ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਦਾ ਤਬਾਦਲਾ

2023_1$largeimg_1158655406

ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਦੇ ਤਬਾਦਲੇ ਤੋਂ ਪੰਜਾਬ ਦੇ ਪ੍ਰਸ਼ਾਸਕੀ ਹਲਕਿਆਂ ’ਚ ਮੁੜ ਹਲਚਲ ਵਧ ਗਈ ਹੈ। ‘ਆਪ’ ਸਰਕਾਰ ਬਾਰੇ ਇਹ ਪ੍ਰਭਾਵ ਜਾਣ ਲੱਗਿਆ ਹੈ ਕਿ ਜਿਹੜੇ ਅਧਿਕਾਰੀ ਸੁਰ ਮਿਲਾਉਣ ਤੋਂ ਪਾਸਾ ਵੱਟਦੇ ਹਨ, ਉਨ੍ਹਾਂ ਨੂੰ ਲਾਂਭੇ ਕਰ ਦਿੱਤਾ ਜਾਂਦਾ ਹੈ। ਇਸੇ ਦੌਰਾਨ ਅੱਜ ਐਤਵਾਰ ਵਾਲੇ ਦਿਨ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਵਿਸ਼ੇਸ਼ ਸਕੱਤਰ ਵਰਿੰਦਰ ਕੁਮਾਰ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਹਾਲਾਂਕਿ ਉਨ੍ਹਾਂ ਨੂੰ ਅਕਤੂਬਰ ਮਹੀਨੇ ’ਚ ਹੀ ਸਿੱਖਿਆ ਮਹਿਕਮੇ ’ਚ ਤਾਇਨਾਤ ਕੀਤਾ ਗਿਆ ਸੀ।

ਪੰਜਾਬ ਸਰਕਾਰ ਦੇ ਕਈ ਹੋਰਨਾਂ ਵਿਭਾਗਾਂ ਦੇ ਉੱਚ ਅਫਸਰ ਵੀ ਪ੍ਰਚਾਰ ਫੰਡਾਂ ਦੀ ਵਰਤੋਂ ਦੇ ਨਵੇਂ ਵਿਧੀ ਵਿਧਾਨ ਤੋਂ ਔਖੇ ਹਨ। ਸ਼ਰਮਾ ਇਮਾਨਦਾਰ ਅਕਸ ਵਾਲੇ 6ਵੇਂ ਅਧਿਕਾਰੀ ਹਨ, ਜਿਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਅਜੇ ਤੱਕ ਸਰਕਾਰ ਨੇ ਨਵੀਂ ਪੋਸਟਿੰਗ ਵੀ ਨਹੀਂ ਦਿੱਤੀ ਅਤੇ ਉਹ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਦੇ ਇੱਛੁਕ ਵੀ ਹਨ। ਇਸ ਦੌਰਾਨ ਅੱਜ ਚਰਚੇ ਛਿੜੇ ਹਨ ਕਿ ਬਦਲੇ ਗਏ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਖਿਲਾਫ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ।

ਉਨ੍ਹਾਂ ’ਤੇ ਇਹ ਇਲਜ਼ਾਮ ਹਨ ਕਿ ਉਨ੍ਹਾਂ ਆਪਣੀ ਤਾਇਨਾਤੀ ਦੌਰਾਨ ਡਾਇਗਨੌਸਟਿਕ ਮਸ਼ੀਨਾਂ ਦਾ ਟੈਂਡਰ ਆਪਣੇ ਕਿਸੇ ਨੇੜਲੇ ਦੀ ਫਰਮ ਨੂੰ ਅਲਾਟ ਕੀਤਾ ਹੈ। ਪਤਾ ਲੱਗਾ ਹੈ ਕਿ ਅਜਿਹਾ ਫੈਸਲਾ ਪੰਜਾਬ ਕੈਬਨਿਟ ਵੱਲੋਂ ਹੀ ਕੀਤਾ ਗਿਆ ਸੀ। ਸਰਕਾਰੀ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਜਾਂਚ ਦੇ ਹੁਕਮਾਂ ਤੋਂ ਇਨਕਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਅਜੋਏ ਸ਼ਰਮਾ ਦੇ ਤਬਾਦਲੇ ਨੂੰ ਲੈ ਕੇ ਰੌਲਾ ਪਿਆ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਆਮ ਆਦਮੀ ਕਲੀਨਿਕ ਦੇ ਪ੍ਰਚਾਰ ਲਈ ਸਿਹਤ ਫੰਡਾਂ ’ਚੋਂ 30 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਜਾਵੇ। ਅਜੋਏ ਸ਼ਰਮਾ ਨੇ ਇਹ ਪ੍ਰਵਾਨਗੀ ਨਹੀਂ ਦਿੱਤੀ ਕਿਉਂਕਿ ਕਲੀਨਿਕਾਂ ਦੀ ਉਸਾਰੀ ’ਤੇ 10 ਕਰੋੜ ਖਰਚ ਕੀਤੇ ਗਏ ਹਨ ਅਤੇ ਦੱਖਣੀ ਸੂਬਿਆਂ ਵਿੱਚ ਉਨ੍ਹਾਂ ਦੇ ਪ੍ਰਚਾਰ ’ਤੇ 30 ਕਰੋੜ ਖਰਚਣੇ ਕਿਸੇ ਪੱਖੋਂ ਜਾਇਜ਼ ਨਹੀਂ ਹਨ। ਸੂਤਰਾਂ ਮੁਤਾਬਕ ਅਸਲ ਵਿਚ ਇੱਕ ਉੱਚ ਪੱਧਰੀ ਜਾਂਚ ਵਿਚ ਘਿਰੇ ਅਧਿਕਾਰੀ ਨੇ ਆਪਣੇ ਗਲੋਂ ਪੱਲਾ ਲਾਹੁਣ ਲਈ ਇੱਕ ਨਵੀਂ ਤਰਕੀਬ ਸਰਕਾਰ ਦੇ ਕੰਨਾਂ ਵਿਚ ਪਾ ਦਿੱਤੀ ਸੀ। ਅਸਲ ਵਿਚ ਕਈ ਵਿਭਾਗਾਂ ਕੋਲ ਪ੍ਰਚਾਰ ਵਾਸਤੇ ਪੈਸਾ ਰਾਖਵਾਂ ਪਿਆ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਇਹ ਪੈਸਾ ਵੱਖ ਵੱਖ ਵਿਭਾਗ ਖੁਦ ਹੀ ਆਪਣੀ ਜ਼ਿੰਮੇਵਾਰੀ ’ਤੇ ਪ੍ਰਚਾਰ ਲਈ ਖਰਚ ਕਰਨ ਤਾਂ ਜੋ ਕਿਸੇ ਪੜਾਅ ’ਤੇ ਪ੍ਰਚਾਰ ਫੰਡਾਂ ’ਤੇ ਸਮੁੱਚਾ ਖਰਚਾ ਬੇਪਰਦ ਨਾ ਹੋ ਸਕੇ। ਅਜੋਏ ਸ਼ਰਮਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਖੇਤੀ ਮਹਿਕਮੇ ਕੋਲ ਕਰੀਬ 100 ਕਰੋੜ ਰੁਪਏ ਪ੍ਰਚਾਰ ਫੰਡਾਂ ਵਜੋਂ ਰਾਖਵੇਂ ਪਏ ਹਨ। ਸਰਕਾਰ ਚਾਹੁੰਦੀ ਹੈ ਕਿ ਇਹ ਫੰਡ ਮਹਿਕਮਾ ਖੁਦ ਖਰਚੇ ਅਤੇ ਵਾਇਆ ਲੋਕ ਸੰਪਰਕ ਵਿਭਾਗ ਇਹ ਪੈਸਾ ਨਾ ਖਰਚ ਕੀਤਾ ਜਾਵੇ। ਇਸੇ ਤਰ੍ਹਾਂ ਦਾ ਮਾਮਲਾ ਸਿੱਖਿਆ ਮਹਿਕਮੇ ਦਾ ਹੈ। ਚਰਚੇ ਹਨ ਕਿ ਇਸੇ ਚੱਕਰ ਵਿਚ ਡਾਇਰੈਕਟਰ ਜਨਰਲ, ਸਿੱਖਿਆ ਵਿਭਾਗ ਦਾ ਤਬਾਦਲਾ ਹੋਇਆ ਹੈ। ਪ੍ਰਚਾਰ ਫੰਡ ਵਿਭਾਗ ਅਨੁਸਾਰ ਖਰਚਣ ਨੂੰ ਲੈ ਕੇ ਪਿਛਲੇ ਦਿਨੀਂ ਕੁਝ ਵਜ਼ੀਰਾਂ ਦੀ ਮੀਟਿੰਗ ਵੀ ਹੋਈ ਸੀ ਅਤੇ ਇਨ੍ਹਾਂ ਵਿਭਾਗਾਂ ਦੇ ਸਕੱਤਰਾਂ ਨੇ ਵੀ ਇਸ ਨਵੇਂ ਰੱਫੜ ਵਿਚ ਪੈਣ ਤੋਂ ਆਨਾਕਾਨੀ ਕੀਤੀ ਸੀ। ਵਿਭਾਗਾਂ ਦੇ ਉੱਚ ਅਧਿਕਾਰੀ ਖੁਦ ਪ੍ਰਚਾਰ ਫੰਡ ਖਰਚਣ ਦੀ ਥਾਂ ਵਾਇਆ ਸੂਚਨਾ ਤੇ ਲੋਕ ਸੰਪਰਕ ਵਿਭਾਗ ਖਰਚ ਕਰਨ ਦੇ ਇੱਛੁਕ ਹਨ। ਪਤਾ ਲੱਗਾ ਹੈ ਕਿ ਸ਼ੁੱਕਰਵਾਰ ਨੂੰ ਮੁੱਖ ਸਕੱਤਰ ਰਾਤ ਦੇ 9 ਵਜੇ ਤੱਕ ਆਪਣੇ ਦਫਤਰ ਬੈਠੇ ਰਹੇ ਸਨ। ਉਸੇ ਦਿਨ ਅਜੋਏ ਸ਼ਰਮਾ ਦਾ ਤਬਾਦਲਾ ਕੀਤਾ ਗਿਆ ਹੈ। ਦੱਸਦੇ ਹਨ ਕਿ ਅਜੋਏ ਸ਼ਰਮਾ ਨੇ ‘ਆਪ’ ਸਰਕਾਰ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਦੇ ਕਮਿਸ਼ਨ ਮਾਮਲੇ ਨੂੰ ਬੇਪਰਦ ਕਰਨ ਵਿਚ ਮੁੱਖ ਸੂਤਰਧਾਰ ਦੀ ਭੂਮਿਕਾ ਨਿਭਾਈ ਸੀ ਅਤੇ ਸੀਵਰੇਜ ਮਹਿਕਮੇ ਵਿਚ ਆਪਣੀ ਤਾਇਨਾਤੀ ਦੌਰਾਨ ਵੀ ਕਈ ਗਲਤ ਕੰਮਾਂ ਨੂੰ ਨੰਗਾ ਕੀਤਾ ਸੀ।

ਹੁਣ ਤੱਕ ਛੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ

ਪੰਜਾਬ ਸਰਕਾਰ ਵੱਲੋਂ ਹੁਣ ਤੱਕ ਛੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਜਾ ਚੁੱਕਾ ਹੈ। ਸਭ ਤੋਂ ਪਹਿਲਾਂ ਮੁੱਖ ਸਕੱਤਰ ਅਨਿਰੁਧ ਤਿਵਾੜੀ ਦਾ ਤਬਾਦਲਾ ਹੋਇਆ। ਫਿਰ ਗੁਰਕੀਰਤ ਕ੍ਰਿਪਾਲ ਸਿੰਘ ਦੀ ਬਦਲੀ ਹੋਈ ਜਿਸ ਨਾਲ ਸਰਕਾਰ ਦਾ ਪ੍ਰਭਾਵ ਆਮ ਲੋਕਾਂ ਵਿਚ ਚੰਗਾ ਨਹੀਂ ਗਿਆ। ਹਾਈਕੋਰਟ ਦੇ ਸਟੇਅ ਦੇ ਬਾਵਜੂਦ ਖਣਨ ਮਹਿਕਮੇ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ’ਤੇ ਦਬਾਅ ਪਾਇਆ ਗਿਆ ਕਿ ਉਹ ਮਾਈਨਿੰਗ ਹੋਣ ਦੇਣ। ਸੂਤਰਾਂ ਮੁਤਾਬਕ ਦਿੱਲੀ ਤੋਂ ਆਏ ਲੋਕਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਨ ’ਤੇ ਖੇਤੀ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਨੂੰ ਵੀ ਬਦਲ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਜਦੋਂ ਕ੍ਰਿਸ਼ਨ ਕੁਮਾਰ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਵੀ ਰਾਤੋ ਰਾਤ ਬਦਲ ਦਿੱਤਾ ਗਿਆ। ਕੇ.ਏ.ਪੀ ਸਿਨਹਾ ਤੋਂ ਆਬਕਾਰੀ ਅਤੇ ਫਿਰ ਵਿੱਤ ਵਿਭਾਗ ਵਾਪਸ ਲੈਣ ਤੋਂ ਵੀ ਗੱਲਾਂ ਹੋਣ ਲੱਗੀਆਂ ਸਨ।

With Thanks Refrence to: https://www.punjabitribuneonline.com/news/punjab/transfer-of-director-general-of-education-department-206840

Spread the love