ਪੰਜਾਬ ’ਚ ਮੁੱਖ ਮੰਤਰੀ ਚਿਹਰੇ ਲਈ ਕਾਂਗਰਸ ਨੇ ਮੰਗੀ ਲੋਕ ਰਾਏ

2022_2$largeimg_738188560

ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਲਈ ਵਿੱਢੀ ‘ਫੀਡ ਬੈਕ ਮੁਹਿੰਮ’ ਦੌਰਾਨ ਹੀ ਸਿਆਸੀ ਸਰਗਰਮੀਆਂ ਵੱਧ ਗਈਆਂ ਹਨ। ਚਿਹਰਾ ਐਲਾਨੇ ਜਾਣ ਤੋਂ ਪਹਿਲਾਂ ਹੀ ਪਾਰਟੀ ਆਗੂਆਂ ਦਰਮਿਆਨ ਇੱਕ ਦੂਜੇ ਨੂੰ ਸਿਆਸੀ ਠਿੱਬੀ ਲਾਉਣ ਦੀ ਜੰਗ ਤੇਜ਼ ਹੋ ਗਈ ਹੈ। ਹੁਣ ਜਦੋਂ ਵੋਟਾਂ ਪੈਣ ਵਿਚ ਤਿੰਨ ਹਫ਼ਤੇ ਤੋਂ ਘੱਟ ਸਮਾਂ ਰਹਿ ਗਿਆ ਹੈ, ਚੋਣ ਪ੍ਰਚਾਰ ਦੇ ਸਿਖਰ ਵੱਲ ਵਧਣ ਨਾਲ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਜ਼ੋਰ ਫੜ ਗਈ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਐਲਾਨ ਚੁੱਕੀ ਹੈ।

ਵੇਰਵਿਆਂ ਅਨੁਸਾਰ ਕਾਂਗਰਸ ਹਾਈਕਮਾਨ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਪਹਿਲਾਂ ਪਿਛਲੇ ਦੋ ਦਿਨਾਂ ਤੋਂ ਫੀਡ ਬੈਕ ਲੈਣ ਲਈ ਟੈਲੀ ਕਾਲਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਤਿੰਨ ਸੁਆਲ ਪੁੱਛੇ ਜਾ ਰਹੇ ਹਨ ਕਿ ਕੀ ਤੁਸੀਂ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ। ਕੀ ਤੁਸੀਂ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਵੇਖਣਾ ਚਾਹੁੰਦੇ ਹੋ। ਤੀਜਾ ਸੁਆਲ ਇਹ ਕਿ ਕੀ ਤੁਸੀਂ ਸਾਂਝੀ ਅਗਵਾਈ ’ਚ ਚੋਣ ਲੜੇ ਜਾਣ ਦੇ ਪੱਖ ਵਿਚ ਹੋ। ਇਸ ਫੀਡ ਬੈਕ ਦੌਰਾਨ ਹੀ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨੇ ਸਰਗਰਮੀ ਫੜ ਲਈ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਆਪਣੇ ਹਲਕੇ ਅੰਮ੍ਰਿਤਸਰ (ਪੂਰਬੀ) ਵਿਚ ਰੱਖੇ ਚੋਣ ਪ੍ਰੋਗਰਾਮਾਂ ਨੂੰ ਰੱਦ ਕਰਕੇ ਅੱਜ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਚਲੇ ਗਏ ਹਨ। ਉਨ੍ਹਾਂ ਦੇ ਵਿਰੋਧੀ ਇਸ ਦੇ ਸਿਆਸੀ ਮਾਅਨੇ ਕੱਢਣ ਲੱਗੇ ਹਨ। ਇਸੇ ਦੌਰਾਨ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ਇੱਕ ਇੰਟਰਵਿਊ ਵਿਚ ਆਖਿਆ ਹੈ ਕਿ ਅਗਰ ਉਨ੍ਹਾਂ ਨੂੰ ਸਿਖਰਲੀ ਪੁਜ਼ੀਸ਼ਨ ਨਹੀਂ ਮਿਲਦੀ ਹੈ ਤਾਂ ਉਹ ਆਪਣੇ ਰਵਾਇਤੀ ਪੇਸ਼ੇ ਵਿਚ ਵਾਪਸ ਚਲੇ ਜਾਣਗੇ। ਸਿਆਸੀ ਹਲਕੇ ਮੰਨਦੇ ਹਨ ਕਿ ਅਸਲ ਵਿਚ ਨਵਜੋਤ ਸਿੱਧੂ ਨੇ ਹਾਈਕਮਾਨ ’ਤੇ ਦਬਾਓ ਬਣਾਉਣ ਲਈ ਹੀ ਇਹ ਪੈਂਤੜਾ ਲਿਆ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀ ਅੱਜ ਨਵਜੋਤ ਸਿੱਧੂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸੁਲਤਾਨਪੁਰ ਲੋਧੀ ਵਿਚ ਆਪਣੇ ਉਮੀਦਵਾਰ ਨੂੰ ਜਿਤਾ ਲੈਣ। ਚੇਤੇ ਰਹੇ ਕਿ ਸਿੱਧੂ ਨੇ ਮੌਜੂਦਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੀ ਹਮਾਇਤ ਵਿਚ ਪਹਿਲਾਂ ਇੱਕ ਰੈਲੀ ਕੀਤੀ ਸੀ ਜਦੋਂ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੇ ਲੜਕੇ ਨੂੰ ਆਜ਼ਾਦ ਉਮੀਦਵਾਰ ਵਜੋਂ ਸੁਲਤਾਨਪੁਰ ਲੋਧੀ ਵਿਚ ਖੜ੍ਹਾ ਕੀਤਾ ਹੈ। ਨਵਜੋਤ ਸਿੱਧੂ ਦੀ ਹਲਕੇ ਵਿਚ ਵੀ ਘੇਰਾਬੰਦੀ ਹੋ ਰਹੀ ਹੈ। ਪਾਰਟੀ ਹਾਈਕਮਾਨ ਵੱਲੋਂ ਉੱਤਰਾਖੰਡ ਚੋਣਾਂ ਲਈ ਲਾਏ ਸਟਾਰ ਪ੍ਰਚਾਰਕਾਂ ਦੀ ਸੂਚੀ ’ਚੋਂ ਨਵਜੋਤ ਸਿੱਧੂ ਦਾ ਨਾਮ ਗ਼ਾਇਬ ਹੋਣ ’ਤੇ ਸਿਆਸੀ ਚਰਚੇ ਛਿੜੇ ਹਨ।

ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਦਾਅਵੇਦਾਰ ਚਰਨਜੀਤ ਸਿੰਘ ਚੰਨੀ ਆਪਣੇ ਹਲਕਾ ਚਮਕੌਰ ਸਾਹਿਬ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਜਾਪਦੇ ਹਨ, ਜਿਸ ਕਰ ਕੇ ਉਨ੍ਹਾਂ ਭਦੌੜ ਹਲਕੇ ਤੋਂ ਵੀ ਕਾਗ਼ਜ਼ ਦਾਖਲ ਕੀਤੇ ਹਨ। ਸਿਆਸੀ ਹਲਕੇ ਅਨੁਮਾਨ ਲਾ ਰਹੇ ਹਨ ਕਿ ਚਰਨਜੀਤ ਚੰਨੀ ਨੂੰ ਦੋ ਹਲਕਿਆਂ ਤੋਂ ਚੋਣ ਲੜਾਉਣ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਹਾਈਕਮਾਨ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਮੈਦਾਨ ਵਿਚ ਉਤਾਰ ਸਕਦੀ ਹੈ। ਚੰਨੀ ਦੇ ਕਰੀਬੀ ਰਿਸ਼ਤੇਦਾਰ ’ਤੇ ਈਡੀ ਦੀ ਛਾਪਾਮਾਰੀ ਨੇ ਹਾਲਾਂਕਿ ਉਨ੍ਹਾਂ ਦੇ ਅਕਸ ਨੂੰ ਜ਼ਰੂਰ ਢਾਹ ਲਾਈ ਹੈ। ਇਸੇ ਦੌਰਾਨ ਰਾਜਪਾਲ ਪੰਜਾਬ ਵੱਲੋਂ ਵੀ ਗ਼ੈਰਕਾਨੂੰਨੀ ਖਣਨ ਮਾਮਲੇ ਵਿੱਚ ਚੰਨੀ ਖ਼ਿਲਾਫ਼ ਪੜਤਾਲ ਦੇ ਹੁਕਮ ਜਾਰੀ ਕਰਨੇ ਵੀ ਇਸੇ ਕੜੀ ਦਾ ਇੱਕ ਹਿੱਸਾ ਹੋ ਸਕਦਾ ਹੈ।

ਕਾਂਗਰਸ ਵੱਲੋਂ ਚੋਣਾਂ ਲਈ ਗਾਣਾ ਰਿਲੀਜ਼

ਕਾਂਗਰਸ ਨੇ ਡਿਜੀਟਲ ਮੁਹਿੰਮ ਤਹਿਤ ਅੱਜ ਦੇਰ ਸ਼ਾਮ ਪੰਜਾਬ ਚੋਣਾਂ ਲਈ ਇੱਕ ਗਾਣਾ ਰਿਲੀਜ਼ ਕੀਤਾ ਹੈ ਜਿਸ ਵਿਚ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਹੈ। ‘ਪੰਜਾਬ ਦੀ ਚੜ੍ਹਦੀ ਕਲਾ, ਮੰਗੇ ਕਾਂਗਰਸ ਸਰਬੱਤ ਦਾ ਭਲਾ’ ਸਵਾ ਦੋ ਮਿੰਟ ਦਾ ਗਾਣਾ ਹੈ ਜਿਸ ਨੂੰ ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਨੇ ਲਿਖਿਆ ਹੈ। ਗਾਣੇ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਨੂੰ ਵੀ ਦਿਖਾਇਆ ਗਿਆ ਹੈ ਅਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ।

ਸੁਨੀਲ ਜਾਖੜ ਦੇ ਦਾਅਵੇ ਮਗਰੋਂ ਵਧੀ ਹਲਚਲ

ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਮਾਇਤ ਕਰਦਿਆਂ ਕਿਹਾ ਕਿ ਚੰਨੀ ਨੂੰ ਇੱਕ ਹੋਰ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਅਜੇ ਬੀਤੇ ਦਿਨ ਅਬੋਹਰ ਹਲਕੇ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਤਾਂ ਉਦੋਂ ਹਾਈਕਮਾਨ ਵੱਲੋਂ ਕਰਵਾਈ ਵੋਟਿੰਗ ਵਿਚ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਪਹਿਲੀ ਪਸੰਦ ਸਨ। ਇਸ ਦੌਰਾਨ 42 ਵਿਧਾਇਕਾਂ ਨੇ ਉਨ੍ਹਾਂ ਦੇ ਪੱਖ ਵਿਚ ਵੋਟ ਪਾਈ ਸੀ ਜਦੋਂ ਕਿ ਚੰਨੀ ਨੂੰ ਦੋ ਵੋਟਾਂ ਅਤੇ ਨਵਜੋਤ ਸਿੱਧੂ ਨੂੰ ਛੇ ਵਿਧਾਇਕਾਂ ਨੇ ਵੋਟ ਪਾਈ ਸੀ। ਜਾਖੜ ਨੇ ਇਹ ਵੀ ਕਿਹਾ ਕਿ ਉਦੋਂ ਦੋ ਤਿੰਨ ਚਿਹਰਿਆਂ ਨੇ ਇਹ ਪ੍ਰਚਾਰ ਤੇਜ਼ ਕੀਤਾ ਸੀ ਕਿ ਅਗਰ ਕਿਸੇ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਤਾਂ ਪੰਜਾਬ ਵਿਚ ਸਿਆਸੀ ਹਲਚਲ ਮਚ ਜਾਵੇਗੀ।

ਕਾਂਗਰਸ 6 ਫਰਵਰੀ ਨੂੰ ਕਰੇਗੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ

ਰੂਪਨਗਰ (ਜਗਮੋਹਨ ਸਿੰਘ):ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਨੇ ਅਗਾਮੀ ਵਿਧਾਨ ਸਭਾ ਚੋਣਾਂ ਲਈ 6 ਫਰਵਰੀ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨ ਦੇਵੇਗੀ। ਚੰਨੀ ਇਥੇ ਪਿੰਡ ਰੰਗੀਲਪੁਰ ਵਿੱਚ ਆਪਣੇ ਚੋਣ ਦਫਤਰ ਦਾ ਉਦਘਾਟਨ ਕਰਨ ਲਈ ਆੲੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੁੜ ਸਪਸ਼ਟ ਬਹੁਮੱਤ ਹਾਸਲ ਕਰ ਕੇ ਸੱਤਾ ਵਿੱਚ ਆਏਗੀ। ਪਿੰਡ ਲਖਮੀਪੁਰ ਵਿੱਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ 6 ਫਰਵਰੀ ਨੂੰ ਵਰਚੁਅਲ ਕਾਨਫਰੰਸ ਜ਼ਰੀਏ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ 30 ਸਾਲ ਪੁਰਾਣੇ ਸੜਕੀ ਹਿੰਸਾ ਕੇਸ ਵਿਚ ਪੀੜਤ ਪਰਿਵਾਰ ਨੇ ਸੁਪਰੀਮ ਕੋਰਟ ਵਿਚ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਹੈ, ਜਿਸ ਉੱਤੇ ਹੁਣ ਭਲਕੇ ਸੁਣਵਾਈ ਹੈ। ਇਸ ਤੋਂ ਪਹਿਲਾਂ ਅਚਨਚੇਤ ਹੀ ਅਮਰੀਕਾ ਰਹਿੰਦੀ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੀ ਨਵਜੋਤ ਸਿੱਧੂ ’ਤੇ ਪਰਿਵਾਰਕ ਦੋਸ਼ ਲਾਏ ਸਨ, ਜਿਸ ਨੂੰ ਸਿੱਧੂ ਹਮਾਇਤੀ ਸਿਆਸੀ ਚਾਲ ਦੱਸ ਰਹੇ ਸਨ।

With Thanks Refrence to: https://www.punjabitribuneonline.com/news/punjab/congress-seeks-public-opinion-for-cm39s-face-in-punjab-130168

Spread the love