ਰਿੰਕੂ ਦੀ ਜਿੱਤ: ਤਿੰਨ ਵਿਧਾਨ ਸਭਾ ਹਲਕਿਆਂ ਨੇ ‘ਆਪ’ ਦੀ ਜਿੱਤ ਦਾ ਪਿੜ ਬੰਨ੍ਹਿਆ

Sushil Kumar Rinku

ਸਥਾਨਕ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਲਈ ਜਿਹੜੇ ਵਿਧਾਨ ਸਭਾ ਹਲਕਿਆਂ ਨੇ ਪਿੜ ਬੰਨ੍ਹਣ ਵਿੱਚ ਮੋਹਰੀ ਭੂਮਿਕਾ ਨਿਭਾਈ ਉਨ੍ਹਾਂ ਵਿੱਚ ਫਿਲੌਰ, ਕਰਤਾਰਪੁਰ ਅਤੇ ਸ਼ਾਹਕੋਟ ਸ਼ਾਮਲ ਹਨ। ਇਨ੍ਹਾਂ ਹਲਕਿਆਂ ਵਿੱਚੋਂ ‘ਆਪ’ ਦੇ ਉਮੀਦਵਾਰ ਨੂੰ ਕੁੱਲ 1 ਲੱਖ 12 ਹਾਜ਼ਾਰ 618 ਵੋਟਾਂ ਮਿਲੀਆਂ ਹਨ। ਉਂਜ ਤਾਂ 9 ਵਿਧਾਨ ਸਭਾ ਹਲਕਿਆਂ ਵਿੱਚੋਂ ਪੰਜ ਅਜਿਹੇ ਹਲਕੇ ਹਨ ਜਿੱਥੋਂ ਹਰ ਹਲਕੇ ਵਿੱਚੋਂ ਸੁਸ਼ੀਲ ਕੁਮਾਰ ਰਿੰਕੂ 30,000 ਤੋਂ ਵੱਧ ਵੋਟਾਂ ਲੈ ਕੇ ਗਏ। 

ਫਿਲੌਰ ਵਿਧਾਨ ਸਭਾ ਹਲਕਾ ਅਜਿਹਾ ਹਲਕਾ ਹੈ ਜਿੱਥੇ ਚੌਧਰੀ ਪਰਿਵਾਰ ਦੀ  2007 ਤੋਂ ਲਗਾਤਾਰ ਹਾਰ ਹੋ ਰਹੀ ਸੀ। ਅਸਲ ਕਮਜ਼ੋਰ ਕੜੀ ਫਿਲੌਰ ਦਾ ਵਿਧਾਨ ਸਭਾ ਹਲਕਾ ਹੀ ਸਾਬਿਤ ਹੋਇਆ। ਸਾਲ 2007 ਅਤੇ 2012 ਦੀਆਂ ਚੋਣਾਂ  ਚੌਧਰੀ ਸੰਤੋਖ ਸਿੰਘ ਫਿਲੌਰ ਤੋਂ  ਲਗਾਤਾਰ  ਹਾਰੇ ਸਨ। 2014 ਦੀਆਂ ਲੋਕ ਸਭਾ ਚੋਣਾਂ ਆਈਆਂ ਤਾਂ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਪਿਛਲੇ ਜੇਤੂ  ਮਹਿੰਦਰ ਸਿੰਘ ਕੇਪੀ ਦੀ ਟਿਕਟ ਕੱਟ ਕੇ ਚੌਧਰੀ ਸੰਤੋਖ ਸਿੰਘ ਨੂੰ ਦਿੱਤੀ ਗਈ ਤਾਂ ਉਹ ‘ਆਪ’ ਦੇ ਉਭਾਰ ਦੇ ਬਾਵਜੂਦ 70 ਹਜ਼ਾਰ ਤੋਂ ਵੱਧ ਵੋਟਾਂ  ਨਾਲ ਜਿੱਤ ਗਏ ਸਨ।

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਫਿਲੌਰ ਤੋਂ ਆਪਣੇ ਪੁੱਤਰ ਚੌਧਰੀ ਬਿਕਰਮਜੀਤ ਸਿੰਘ ਨੂੰ ਕਾਂਗਰਸ ਦੀ ਟਿਕਟ ਲੈ ਕੇ ਦਿੱਤੀ, ਉਹ ਵੀ ਆਪਣੀ ਪਹਿਲੀ ਚੋਣ ਬੁਰੀ ਤਰ੍ਹਾਂ ਹਾਰ ਗਏ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਹਾਈ ਕਮਾਨ ਨੇ ਦਲਿਤ ਪੱਤਾ ਖੇਡਦਿਆਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਪਰ ਇਸ ਦਾ ਅਸਰ ਸਿਰਫ਼ ਦੋਆਬੇ ਤੱਕ ਹੀ ਸੀਮਤ ਰਿਹਾ। ਚੰਨੀ ਫੈਕਟਰ ਦੇ ਚੱਲਦਿਆਂ ਤੇ ਬਸਪਾ ਦੇ ਬਾਗ਼ੀ ਧੜੇ ਵੱਲੋਂ ਫਿਲੌਰ ਵਿੱਚ ਕਾਂਗਰਸ ਦੀ ਹਮਾਇਤ ਕਰਨ ਮਗਰੋਂ ਚੌਧਰੀ ਪਰਿਵਾਰ ਦੇ 15 ਸਾਲਾਂ ਬਾਅਦ ਫਿਲੌਰ ਵਿੱਚ ਪੈਰ ਲੱਗੇ ਸਨ ਤੇ ਚੌਧਰੀ ਬਿਕਰਮਜੀਤ ਸਿੰਘ ਵਿਧਾਇਕ ਬਣੇ ਹਨ।

ਜਿੱਤ ਦਾ ਇਹ ਵੱਡਾ ਫ਼ਰਕ ਇਸ ਹਲਕੇ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚੁੱਕੇ ਵਾਤਾਵਰਨ ਦੇ ਮੁੱਦੇ ਕਾਰਨ ਵੀ ਪਿਆ ਦੱਸਿਆ ਜਾ ਰਿਹਾ ਹੈ। ਸੀਚੇਵਾਲ ਪਿੰਡ ਵਿੱਚੋਂ ਹੀ 435 ਵੋਟਾਂ ‘ਆਪ’ ਨੂੰ ਪਈਆਂ, ਕਾਂਗਰਸ ਨੂੰ 90 ਅਤੇ ਅਕਾਲੀ ਦਲ ਨੂੰ 70 ਵੋਟਾਂ ਹੀ ਮਿਲੀਆਂ। ਇਹੀ ਹਾਲ  ਸੀਚੇਵਾਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਰਿਹਾ। 

ਭਤੀਜੇ ਨੇ ਨਾ ਸਾਂਭੀ ਪਰਿਵਾਰ ਦੀ ਸਿਆਸੀ ਵਿਰਾਸਤ

ਮਾਸਟਰ ਗੁਰਬੰਤਾ ਸਿੰਘ ਨੇ ਕਰਤਾਰਪੁਰ ਵਿੱਚੋਂ ਚੋਣ ਜਿੱਤ ਕੇ ਚੌਧਰੀਆਂ ਲਈ ਇਸ ਹਲਕੇ ਵਿੱਚ ਸਿਆਸੀ ਮੋੜੀ ਗੱਡੀ ਸੀ। ਉਨ੍ਹਾਂ ਦੇ ਪੁੱਤਰ 1985 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸਨ। ਚੌਧਰੀ ਜਗਜੀਤ ਸਿੰਘ ਲਗਾਤਾਰ 2007 ਅਤੇ 2012 ਦੀਆਂ ਚੋਣਾਂ ਹਾਰ ਗਏ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੌਧਰੀ ਜਗਜੀਤ ਸਿੰਘ ਦਾ ਪੁੱਤਰ ਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਦਾ ਭਤੀਜਾ ਚੌਧਰੀ ਸੁਰਿੰਦਰ ਸਿੰਘ ਚੋਣ ਜਿੱਤ ਗਿਆ ਸੀ ਪਰ 2022 ਵਿੱਚ ਉਹ ਵੀ ਕਰਤਾਰਪੁਰ ਤੋਂ ਹਾਰ ਗਿਆ। ਲੋਕ ਸਭਾ ਦੀ ਇਸ  ਉਪ ਚੋਣ ਵੇਲੇ ਚੌਧਰੀ ਸੁਰਿੰਦਰ ਸਿੰਘ ਦੇ ਆਪਣੇ ਪਰਿਵਾਰ ਦੀ ਕਾਂਗਰਸੀ ਵਿਰਾਸਤ ਛੱਡ ‘ਆਪ’ ਵਿੱਚ ਚਲੇ ਜਾਣ ਤੇ ਮਗਰੋਂ ਮੁੜ ਕਾਂਗਰਸ ’ਚ ਘਰ ਵਾਪਸੀ ਕਰਨ ਮਗਰੋਂ ਲੋਕਾਂ ਨੇ ਚੌਧਰੀਆਂ ਤੋਂ ਮੂੰਹ ਫੇਰ ਲਿਆ ਸੀ। ਕਾਂਗਰਸ ਕਰਤਾਰਪਰ ਤੋਂ ਤੀਜੇ ਨੰਬਰ ’ਤੇ ਖਿਸਕ ਗਈ।

ਪੰਥਕ ਹਲਕੇ ਨੂੰ ਲੱਗੀ ਢਾਹ

ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੂੰ 19,106 ਵੋਟਾਂ ਹੀ ਮਿਲੀਆਂ ਹਨ। ਇਸ ਹਲਕੇ ਦੀ  ਨੁਮਾਇੰਦਗੀ  ਕਦੇ  ਟਕਸਾਲੀ ਅਕਾਲੀ ਆਗੂ ਬਲਵੰਤ ਸਿੰਘ ਵੀ ਕਰਦੇ ਰਹੇ ਸਨ। ਇਸ ਹਲਕੇ ਤੋਂ 1997 ਤੋਂ ਲੈ ਕੇ 2018 ਤੱਕ ਅਕਾਲੀ ਆਗੂ ਅਜੀਤ ਸਿੰਘ ਕੋਹਾੜ ਦਾ 21 ਸਾਲ ਤੱਕ ਦਬਦਬਾ ਰਿਹਾ ਸੀ। ਉਨ੍ਹਾਂ ਦੀ 4 ਫਰਵਰੀ 2018 ਨੂੰ ਹੋਈ ਮੌਤ ਬਾਅਦ ਹੋਈ ਉਪ ਚੋਣ ਵਿੱਚ ਇਹ ਹਲਕਾ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਕਬਜ਼ੇ ਵਿੱਚ ਆ ਗਿਆ ਸੀ। 2022 ਦੀਆਂ ਚੋਣਾਂ ਵਿੱਚ ਸ਼ਾਹਕੋਟ ਵਿੱਚੋਂ ਮੁੜ ਹਰਦੇਵ ਸਿੰਘ ਲਾਡੀ ਜੇਤੂ ਰਹੇ ਸਨ ਤੇ ਉਨ੍ਹਾਂ 51,537 ਵੋਟਾਂ ਮਿਲੀਆਂ ਸਨ। ਦੂਜੇ ਪਾਸੇ ਉਦੋਂ ‘ਆਪ’ ਉਮੀਦਵਾਰ ਰਤਨ ਸਿੰਘ ਕਾਕੜ ਨੂੰ 29,348 ਵੋਟਾਂ ਮਿਲੀਆਂ ਸਨ। ਇਸ ਵਾਰ ਇਸ ਹਲਕੇ ਵਿੱੱਚੋਂ ‘ਆਪ’ 273 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ ਹੈ।

With Thanks Reference To : https://www.punjabitribuneonline.com/news/punjab/rinku39s-victory-three-assembly-constituencies-sealed-the-victory-of-39aap39-230301

Spread the love