ਉੱਤਰਾਖੰਡ ਤੇ ਗੋਆ ਵਿਚ ਚੋਣਾਂ ਅੱਜ
Moradabad: A polling official leaves after collecting election materials at a distribution centre, on the eve of second phase of Uttar Pradesh Assembly elections, in Moradabad, Sunday, Feb. 13, 2022. (PTI Photo)(PTI02_13_2022_000052A)
ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਭਲਕੇ ਪੈਣਗੀਆਂ। ਇਹ ਹਲਕੇ ਸੂਬੇ ਦੇ 13 ਜ਼ਿਲ੍ਹਿਆਂ ਵਿਚ ਫੈਲੇ ਹੋਏ ਹਨ। ਰਾਜ ਦੇ 81 ਲੱਖ ਵੋਟਰ 632 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਜਿਨ੍ਹਾਂ ਵਿਚ 152 ਆਜ਼ਾਦ ਉਮੀਦਵਾਰ ਵੀ ਹਨ। ਗੋਆ ਵਿਧਾਨ ਸਭਾ ਲਈ ਵੀ ਵੋਟਾਂ ਭਲਕੇ ਪੈਣਗੀਆਂ ਜਿੱਥੇ 40 ਹਲਕਿਆਂ ਵਿਚ 301 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ ਤੇ ਸ਼ਾਮ ਛੇ ਵਜੇ ਤੱਕ ਜਾਰੀ ਰਹੇਗੀ। ਦੋਵਾਂ ਰਾਜਾਂ ਵਿਚ ਚੋਣ ਪ੍ਰਚਾਰ ’ਤੇ ਸ਼ਨਿਚਰਵਾਰ ਸ਼ਾਮ ਨੂੰ ਹੀ ਪਾਬੰਦੀ ਲੱਗ ਗਈ ਸੀ। ਉੱਤਰਾਖੰਡ ਰਾਜ ਦੀ ਸੰਨ 2000 ਵਿਚ ਸਥਾਪਨਾ ਤੋਂ ਬਾਅਦ ਇਹ ਉੱਥੇ ਪੰਜਵੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ। ਅਹਿਮ ਉਮੀਦਵਾਰ ਜਿਨ੍ਹਾਂ ਦਾ ਭਵਿੱਖ ਇਹ ਵੋਟਾਂ ਤੈਅ ਕਰਨਗੀਆਂ, ਉਨ੍ਹਾਂ ਵਿਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਮੰਤਰੀ ਸਤਪਾਲ ਮਹਾਰਾਜ, ਸੁਬੋਧ ਉਨਿਆਲ, ਅਰਵਿੰਦ ਪਾਂਡੇ, ਧਨ ਸਿੰਘ ਰਾਵਤ ਤੇ ਰੇਖਾ ਆਰਿਆ ਸ਼ਾਮਲ ਹਨ। ਇਸ ਤੋਂ ਇਲਾਵਾ ਭਾਜਪਾ ਦੇ ਸੂਬਾ ਪ੍ਰਧਾਨ ਮਦਨ ਕੌਸ਼ਿਕ ਵੀ ਚੋਣ ਲੜ ਰਹੇ ਹਨ। ਕਾਂਗਰਸ ਵੱਲੋਂ ਉੱਤਰਾਖੰਡ ਵਿਚ ਜਿਹੜੇ ਅਹਿਮ ਚਿਹਰੇ ਚੋਣ ਮੈਦਾਨ ਵਿਚ, ਉਨ੍ਹਾਂ ਵਿਚ ਹਰੀਸ਼ ਰਾਵਤ, ਯਸ਼ਪਾਲ ਆਰਿਆ, ਸੂਬਾ ਪਾਰਟੀ ਪ੍ਰਧਾਨ ਗਣੇਸ਼ ਗੋਡੀਆਲ ਤੇ ਵਿਰੋਧੀ ਧਿਰ ਦੇ ਆਗੂ ਪ੍ਰੀਤਮ ਸਿੰਘ ਸ਼ਾਮਲ ਹਨ। ਸੂਬੇ ਵਿਚ ਭਾਜਪਾ, ਕਾਂਗਰਸ, ‘ਆਪ’ ਤੇ ਸਮਾਜਵਾਦੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੇ ਚੋਣ ਪ੍ਰਚਾਰ ਕੀਤਾ ਹੈ। ਭਾਜਪਾ ਉੱਤਰਾਖੰਡ ਵਿਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੋਣ ਪ੍ਰਚਾਰ ਵਿਚ ਭਾਜਪਾ ਨੇ ਆਪਣੀ ਸਰਕਾਰ ਵੱਲੋਂ ਸੜਕ, ਰੇਲ ਤੇ ਹਵਾਈ ਸੰਪਰਕ ਬਿਹਤਰ ਕਰਨ, ਕੇਦਾਰਨਾਥ ਦੀ ਮੁੜ ਉਸਾਰੀ ਆਦਿ ਦਾ ਜ਼ਿਕਰ ਕੀਤਾ ਹੈ। ਜਦਕਿ ਕਾਂਗਰਸ ਸੂਬੇ ਵਿਚ ਆਪਣੀ ਗੁਆਚੀ ਜ਼ਮੀਨ ਨੂੰ ਮੁੜ ਹਾਸਲ ਕਰਨ ਦਾ ਯਤਨ ਕਰ ਰਹੀ ਹੈ। ਪਾਰਟੀ ਨੇ ਚੋਣ ਪ੍ਰਚਾਰ ਵਿਚ ਮਹਿੰਗਾਈ, ਬੇਰੁਜ਼ਗਾਰੀ ਤੇ ਭਾਜਪਾ ਵੱਲੋਂ ਅਚਾਨਕ ਮੁੱਖ ਮੰਤਰੀ ਬਦਲਣ ਦਾ ਮੁੱਦੇ ਉਭਾਰੇ ਹਨ। ਭਾਜਪਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 70 ’ਚੋਂ 57 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ ਸਿਰਫ਼ 11 ਸੀਟਾਂ ਉਤੇ ਜਿੱਤ ਮਿਲੀ ਸੀ। ਰਵਾਇਤੀ ਤੌਰ ਉਤੇ ਉੱਤਰਾਖੰਡ ਵਿਚ ਜ਼ਿਆਦਾਤਰ ਦੋ ਪਾਰਟੀਆਂ ਦਾ ਹੀ ਰਾਜ ਰਿਹਾ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਸਾਰੀਆਂ 70 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ‘ਆਪ’ ਨੇ ਚੋਣ ਪ੍ਰਚਾਰ ਵਿਚ ਪਿਛਲੀਆਂ ਕਾਂਗਰਸ ਤੇ ਭਾਜਪਾ ਸਰਕਾਰਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਉਨ੍ਹਾਂ ’ਤੇ ਲੋਕਾਂ ਦੀਆਂ ਇੱਛਾਵਾਂ ’ਤੇ ਖ਼ਰਾ ਨਾ ਉਤਰਨ ਦਾ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਸੱਤਾ ਵਿਚ ਆਉਣ ਦੀ ਸੂਰਤ ’ਚ 300 ਯੂਨਿਟ ਮੁਫ਼ਤ ਬਿਜਲੀ, ਮਹਿਲਾਵਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ, ਬੇਰੁਜ਼ਗਾਰੀ ਭੱਤੇ ਸਣੇ ਕਈ ਹੋਰ ਵਾਅਦੇ ਕੀਤੇ ਹਨ। ਸੂਬੇ ਦੀਆਂ 8624 ਥਾਵਾਂ ’ਤੇ 11,697 ਬੂਥ ਬਣਾਏ ਗਏ ਹਨ। ਗੋਆ ਜੋ ਕਿ ਰਵਾਇਤੀ ਤੌਰ ’ਤੇ ਦੋ-ਧਰੁਵੀ ਸਿਆਸਤ ਲਈ ਜਾਣਿਆ ਜਾਂਦਾ ਹੈ, ਵਿਚ ਇਸ ਵਾਰ ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਤੇ ਹੋਰ ਕਈ ਛੋਟੀਆਂ ਧਿਰਾਂ ਵੀ ਚੋਣ ਮੈਦਾਨ ’ਚ ਹਨ। ਕਰੋਨਾ ਦੇ ਮੱਦੇਨਜ਼ਰ ਵੋਟਰਾਂ ਨੂੰ ਚੋਣ ਕੇਂਦਰਾਂ ਉਤੇ ਹੱਥਾਂ ’ਤੇ ਪਾਉਣ ਲਈ ਦਸਤਾਨੇ ਦਿੱਤੇ ਜਾਣਗੇ। ਗੋਆ ਵਿਚ 100 ਤੋਂ ਵੱਧ ਪੋਲਿੰਗ ਬੂਥ ਸਿਰਫ਼ ਮਹਿਲਾਵਾਂ ਲਈ ਬਣਾਏ ਗਏ ਹਨ। ਭਾਜਪਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਆਗੂ ਦਿਗਾਂਬਰ ਕਾਮਤ ਚੋਣ ਮੈਦਾਨ ਵਿਚ ਅਹਿਮ ਉਮੀਦਵਾਰ ਹਨ। ਇਸ ਤੋਂ ਇਲਾਵਾ ਟੀਐਮਸੀ ਵੱਲੋਂ ਚਰਚਿਲ ਅਲੇਮਾਓ, ਭਾਜਪਾ ਦੇ ਰਵੀ ਨਾਇਕ ਵੀ ਚੋਣ ਲੜ ਰਹੇ ਹਨ। ਭਲਕੇ ਹੋਣ ਵਾਲੀ ਚੋਣ ਪ੍ਰਕਿਰਿਆ ਲਈ 11 ਲੱਖ ਲੋਕ ਯੋਗ ਵੋਟਰ ਹਨ। ਗੋਆ ਵਿਚ ਕਾਂਗਰਸ ਤੇ ਗੋਆ ਫਾਰਵਰਡ ਪਾਰਟੀ ਗੱਠਜੋੜ ਕਰ ਕੇ ਚੋਣ ਲੜ ਰਹੇ ਹਨ ਜਦਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਨੇ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ (ਐਮਜੀਪੀ) ਨਾਲ ਗੱਠਜੋੜ ਕੀਤਾ ਹੈ। ਸ਼ਿਵ ਸੈਨਾ, ਐਨਸੀਪੀ ਨਾਲ ਰਲ ਕੇ ਚੋਣ ਲੜ ਰਹੀ ਹੈ ਜਦਕਿ ‘ਆਪ’ ਬਿਨਾਂ ਕਿਸੇ ਗੱਠਜੋੜ ਤੋਂ ਚੋਣ ਲੜੇਗੀ। 68 ਆਜ਼ਾਦ ਉਮੀਦਵਾਰ ਮੈਦਾਨ ਵਿਚ ਹਨ ਤੇ 105 ਬੂਥ ਸਿਰਫ਼ ਮਹਿਲਾਵਾਂ ਲਈ ਬਣਾਏ ਗਏ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਗੋਆ ’ਚ ਕਾਂਗਰਸ ਨੇ 17 ਸੀਟਾਂ ਜਿੱਤੀਆਂ ਸਨ ਜਦਕਿ ਭਾਜਪਾ ਨੇ 13 ਜਿੱਤੀਆਂ ਸਨ। ਭਾਜਪਾ ਨੇ ਉਸ ਵੇਲੇ ਕੁਝ ਖੇਤਰੀ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨਾਲ ਗੱਠਜੋੜ ਕਰ ਕੇ ਸਰਕਾਰ ਬਣਾ ਲਈ ਸੀ। ਭਾਜਪਾ ਨੇ ਇਸ ਵਾਰ ਵੋਟਾਂ ਤੋਂ ਪਹਿਲਾਂ ਕੋਈ ਗੱਠਜੋੜ ਨਹੀਂ ਕੀਤਾ ਹੈ ਤੇ ਸੱਤਾ ਕਾਇਮ ਰੱਖਣ ਲਈ ਕੋਸ਼ਿਸ਼ ਕਰ ਰਹੀ ਹੈ। ਸੂਬੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ, ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਪੀ. ਚਿਦੰਬਰਮ ਨੇ ਚੋਣ ਪ੍ਰਚਾਰ ਕੀਤਾ ਹੈ। -ਪੀਟੀਆਈ
ਯੂਪੀ: ਦੂਜੇ ਗੇੜ ਦੀਆਂ ਵੋਟਾਂ ਅੱਜ
ਉੱਤਰ ਪ੍ਰਦੇਸ਼ ਦੇ ਨੌਂ ਜ਼ਿਲ੍ਹਿਆਂ ਵਿਚ ਫੈਲੀਆਂ 55 ਸੀਟਾਂ ’ਤੇ ਭਲਕੇ ਦੂਜੇ ਗੇੜ ਵਿਚ ਵੋਟਾਂ ਪੈਣਗੀਆਂ। ਕੁਝ ਸੀਟਾਂ ਸੂਬੇ ਦੇ ਰੋਹਿਲਖੰਡ ਖੇਤਰ ਵਿਚ ਹਨ। ਦੂਜੇ ਗੇੜ ਦੀਆਂ ਚੋਣਾਂ ਸਮਾਜਵਾਦੀ ਪਾਰਟੀ (ਸਪਾ) ਦੇ ਸੀਨੀਅਰ ਆਗੂ ਮੁਹੰਮਦ ਆਜ਼ਮ ਖਾਨ ਤੇ ਵਿੱਤ ਮੰਤਰੀ ਸੁਰੇਸ਼ ਖੰਨਾ ਦਾ ਭਵਿੱਖ ਤੈਅ ਕਰਨਗੀਆਂ। ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬਦਾਯੂੰ, ਬਰੇਲੀ ਤੇ ਸ਼ਾਹਜਹਾਂਪੁਰ ਜ਼ਿਲ੍ਹਿਆਂ ਵਿਚ ਕੁੱਲ 586 ਉਮੀਦਵਾਰ ਚੋਣ ਲੜ ਰਹੇ ਹਨ। ਇੱਥੇ ਭਲਕੇ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਵੋਟਿੰਗ ਹੋਵੇਗੀ। ਇਸ ਗੇੜ ਵਿਚ ਪਿਛਲੀ ਵਾਰ (2017) ਭਾਜਪਾ ਨੇ 55 ਵਿਚੋਂ 38 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ‘ਸਪਾ’ ਨੇ 15 ਅਤੇ ਕਾਂਗਰਸ ਨੇ ਦੋ ਸੀਟਾਂ ਜਿੱਤੀਆਂ ਸਨ। ਸਪਾ ਤੇ ਕਾਂਗਰਸ ਨੇ ਪਿਛਲੀਆਂ ਚੋਣਾਂ ਗੱਠਜੋੜ ਕਰ ਕੇ ਲੜੀਆਂ ਸਨ। ਸਪਾ ਵੱਲੋਂ ਜਿੱਤੀਆਂ ਗਈਆਂ 15 ਸੀਟਾਂ ਵਿਚੋਂ 10 ਮੁਸਲਿਮ ਉਮੀਦਵਾਰਾਂ ਦੇ ਹਿੱਸੇ ਆਈਆਂ ਸਨ। ਜਿਨ੍ਹਾਂ ਇਲਾਕਿਆਂ ਵਿਚ ਦੂਜੇ ਗੇੜ ਵਿਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿਚ ਮੁਸਲਿਮ ਆਬਾਦੀ ਕਾਫ਼ੀ ਜ਼ਿਆਦਾ ਹੈ ਤੇ ਇਹ ਬਰੇਲਵੀ ਅਤੇ ਦਿਓਬੰਦ ਮਦਰੱਸਿਆਂ ਦਾ ਪ੍ਰਭਾਵ ਕਾਫ਼ੀ ਕਬੂਲਦੇ ਹਨ। ਚੋਣ ਲੜ ਰਹੇ ਅਹਿਮ ਚਿਹਰਿਆਂ ਵਿਚ ਧਰਮ ਸਿੰਘ ਸੈਣੀ ਵੀ ਸ਼ਾਮਲ ਹਨ ਜੋ ਕਿ ਯੋਗੀ ਸਰਕਾਰ ਵਿਚ ਮੰਤਰੀ ਸਨ ਤੇ ਸਪਾ ਵਿਚ ਸ਼ਾਮਲ ਹੋ ਗਏ ਸਨ। ਖਾਨ ਰਾਮਪੁਰ ਸੀਟ ਤੇ ਖੰਨਾ ਸ਼ਾਹਜਹਾਂਪੁਰ ਤੋਂ ਚੋਣ ਮੈਦਾਨ ਵਿਚ ਹਨ। ਖਾਨ ਦਾ ਪੁੱਤਰ ਅਬਦੁੱਲਾ ਆਜ਼ਮ ਸਵਾਰ ਸੀਟ ਤੋਂ ਚੋਣ ਲੜ ਰਿਹਾ ਹੈ। -ਪੀਟੀਆਈ
With Thanks Refrence to: https://www.punjabitribuneonline.com/news/nation/elections-in-uttarakhand-and-goa-today-132596