ਅਗਲੇ ਇਕ ਸਾਲ ਲਈ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇਵੇਗੀ ਸਰਕਾਰ

2022_12$largeimg_1993029225

ਸਰਕਾਰ ਨੇ ਅੱਜ ਇਕ ਵੱਡਾ ਫ਼ੈਸਲਾ ਲੈਂਦਿਆਂ ਕੌਮੀ ਭੋਜਨ ਸੁਰੱਖਿਆ ਐਕਟ ਤਹਿਤ 81.35 ਕਰੋੜ ਗਰੀਬ ਲੋਕਾਂ ਨੂੰ ਅਗਲੇ ਇਕ ਸਾਲ ਲਈ ਮੁਫ਼ਤ ਰਾਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਨਵੀਂ ਯੋਜਨਾ ਤਹਿਤ ਹੁਣ ਰਾਸ਼ਨ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ ਤੇ ਲਾਭਪਾਤਰੀਆਂ ਨੂੰ ਇਕ ਰੁਪਿਆ ਵੀ ਦੇਣ ਦੀ ਲੋੜ ਨਹੀਂ ਪਵੇਗੀ। ਭੋਜਨ ਕਾਨੂੰਨ ਤਹਿਤ ਸਰਕਾਰ ਵਰਤਮਾਨ ’ਚ ਹਰ ਵਿਅਕਤੀ ਨੂੰ ਹਰੇਕ ਮਹੀਨੇ ਪੰਜ ਕਿਲੋਗ੍ਰਾਮ ਅਨਾਜ ਦੋ-ਤਿੰਨ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੰਦੀ ਹੈ। ਇਸ ਤੋਂ ਇਲਾਵਾ ਅੰਤੋਦਿਆ ਅੰਨ ਯੋਜਨਾ ਤਹਿਤ ਆਉਂਦੇ ਪਰਿਵਾਰਾਂ ਨੂੰ ਹਰ ਮਹੀਨੇ 35 ਕਿਲੋਗ੍ਰਾਮ ਅਨਾਜ ਦਿੱਤਾ ਜਾਂਦਾ ਹੈ। ਭੋਜਨ ਕਾਨੂੰਨ ਤਹਿਤ ਗਰੀਬਾਂ ਨੂੰ ਚੌਲ ਤਿੰਨ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਕਣਕ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤੇ ਜਾਂਦੇ ਹਨ। ਪਿਊਸ਼ ਗੋਇਲ ਨੇ ਕੈਬਨਿਟ ਵੱਲੋਂ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਦੋ ਲੱਖ ਕਰੋੜ ਰੁਪਏ ਦਾ ਸਾਰਾ ਖ਼ਰਚ ਝੱਲੇਗੀ। ਇਸੇ ਦੌਰਾਨ ਸਰਕਾਰ ਨੇ ਮੁਫ਼ਤ ਰਾਸ਼ਨ ਸਕੀਮ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨੂੰ ਹੋਰ ਨਾ ਵਧਾਉਣ ਦਾ ਫ਼ੈਸਲਾ ਲਿਆ ਹੈ। ਇਹ ਸਕੀਮ 31 ਦਸੰਬਰ ਨੂੰ ਖਤਮ ਹੋ ਰਹੀ ਹੈ।

ਰੱਖਿਆ ਬਲਾਂ ਲਈ ‘ਇਕ ਰੈਂਕ ਇਕ ਪੈਨਸ਼ਨ’ ’ਚ ਸੋਧ ਦੀ ਤਜਵੀਜ਼ ਮਨਜ਼ੂਰ

ਕੇਂਦਰੀ ਕੈਬਨਿਟ ਨੇ ਰੱਖਿਆ ਬਲਾਂ ਦੇ ਕਰਮੀਆਂ ਤੇ ਪਰਿਵਾਰ ਦੇ ਪੈਨਸ਼ਨਧਾਰਕਾਂ ਲਈ ‘ਇਕ ਰੈਂਕ ਇਕ ਪੈਨਸ਼ਨ’ ਦੀਆਂ ਤਜਵੀਜ਼ਾਂ ਵਿਚ ਸੋਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ ਇਸ ਦਾ ਲਾਭ ਪੈਨਸ਼ਨ ਲੈਣ ਵਾਲੇ ਪਰਿਵਾਰਕ ਮੈਂਬਰਾਂ ਦੇ ਨਾਲ ਜੰਗ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਦੀਆਂ ਵਿਧਵਾ ਪਤਨੀਆਂ ਤੇ ਦਿਵਿਆਂਗ ਪੈਨਸ਼ਨਧਾਰਕਾਂ ਨੂੰ ਵੀ ਮਿਲੇਗਾ। ਇਹ ਇਕ ਜੁਲਾਈ 2019 ਤੋਂ ਪ੍ਰਭਾਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਰਨ ਸਰਕਾਰੀ ਖਜ਼ਾਨੇ ਉਤੇ ਹਰ ਸਾਲ 8450 ਕਰੋੜ ਰੁਪਏ ਦਾ ਬੋਝ ਪਵੇਗਾ। ਮੰਤਰੀ ਨੇ ਦੱਸਿਆ ਕਿ ਇਸ ਤਹਿਤ ਜੁਲਾਈ 2019 ਤੋਂ ਜੂਨ 2022 ਤੱਕ ਦੇ ਵਕਫ਼ੇ ਦਾ ਬਕਾਇਆ ਵੀ ਦਿੱਤਾ ਜਾਵੇਗਾ ਜਿਸ ਦੇ ਮੱਦ ਵਿਚ 23,638.07 ਕਰੋੜ ਰੁਪਏ ਦੀ ਰਾਸ਼ੀ ਬਣਦੀ ਹੈ। ਠਾਕੁਰ ਨੇ ਕਿਹਾ ਕਿ ਇਸ ਦਾ ਲਾਭ ਸਾਰੇ ਰੱਖਿਆ ਬਲਾਂ ਤੋਂ ਸੇਵਾਮੁਕਤ ਹੋਣ ਵਾਲਿਆਂ ਤੇ ਪਰਿਵਾਰ ਦੇ ਪੈਨਸ਼ਨਧਾਰਕਾਂ ਨੂੰ ਮਿਲੇਗਾ। ਇਸ ਦਾ ਲਾਭ 4.52 ਲੱਖ ਨਵੇਂ ਲਾਭਪਾਤਰੀਆਂ ਸਹਿਤ ਹਥਿਆਰਬੰਦ ਬਲਾਂ ਦੇ 25.13 ਲੱਖ ਪੈਨਸ਼ਨਧਾਰਕਾਂ ਤੇ ਪਰਿਵਾਰ ਦੇ ਪੈਨਸ਼ਨਧਾਰਕਾਂ ਨੂੰ ਵੀ ਮਿਲੇਗਾ। ਸਰਕਾਰੀ ਬਿਆਨ ਮੁਤਾਬਕ ਪਹਿਲਾਂ ਪੈਨਸ਼ਨ ਲੈ ਰਹੇ ਲੋਕਾਂ ਦੀ ਪੈਨਸ਼ਨ ਕੈਲੰਡਰ ਸਾਲ 2018 ਵਿਚ ਬਰਾਬਰ ਸੇਵਾਕਾਲ ਦੇ ਨਾਲ ਬਰਾਬਰ ਰੈਂਕ ਉਤੇ ਸੇਵਾਮੁਕਤ ਹੋਣ ਵਾਲੇ ਰੱਖਿਆ ਬਲਾਂ ਦੇ ਕਰਮੀਆਂ ਦੀ ਘੱਟੋ-ਘੱਟ ਪੈਨਸ਼ਨ ਦੇ ਔਸਤ ਦੇ ਅਧਾਰ ਉਤੇ ਮੁੜ ਤੋਂ ਨਿਰਧਾਰਤ ਕੀਤੀ ਜਾਵੇਗੀ। ਇਸ ਔਸਤ ਨਾਲ ਜ਼ਿਆਦਾ ਪੈਨਸ਼ਨ ਲੈਣ ਵਾਲੇ ਲੋਕਾਂ ਦੀ ਪੈਨਸ਼ਨ ਨੂੰ ਤੈਅ ਕੀਤਾ ਜਾਵੇਗਾ। ਬਕਾਏ ਦਾ ਭੁਗਤਾਨ ਚਾਰ ਛਿਮਾਹੀ ਕਿਸ਼ਤਾਂ ਵਿਚ ਕੀਤਾ ਜਾਵੇਗਾ।

With Thanks Reference to: https://www.punjabitribuneonline.com/news/nation/the-government-will-give-free-ration-to-the-poor-for-the-next-one-year-200747

Spread the love