ਲਾਰੈਂਸ ਬਿਸ਼ਨੋਈ ਤੋਂ ਮੁਹਾਲੀ ’ਚ ਪੁੱਛ-ਪੜਤਾਲ
ਕਾਂਗਰਸ ਆਗੂ ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪ੍ਰੋਡਕਸ਼ਨ ਵਰੰਟ ’ਤੇ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਪੁੱਛ-ਪੜਤਾਲ ਲਈ ਸਵੇਰੇ ਕਰੀਬ ਸਵਾ ਕੁ 8 ਵਜੇ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਖਰੜ ਲਿਆਂਦਾ ਗਿਆ। ਉੱਥੇ ਸੀਨੀਅਰ ਪੁਲੀਸ ਅਫ਼ਸਰਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਸ ਤੋਂ ਵਾਰੋ-ਵਾਰੀ ਸਿੱਧੂ ਮੂਸੇਵਾਲਾ ਅਤੇ ਵਿੱਕੀ ਮਿੱਡੂਖੇੜਾ ਹੱਤਿਆ ਕਾਂਡ ਸਮੇਤ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਹਮਲੇ ਬਾਰੇ ਪੁੱਛ-ਪੜਤਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਪ੍ਰੋਡਕਸ਼ਨ ਵਰੰਟ ’ਤੇ ਟਰਾਂਜ਼ਿਟ ਰਿਮਾਂਡ ਮਿਲਣ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਲਿਆਂਦਾ ਗਿਆ ਸੀ। ਪੁਲੀਸ ਉਸ ਨੂੰ ਲੈ ਕੇ ਅੱਜ ਸਵੇਰੇ ਕਰੀਬ ਚਾਰ ਵਜੇ ਮਾਨਸਾ ਪਹੁੰਚੀ ਸੀ। ਉੱਥੇ ਉਸ ਨੂੰ ਸੁਵੱਖਤੇ ਹੀ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਦਫ਼ਤਰ ਖਰੜ ਲਿਆਂਦਾ ਗਿਆ। ਇੱਥੇ ਮੁਹਾਲੀ ਪੁਲੀਸ ਨੇ ਅਸਲੇ ਸਣੇ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਤੇ ਗੋਲਡੀ ਬਰਾੜ ਦੇ ਦੋ ਸਾਥੀਆਂ ਗਗਨਦੀਪ ਸਿੰਘ ਉਰਫ਼ ਗੱਗੀ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਲਾਰੈਂਸ ਦੇ ਸਾਹਮਣੇ ਬਿਠਾ ਕੇ ਕਰਾਸ ਪੁੱਛ-ਪੜਤਾਲ ਕੀਤੀ। ਹਲਚਲ ਜ਼ਿਆਦਾ ਵਧਣ ਵਧਣ ਕਾਰਨ ਪੁਲੀਸ ਨੇ ਸੀਆਈਏ ਸਟਾਫ਼ ਨੂੰ ਜਾਂਦਾ ਰਸਤਾ ਬੈਰੀਕੇਡ ਲਾ ਕੇਸੀਲ ਕਰ ਦਿੱਤਾ ਤੇ ਕਿਸੇ ਵੀ ਮੀਡੀਆ ਕਰਮੀ ਜਾਂ ਆਮ ਵਿਅਕਤੀ ਨੂੰ ਇੱਧਰ ਨਹੀਂ ਜਾਣਾ ਦਿੱਤਾ ਗਿਆ। ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਸਮੇਤ ਪੰਜਾਬ ਪੁਲੀਸ ਦੇ ਹੋਰ ਸੀਨੀਅਰ ਅਫ਼ਸਰਾਂ ਨੇ ਲਾਰੈਂਸ ਤੋਂ ਖ਼ੁਦ ਪੁੱਛ-ਪੜਤਾਲ ਕੀਤੀ ਹੈ। ਇਸ ਤੋਂ ਇਲਾਵਾ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਪਹਿਲਾਂ ਹੀ ਬਣੀ ਹੋਈ ਹੈ। ਸੂਤਰਾਂ ਅਨੁਸਾਰ ਸਿੱਧੂ ਮੂਸੇਵਾਲਾ ਨੂੰ ਜਾਨੋਂ ਮਾਰਨ ਲਈ ਇਸ ਸਾਲ ਜਨਵਰੀ ਤੋਂ ਹੀ ਰੇਕੀ ਕੀਤੀ ਜਾ ਰਹੀ ਸੀ। ਇਸ ਕੰਮ ’ਤੇ ਲਾਏ ਗਏ ਮੁਲਜ਼ਮਾਂ ਨੂੰ ਲਾਰੈਂਸ ਬਿਸ਼ਨੋਈ ਦੇ ਕਹਿਣ ’ਤੇ ਹੀ ਵੱਖ-ਵੱਖ ਟਿਕਾਣਿਆਂ ਉਤੇ ਪਨਾਹ ਦਿੱਤੀ ਗਈ ਸੀ। ਪੁਲੀਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਕੌਣ ਸਨ। ਪੁਲੀਸ ਹੋਰ ਵੀ ਕਈ ਵਾਰਦਾਤਾਂ ’ਚ ਵਰਤੇ ਗਏ ਹਥਿਆਰਾਂ ਬਾਰੇ ਜਾਂਚ ਕਰ ਰਹੀ ਹੈ।
ਸੀਆਈਏ ਸਟਾਫ਼ ਨੇ ਮੀਡੀਆ ਨਾਲ ਖੇਡੀ ਲੁਕਣਮੀਚੀ
ਸੀਆਈਏ ਸਟਾਫ਼ ਦੇ ਬਾਹਰ ਅੱਜ ਟਰਾਈਸਿਟੀ ਦਾ ਮੀਡੀਆ ਇਕੱਠਾ ਹੋਣ ਅਤੇ ਲਾਈਵ ਪ੍ਰਸਾਰਨ ਹੋਣ ਕਾਰਨ ਪੁਲੀਸ ਨੇ ਜਾਂਚ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਮੀਡੀਆ ਨੂੰ ਭੁਲੇਖਾ ਪਾਉਣ ਲਈ ਅਜੀਬ ਕਿਸਮ ਦੀ ਲੁਕਣਮੀਚੀ ਖੇਡੀ। ਪੰਜਾਬ ਪੁਲੀਸ ਦਾ ਇੱਕ ਵੱਡਾ ਕਾਫ਼ਲਾ ਜਿਸ ਵਿੱਚ ਬੁਲੇਟ ਪਰੂਫ਼ ਗੱਡੀ ਵੀ ਸ਼ਾਮਲ ਸਨ, ਅੱਜ ਸੀਆਈਏ ਸਟਾਫ਼ ਤੋਂ ਕਿਸੇ ਹੋਰ ਥਾਂ ਲਈ ਰਵਾਨਾ ਹੋ ਗਿਆ ਅਤੇ ਮੀਡੀਆ ਕਰਮੀਆਂ ਨੇ ਵੀ ਆਪਣੇ ਵਾਹਨ ਇਸ ਕਾਫ਼ਲੇ ਦੇ ਪਿੱਛੇ ਲਾ ਲਏ ਪਰ ਰਸਤੇ ਵਿੱਚ ਪੁਲੀਸ ਆਪਣੇ ਵੱਖੋ-ਵੱਖਰੇ ਤਿੰਨ ਕਾਫ਼ਲੇ ਬਣਾ ਕੇ ਵੱਖ-ਵੱਖ ਪਾਸੇ ਰਵਾਨਾ ਹੋ ਗਈ। ਇਸ ਤੋਂ ਬਾਅਦ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਕਿ ਪੁਲੀਸ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਕਿਸੇ ਅਣਦੱਸੀ ਥਾਂ ਲਈ ਰਵਾਨਾ ਹੋ ਗਈ ਹੈ।
ਗੈਂਗਸਟਰ ਨੂੰ ਦਰਜਨ ਗੱਡੀਆਂ ਦੇ ਕਾਫ਼ਲੇ ’ਚ ਲਿਆਂਦਾ ਗਿਆ ਮਾਨਸਾ
ਮਾਨਸਾ (ਜੋਗਿੰਦਰ ਸਿੰਘ ਮਾਨ):ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਮਾਨਸਾ ਪੁਲੀਸ ਅੱਜ ਸਵੇਰੇ ਵੱਡੇ ਤੜਕੇ ਸਾਢੇ ਤਿੰਨ ਵਜੇ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਲਈ ਪੁੱਜੀ ਤੇ ਬਾਅਦ ਵਿੱਚ ਉਸ ਨੂੰ ਕਰੀਬ ਸਾਢੇ ਚਾਰ ਵਜੇ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕਰ ਕੇ 22 ਜੂਨ ਤੱਕ ਪੁਲੀਸ ਰਿਮਾਂਡ ਲਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਦੋ ਬੁਲੇਟ ਪਰੂਫ਼ ਗੱਡੀਆਂ ਵਿਚ 50 ਉੱਚ ਅਧਿਕਾਰੀਆਂ ਦੀ ਨਿਗਰਾਨੀ ਵਿਚ ਲਿਆਂਦਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਨੇ ਲੰਮਾ ਰੂਟ ਚੁਣਿਆ। ਉਸ ਨੂੰ 12 ਗੱਡੀਆਂ ਦੇ ਕਾਫ਼ਲੇ ਸਮੇਤ ਦਿੱਲੀ ਤੋਂ ਵਾਇਆ ਸੋਨੀਪਤ, ਪਾਣੀਪਤ, ਕਰਨਾਲ, ਅੰਬਾਲਾ ਪੰਜਾਬ ਵਿਚ ਦਾਖਲ ਕੀਤਾ ਗਿਆ। ਰਾਹ ਵਿਚ ਬੁਲੇਟ ਪਰੂਫ਼ ਗੱਡੀਆਂ ਨੂੰ ਅੱਗੇ-ਪਿੱਛੇ ਕੀਤਾ ਗਿਆ ਤਾਂ ਕਿ ਲਾਰੈਂਸ ਬਿਸ਼ਨੋਈ ਵਾਲੀ ਗੱਡੀ ਦਾ ਕਿਸੇ ਨੂੰ ਅੰਦਾਜ਼ਾ ਨਾ ਲੱਗ ਸਕੇ। ਫ਼ਿਲਹਾਲ ਬਿਸ਼ਨੋਈ ਤੋਂ ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
With Thanks Refrence to: https://www.punjabitribuneonline.com/news/punjab/interrogation-of-lawrence-bishnoi-in-mohali-159068