ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਪੁੱਜੇ ਹਜ਼ਾਰਾਂ ਲੋਕ

2022_6$largeimg_161290936

ਸਥਾਨਕ ਅਨਾਜ ਮੰਡੀ ਵਿੱਚ ਅੱਜ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਸ਼ਖ਼ਸੀਅਤਾਂ ਤੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਲੋਕ ਸ਼ਾਮਲ ਹੋਏ। ਅੱਜ ਇਥੇ ਪਹੁੰਚੇ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਟੀ-ਸ਼ਰਟਾਂ, ਬੈਚ ਤੇ ਟੈਟੂ ਬਣਵਾ ਕੇ ਪੱਗਾਂ ਬੰਨ੍ਹੀਆਂ ਹੋਈਆਂ ਸਨ।

ਇਸ ਮੌਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ ਗਿਆ ਤੇ  ਕੀਰਤਨੀ ਜਥਿਆਂ ਨੇ ਸੰਦੇਸ਼ ਦਿੱਤਾ ਕਿ ਨੇਕ ਕਮਾਈ ਕਰਕੇ ਜਾਣ ਵਾਲੇ ਦਾ ਇਤਿਹਾਸ ਗਵਾਹ ਬਣਦਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਉਨ੍ਹਾਂ ਨੂੰ ਇਨਸਾਫ਼ ਦੇਵੇਗੀ, ਪਰ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਸਾਰੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਿਆਂ ਅਤੇ ਹਥਿਆਰਾਂ ਦੇ ਨਰਕ ਵਿੱਚੋਂ ਕੱਢਣ ਤਾਂ ਜੋ ਕਿਸੇ ਹੋਰ ਦਾ ਪੁੱਤ ਇੰਜ ਨਾ ਵਿਛੜੇ। ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਸਿੱਧੂ ਸਬੰਧੀ ਅਫਵਾਹਾਂ ਨਾ ਫੈ਼ਲਾਈਆਂ ਜਾਣ ਤੇ ਨਾ ਹੀ ਉਸ ਦੀ ਸਮਾਧ ’ਤੇ ਮੱਥਾ ਟੇਕਣ ਦੀ ਕੋਈ ਰੀਤ ਤੋਰੀ ਜਾਵੇ। ਉਨ੍ਹਾਂ ਨੌਜਵਾਨਾਂ ਨੂੰ ਸਿਰ ’ਤੇ ਦਸਤਾਰਾਂ ਸਜਾਉਣ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਹੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਹੈ, ਪਰ ਲੋਕਾਂ ਵੱਲੋਂ ਜੋ ਪਿਆਰ ਤੇ ਸਾਥ ਦਿੱਤਾ ਗਿਆ ਹੈ, ਉਸ ਨਾਲ ਪੰਜਾਬ ਦਾ ਹਰ ਨੌਜਵਾਨ ਉਨ੍ਹਾਂ ਦਾ ਪੁੱਤਰ ਬਣ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ੁਭਦੀਪ ਨੂੰ ਪਿਆਰ ਕਰਨ ਵਾਲਾ ਹਰ ਸ਼ਖ਼ਸ ਉਸ ਦੇ ਨਾਮ ਦਾ ਬੂਟਾ ਲਾ ਕੇ ਉਸ ਦਾ ਪਾਲਣ-ਪੋਸ਼ਣ ਕਰੇ ਤਾਂ ਜੋ ਉਸ ਬੂਟੇ ਦੇ ਰੂਪ ਵਿੱਚ ਸਿੱਧੂ ਹਮੇਸ਼ਾ ਜ਼ਿੰਦਾ ਰਹੇ।

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਬੀਰ ਸਿੰਘ ਜੀਰਾ, ਸਿਮਰਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਭੂੰਦੜ, ਅਜੀਤਇੰਦਰ ਸਿੰਘ ਮੋਫਰ, ਬਿਕਰਮ ਸਿੰਘ ਮੋਫਰ, ਸੰਗਰੂਰ ਤੋਂ ਉਮੀਦਵਾਰ ਦਲਬੀਰ ਸਿੰਘ ਗੋਲਡੀ, ਵਿਨਰਜੀਤ ਸਿੰਘ ਗੋਲਡੀ, ਕਲਾਕਾਰ ਕੌਰ ਬੀ, ਮੈਂਡੀ ਤੱਖਰ, ਅੰਮ੍ਰਿਤ ਮਾਨ, ਕੌਰਵਾਲਾ ਮਾਨ, ਕੁਲਵਿੰਦਰ ਬਿੱਲਾ, ਗਿੱਲ ਰੌਂਤਾ ਤੇ ਹੋਰ ਕਈ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਇਸ ਸ਼ਰਧਾਂਜਲੀ ਸਮਾਗਮ ਵਿੱਚ ਮਹਾਰਾਸ਼ਟਰ, ਬੰਗਾਲ, ਹਰਿਆਣਾ, ਰਾਜਸਥਾਨ ਤੇ ਵਿਦੇਸ਼ਾਂ ਤੋਂ ਨੌਜਵਾਨ ਪਹੁੰਚੇ।  ਇਕੱਠ ਇੰਨਾ ਵੱਡਾ ਸੀ ਕਿ ਇੱਥੇ ਆਉਣ ਵਾਲੇ ਵਾਹਨਾਂ ਕਾਰਨ ਇਲਾਕੇ ਵਿੱਚ ਦੂਰ-ਦੂਰ ਤੱਕ ਜਾਮ ਲੱਗ ਗਏ।

ਸਲਮਾਨ ਤੇ ਸਲੀਮ ਨੂੰ ਮਿਲੇ ਧਮਕੀ ਵਾਲੇ ਪੱਤਰ ਬਾਰੇ ਲਾਰੈਂਸ ਬਿਸ਼ਨੋਈ ਤੋਂ ਪੁੱਛ-ਪੜਤਾਲ 

ਨਵੀਂ ਦਿੱਲੀ/ਮੁੰਬਈ:ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਸ ਦੇ ਪਿਤਾ ਸਲੀਮ ਖਾਨ ਨੂੰ ਮਿਲੇ ਧਮਕੀ ਵਾਲੇ ਪੱਤਰ ਦੇ ਸਬੰਧ ਵਿੱਚ ਮੁੰਬਈ ਪੁਲੀਸ ਦੀ ਕਰਾਈਮ ਬ੍ਰਾਂਚ ਨੇ ਬੁੱਧਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ-ਪੜਤਾਲ ਕੀਤੀ। ਮੁੰਬਈ ਪੁਲੀਸ ਨੇ ਇਸ ਤੋਂ ਪਹਿਲਾਂ ਪਿਓ-ਪੁੱਤ ਦੀ ਜੋੜੀ ਦੇ ਬਿਆਨ ਦਰਜ ਕਰਵਾਏ ਸਨ ਤੇ ਬਾਂਦਰਾ ਇਲਾਕੇ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਪੁਲੀਸ ਨੇ ਸਲਮਾਨ ਖ਼ਾਨ ਦੇ ਦੋ ਬਾਡੀਗਾਰਡਾਂ ਦੇ ਬਿਆਨ ਵੀ ਲਏ ਸਨ। ਮੁੰਬਈ ਪੁਲੀਸ ਦੀ ਅਪਰਾਧਕ ਸਾਖ਼ਾ ਦੇ ਅਧਿਕਾਰੀ ਅੱਜ ਦਿੱਲੀ ਗਏ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ। ਖਾਨ ਪਿਓ-ਪੁੱਤ ਨੂੰ ਦਿੱਤੇ ਗਏ ਧਮਕੀ ਵਾਲੇ ਖ਼ਤ ਵਿੱਚ ‘ਜੀਬੀ’ ਅਤੇ ‘ਐੱਲਬੀ’ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਸ਼ੱਕ ਕੀਤਾ ਜਾ ਰਿਹਾ ਹੈ ਇਹ ਅਖ਼ਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਹਨ ਪਰ ਪੁਲੀਸ ਨੇ ਇਸ ਬਾਰੇ ਪੁਸ਼ਟੀ ਕਰਨ ਲਈ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਗੈਂਗਸਟਰ ਲਾਰੈਂਸ ਬਿਸ਼ਨੋਈ ਆਰਮਜ਼ ਐਕਟ ਕੇਸ ਨਾਲ ਸਬੰਧਿਤ ਮਾਮਲੇ ਵਿੱਚ ਦਿੱਲੀ ਪੁਲੀਸ ਦੀ ਰਿਮਾਂਡ ’ਤੇ ਹੈ ਅਤੇ ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਮੁੜ ਪੇਸ਼ ਕੀਤਾ ਜਾਵੇਗਾ।

With Thanks Refrence to: https://www.punjabitribuneonline.com/news/punjab/thousands-flock-to-pay-homage-to-sidhu-musewala-157452

Spread the love