵਾਰੋ-ਵਾਰੀ ਵਰਕਰਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਜਗਮੀਤ ਸਿੰਘ ਬਰਾੜ, ਭਾਈ ਗੋਬਿੰਦ ਸਿੰਘ ਲੌ ਾਗੋਵਾਲ, ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਪਰਮਬੰਸ ਸਿੰਘ ਬੰਟੀ ਰੋਮਾਣਾ, ਜਤਿੰਦਰ ਸਿੰਘ ਲਾਲੀ ਬਾਜਵਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਨਪ੍ਰੀਤ ਸਿੰਘ ਇਯਾਲੀ, ਅਨਿਲ ਜੋਸ਼ੀ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਮਲਜੀਤ ਸਿੰਘ ਭਾਟੀਆ, ਗੋਲਡੀ ਭਾਟੀਆ, ਸਰਵਣ ਸਿੰਘ ਕੁਲਾਰ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਡਾ. ਦਲਬੀਰ ਸਿੰਘ ਵੇਰਕਾ, ਰਾਣਾ ਧਾਲੀਵਾਲ, ਰਣਜੀਤ ਸਿੰਘ ਖੁਰਾਣਾ, ਤਰਲੋਕ ਸਿੰਘ ਬਾਠ, ਡਾ: ਜਗਬੀਰ ਸਿੰਘ ਧਰਮਸੋਤ, ਪਰਮਿੰਦਰ ਸਿੰਘ ਪੱਡਾ, ਕੁਲਦੀਪ ਸਿੰਘ ਲਾਹੌਰੀਆ, ਗੁਰਮਿੰਦਰ ਸਿੰਘ ਕਿਸ਼ਨਪੁਰ, ਕੁਲਦੀਪ ਸਿੰਘ ਔਲਖ ਤੇ ਹੋਰ ਵੱਡੀ ਗਿਣਤੀ ‘ਚ ਅਕਾਲੀ ਦਲ, ਸੋਈ ਅਤੇ ਯੂਥ ਦਲ ਦੇ ਵਰਕਰ ਮੌਜੂਦ ਸਨ |
ਪੁਲਿਸ ਨੇ ਕੀਤੇ ਪੁਖਤਾ ਇੰਤਜ਼ਾਮ
ਸੰਸਦ ਵੱਲ ਮਾਰਚ ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ | ਗੁਰਦੁਆਰੇ ਤੱਕ ਪਹੁੰਚਣ ਵਾਲੇ ਸਾਰੇ ਰਸਤਿਆਂ ‘ਤੇ ਸਭ ਤਰ੍ਹਾਂ ਦੇ ਵਾਹਨਾਂ ਦੇ ਜਾਣ ਦੀ ਪਾਬੰਦੀ ਲਾਈ ਗਈ ਸੀ, ਇਸ ਤੋਂ ਇਲਾਵਾ ਦਿੱਲੀ ‘ਚ ਥਾਂ-ਥਾਂ ‘ਤੇ ਬੈਰੀਕੇਡਿੰਗ ਕੀਤੀ ਗਈ ਸੀ | ਨਵੀਂ ਦਿੱਲੀ ‘ਚ ਤਾਂ ਧਾਰਾ 144 ਲਾਗੂ ਕਰ ਦਿੱਤੀ ਗਈ ਸੀ | ਦਿੱਲੀ ਪੁਲਿਸ ਵਲੋਂ ਥਾਂ-ਥਾਂ ‘ਤੇ ਕੀਤੀ ਬੈਰੀਕੇਡਿੰਗ ਕਾਰਨ ਦਿੱਲੀ ਵਾਸੀਆਂ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ |
ਸੰਸਦ ਮਾਰਗ ਪੁਲਿਸ ਥਾਣੇ ਲਿਜਾਇਆ ਗਿਆ
ਬਿਨਾਂ ਇਜਾਜ਼ਤ ਰੋਸ ਮਾਰਚ ਕੱਢਣ ‘ਤੇ ਦਿੱਲੀ ਪੁਲਿਸ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੇਤਾਵਾਂ ਨੂੰ ਹਿਰਾਸਤ ‘ਚ ਲਿਆ ਗਿਆ | ਪਾਰਟੀ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਸੰਸਦ ਮਾਰਗ ਪੁਲਿਸ ਸਟੇਸ਼ਨ ਲਿਜਾਇਆ ਗਿਆ |
ਹਰਸਿਮਰਤ ਦੇ ਗਾਏ ਸੋਹਲੇ
ਰੋਸ ਮਾਰਚ ‘ਚ ਅਕਾਲੀ ਆਗੂਆਂ ਵਲੋਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਇਕ ਸਾਲ ਪਹਿਲਾਂ ਮੰਤਰੀ ਦੇ ਅਹੁਦੇ ਦੇ ਦਿੱਤੇ ‘ਬਲੀਦਾਨ’ ਦੇ ਵੀ ਖੂਬ ਸੋਹਲੇ ਗਾਏ ਗਏ | ਅਕਾਲੀ ਆਗੂਆਂ ਨੇ ਹਰਸਿਮਰਤ ਦੇ ਅਸਤੀਫ਼ੇ ਦਾ ਵਾਰ-ਵਾਰ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ (ਹਰਸਿਮਰਤ) ਨੇ ਅਹੁਦੇ ਦੀ ਪ੍ਰਵਾਹ ਨਾ ਕਰਦਿਆਂ, ਕਿਸਾਨਾਂ ਦੇ ਹਿੱਤਾਂ ‘ਚ ਅੱਗੇ ਹੁੰਦਿਆਂ ਆਪਣਾ ਮੰਤਰੀ ਦਾ ਅਹੁਦਾ ਅਤੇ ਪਾਰਟੀ ਨੇ ਭਾਜਪਾ ਨਾਲ ਗੱਠਜੋੜ ਤੋੜਨ ਤੋਂ ਗੁਰੇਜ਼ ਨਹੀਂ ਕੀਤਾ |
With Thanks, Reference to: http://beta.ajitjalandhar.com/news/20210918/1/3549251.cms#3549251