ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਧਰਨਾ ਦਿੰਦੇ ਕਾਂਗਰਸੀ ਹਿਰਾਸਤ ’ਚ ਲਏ

2022_6$largeimg_85041630

ਚੰਡੀਗੜ੍ਹ ਪੁਲੀਸ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੰਦਰ ਧਰਨਾ ਦੇਣ ਵਾਲੇ ਪੰਜਾਬ ਦੇ ਤਿੰਨ ਦਰਜਨ ਵਿਧਾਇਕਾਂ/ਸਾਬਕਾ ਵਿਧਾਇਕਾਂ ਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਨ੍ਹਾਂ ’ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਆਦਿ ਵੀ ਸ਼ਾਮਿਲ ਹਨ। ਇਹ ਕੇਸ ਚੰਡੀਗੜ੍ਹ ਦੇ ਸੈਕਟਰ ਤਿੰਨ ਦੇ ਥਾਣੇ ਵਿਚ ਦਰਜ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤੇ ਜਾਣ ਅਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੇ ਰੋਸ ਵਜੋਂ ਕਾਂਗਰਸੀ ਆਗੂ ਅੱਜ ਮੁੱਖ ਮੰਤਰੀ ਰਿਹਾਇਸ਼ ’ਤੇ ਪੁੱਜੇ ਸਨ। ਇਹ ਸਾਰੇ ਆਗੂ ਰਿਹਾਇਸ਼ ਅੰਦਰ ਦਾਖਲ ਹੋਏ ਤਾਂ ਮੁੱਖ ਮੰਤਰੀ ਸਟਾਫ਼ ਨੇ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੁਲਾ ਲਿਆ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਇਨ੍ਹਾਂ ਆਗੂਆਂ ਨੂੰ ਤਰਕ ਦਿੱਤਾ ਕਿ ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਸਮਾਂ ਲਿਆ ਜਾਣਾ ਜ਼ਰੂਰੀ ਸੀ ਅਤੇ ਨਾਲ ਹੀ ਪ੍ਰਮੁੱਖ ਸਕੱਤਰ ਨੇ ਮੁੜ ਮਿਲਣ ਦਾ ਸਮਾਂ ਵੀ ਦੇ ਦਿੱਤਾ। ਉਸ ਮਗਰੋਂ ਕਾਂਗਰਸੀ ਆਗੂ ਭੜਕ ਗਏ ਤੇ ਉਨ੍ਹਾਂ ਮੁੱਖ ਮੰਤਰੀ ਦੀ ਰਿਹਾਇਸ਼ ਅੰਦਰ ਹੀ ਧਰਨਾ ਸ਼ੁਰੂ ਕਰ ਦਿੱਤਾ। ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਲੋਕ ਰਾਜ ਦਾ ਘਾਣ ਹੈ। ਸਾਬਕਾ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਜ਼ਲੀਲ ਕੀਤਾ ਗਿਆ ਹੈ। ਉਹ ਸਮਾਂ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਪੁੱਜੇ ਸਨ। ਸਿਆਸੀ ਹਲਕੇ ਇਹ ਵੀ ਆਖਦੇ ਹਨ ਕਿ ਜੇਕਰ ਵਿਰੋਧੀ ਧਿਰ ਦੇ ਆਗੂ ਬਿਨਾਂ ਸਮਾਂ ਲਏ ਪੁੱਜ ਗਏ ਸਨ ਤਾਂ ਮੁੱਖ ਮੰਤਰੀ ਨੂੰ ਸਭ ਨੂੰ ਮਿਲ ਲੈਣਾ ਚਾਹੀਦਾ ਸੀ। ਕਾਂਗਰਸ ਆਗੂਆਂ ਨੇ ਇਸ ਮੌਕੇ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸ ਆਗੂਆਂ ਵੱਲੋਂ ਧਰਨਾ ਦਿੱਤੇ ਜਾਣ ਮਗਰੋਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਇਸ ਦੀ ਜਾਣਕਾਰੀ ਚੰਡੀਗੜ੍ਹ ਦੇ ਐੱਸਐੱਸਪੀ ਨੂੰ ਦਿੱਤੀ।

ਕਾਂਗਰਸ ਆਗੂਆਂ ਦੀ ਅਗਵਾਈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਸਨ। ਜਦੋਂ ਮਾਹੌਲ ਵਿਗੜਨ ਲੱਗਾ ਤਾਂ ਚੰਡੀਗੜ੍ਹ ਪੁਲੀਸ ਨੇ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਅਤੇ ਥਾਣੇ ਲਿਜਾਣ ਮਗਰੋਂ ਛੱਡ ਦਿੱਤਾ। ਚੰਡੀਗੜ੍ਹ ਪੁਲੀਸ ਨੇ ਕਿਹਾ ਕਿ ਕਾਂਗਰਸੀ ਆਗੂ ਮੁੱਖ ਮੰਤਰੀ ਦੀ ਰਿਹਾਇਸ਼ ਕੋਲ ਇਕੱਠੇ ਹੋਏ ਜਿਨ੍ਹਾਂ ਦੀ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਤੈਅ ਨਹੀਂ ਸੀ। ਉਨ੍ਹਾਂ ਨੂੰ 10 ਜੂਨ ਨੂੰ ਇੱਕ ਵਜੇ ਦਾ ਸਮਾਂ ਦਿੱਤਾ ਗਿਆ ਸੀ। ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਤੋਂ ਬਾਕਾਇਦਾ 10 ਵਜੇ ਦਾ ਸਮਾਂ ਲੈ ਕੇ ਆਏ ਸਨ ਪਰ ਉਨ੍ਹਾਂ ਨੂੰ ਰਿਹਾਇਸ਼ ਅੰਦਰ ਬੁਲਾ ਕੇ ਮੁੱਖ ਮੰਤਰੀ ਨੇ ਮਿਲਣ ਤੋਂ ਨਾਂਹ ਕਰ ਦਿੱਤੀ।

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਕਿ ਉਹ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਫੜੇ ਗਏ ਕਿਸੇ ਵਿਅਕਤੀ ਨੂੰ ਛੁਡਾਉਣ ਲਈ ਨਹੀਂ ਗਏ ਸਨ ਬਲਕਿ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਗੱਲ ਕਰਨ ਗਏ ਸਨ। ਮੁੱਖ ਮੰਤਰੀ ਕੋਲ ਗੱਲ ਕਰਨ ਦਾ ਸਮਾਂ ਨਹੀਂ ਸੀ ਜੋ ਕਿ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਅਤੇ ਰੋਜ਼ਾਨਾ ਮਾਵਾਂ ਦੇ ਪੁੱਤ ਜਾਨਾਂ ਗੁਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਹਉਮੈ ਛੱਡ ਕੇ ਆਮ ਲੋਕਾਂ ਦੀ ਗੱਲ ਸੁਣਨ।

ਰਿਸ਼ਵਤਖੋਰੀ ਕਾਂਗਰਸੀਆਂ ਦੇ ਖੂਨ ਵਿੱਚ: ਭਗਵੰਤ ਮਾਨ

ਚੰਡੀਗੜ੍ਹ (ਟਨਸ):ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਦਿੱਤੇ ਗਏ ਧਰਨੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਰਿਸ਼ਵਤਖੋਰਾਂ ਦੇ ਹੱਕ ਵਿੱਚ ਧਰਨੇ ਦੇਣਾ ਕਾਂਗਰਸੀਆਂ ਦੇ ਖੂਨ ’ਚ ਰਿਸ਼ਵਤਖੋਰੀ ਹੋਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਬਿਨਾਂ ਸਮਾਂ ਲਏ ਆਏ ਤੇ ਰਿਸ਼ਵਤਖੋਰਾਂ ਦੇ ਹੱਕ ਵਿੱਚ ਨਾਅਰੇ ਲਾਉਂਦੇ ਹੋਏ ਆਪਣੇ ਹੱਕ ਮੰਗ ਰਹੇ ਹਨ। ਸ੍ਰੀ ਮਾਨ ਨੇ ਟਵੀਟ ਕੀਤਾ, ‘‘ਮੈਨੂੰ ਦੁੱਖ ਹੈ ਕਿ ਬਿਨਾਂ ਸਮਾਂ ਲਏ ਪੰਜਾਬ ਦੀ ਬਚੀ-ਖੁਚੀ ਕਾਂਗਰਸ ਅੱਜ ਰਿਸ਼ਵਤ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਆਪਣੇ ਲੀਡਰਾਂ ਦੇ ਹੱਕ ਵਿੱਚ ਮੇਰੇ ਘਰ ਧਰਨਾ ਦੇਣ ਆਈ। ਪੰਜਾਬ ਲੁੱਟਣ ਵਾਲਿਆਂ ਦਾ ਸਾਥ ਦੇਣਾ ਇਹ ਸਬੂਤ ਹੈ ਕਿ ਰਿਸ਼ਵਤ ਇਨ੍ਹਾਂ ਦੇ ਖੂਨ ਵਿੱਚ ਹੈ। ਨਾਅਰੇ ਲਾ ਰਹੇ ਸਨ ਕਿ ਸਾਡੇ ਹੱਕ ਐਥੇ ਰੱਖ, ਮਤਲਬ ਰਿਸ਼ਵਤਖੋਰੀ ਕਾਂਗਰਸ ਦਾ ਹੱਕ ਹੈ?’’ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਕੇ ਕਿਹਾ ਕਿ ਭ੍ਰਿਸ਼ਟਾਚਾਰ ਕਾਂਗਰਸ ਦੇ ਡੀਐੱਨਏ ’ਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਆਪਣੇ ਭ੍ਰਿਸ਼ਟ ਮੰਤਰੀਆਂ ਦੀਆਂ ਕਰਤੂਤਾਂ ਦੀ ਹਮਾਇਤ ਵਿੱਚ ਦਿੱਤਾ ਗਿਆ ਧਰਨਾ ਬੇਤੁਕਾ ਤੇ ਹਾਸੋਹੀਣਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰ ਦੇਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਕਦੇ ਵੀ ਕਾਂਗਰਸੀ ਵਿਧਾਇਕਾਂ ਦੀ ਮੁਲਾਕਾਤ ਮੁੱਖ ਮੰਤਰੀ ਨਹੀਂ ਸੀ ਹੁੰਦੀ ਪਰ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਸਮਾਂ ਲਏ ਆਏ ਕਾਂਗਰਸੀ ਵਿਧਾਇਕਾਂ ਦੀ ਗੱਲ ਵੀ ਸੁਣੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਲਈ ਕਾਂਗਰਸੀ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਧਰਨੇ ਦੇ ਕੇ ਬੈਠ ਗਏ। ਸ੍ਰੀ ਚੀਮਾ ਨੇ ਕਿਹਾ ਕਿ ਧਰਮਸੋਤ ਖ਼ਿਲਾਫ਼ ਪੰਜਾਬ ਸਰਕਾਰ ਕੋਲ ਬਹੁਤ ਸਬੂਤ ਹਨ। ਉਸ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਆਪਣੇ ਭ੍ਰਿਸ਼ਟ ਆਗੂਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਤਰਲੋਮੱਛੀ ਹੋ ਰਹੀ ਹੈ। ਇਸੇ ਲਈ ਕਾਂਗਰਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਨ ਦਾ ਕੋਈ ਸਮਾਂ ਨਹੀਂ ਲਿਆ ਸੀ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਹੰਗਾਮਾ ਕੀਤਾ।

With Thanks Refrence to: https://www.punjabitribuneonline.com/news/punjab/congressmen-protesting-at-the-chief-minister39s-residence-were-detained-157687

Spread the love