ਮੀਂਹ ਤੇ ਗੜਿਆਂ ਕਾਰਨ ਕਣਕ ਦੀ ਵਾਢੀ ਨੂੰ ਮੁੜ ਬਰੇਕਾਂ
ਪੰਜਾਬ ਦੇ ਕਈ ਖ਼ਿੱਤਿਆਂ ’ਚ ਮੁੜ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਣਕ ਦੀ ਖੜ੍ਹੀ ਫ਼ਸਲ ਨੂੰ ਮਧੋਲ ਦਿੱਤਾ ਹੈ। ਬੀਤੀ ਰਾਤ ਕਈ ਜ਼ਿਲ੍ਹਿਆਂ ਵਿਚ ਤੇਜ਼ ਝੱਖੜ ਆਇਆ ਅਤੇ ਦਰਮਿਆਨੀ ਬਾਰਸ਼ ਵੀ ਹੋਈ। ਅੱਜ ਦੁਪਹਿਰ ਬਾਅਦ ਕਈ ਜ਼ਿਲ੍ਹਿਆਂ ਵਿਚ ਅਚਨਚੇਤ ਗੜੇ ਪਏ ਅਤੇ ਮੀਂਹ ਪਿਆ। ਉਂਜ ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਸੀ। ਸੂਬੇ ਦੇ ਖ਼ਰੀਦ ਕੇਂਦਰਾਂ ਵਿਚ ਪਈ ਕਣਕ ਦੀ ਫ਼ਸਲ ਭਿੱਜ ਗਈ ਹੈ। ਮੰਡੀਆਂ ਵਿਚ ਲਿਫ਼ਟਿੰਗ ਦਾ ਕੰਮ ਪਹਿਲਾਂ ਹੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਸੀ ਅਤੇ ਉਪਰੋਂ ਬਾਰਸ਼ ਹੋਣ ਨਾਲ ਬੋਰੀਆਂ ਭਿੱਜ ਗਈਆਂ ਹਨ ਜਿਸ ਕਰ ਕੇ ਲਿਫ਼ਟਿੰਗ ਦੇ ਕੰਮ ਵਿਚ ਖੜੋਤ ਬਣੇਗੀ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਵੀ ਗੜੇ ਪੈਣ, ਗਰਜ ਅਤੇ ਤੇਜ਼ ਹਨੇਰੀ ਦੇ ਨਾਲ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਤੋਂ ਇਲਾਵਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਕਈ ਪਿੰਡਾਂ ਵਿਚ ਗੜੇ ਪੈਣ ਦੀਆਂ ਰਿਪੋਰਟਾਂ ਹਨ। ਖੰਨਾ ਮੰਡੀ ਵਿਚ ਤੇਜ਼ ਮੀਂਹ ਪਿਆ ਅਤੇ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰ ਤੇ ਮੋਹਨਮਾਜਰਾ ਵਿਚ ਗੜੇ ਪਏ ਹਨ। ਇਸੇ ਤਰ੍ਹਾਂ ਅਜਨਾਲਾ, ਬਲਾਚੌਰ, ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਅਤੇ ਪਟਿਆਲਾ ਦੇ ਘੜਾਮ ਇਲਾਕੇ ਵਿਚ ਵੀ ਗੜੇ ਪਏ ਹਨ।
ਹਰਿਆਣਾ ਦੇ ਬਹੁਤੇ ਇਲਾਕਿਆਂ ਵਿਚ ਵੀ ਗੜੇ ਪੈਣ ਦੀਆਂ ਰਿਪੋਰਟਾਂ ਹਨ। ਪੰਜਾਬ ਦੇ ਸੰਘੋਲ ਇਲਾਕੇ ਅਤੇ ਤਰਨ ਤਾਰਨ ਦੇ ਧਾਰੀਵਾਲ ਕਲੇਰ ਪਿੰਡ ਵਿਚ ਵੀ ਗੜੇ ਪਏ। ਹਲਕਾ ਦਿੜ੍ਹਬਾ ਦੇ ਪਿੰਡ ਛਾਹੜ ਵਿਚ ਗੜਿਆਂ ਨੇ ਧਰਤੀ ਚਿੱਟੀ ਕਰ ਦਿੱਤੀ। ਬੀਤੀ ਰਾਤ ਹੋਈ ਬਾਰਸ਼ ਨੇ ਮੰਡੀਆਂ ਵਿਚ ਫ਼ਸਲ ਦਾ ਨੁਕਸਾਨ ਕੀਤਾ ਹੈ। ਬਰਨਾਲਾ ਦੇ ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਹਨੇਰੀ ਜ਼ਿਆਦਾ ਸੀ ਅਤੇ ਮੀਂਹ ਮਾਮੂਲੀ ਸੀ। ਮੌਸਮ ਵਿਭਾਗ ਅਨੁਸਾਰ ਰੋਪੜ ਜ਼ਿਲ੍ਹੇ ਵਿਚ 11.5 ਮਿਲੀਮੀਟਰ, ਮੋਗਾ ਵਿਚ 11, ਨਵਾਂ ਸ਼ਹਿਰ ਵਿਚ 8.0 ਅਤੇ ਲੁਧਿਆਣਾ ਜ਼ਿਲ੍ਹੇ ਵਿਚ 7.5 ਮਿਲੀਮੀਟਰ ਮੀਂਹ ਪਿਆ ਹੈ। ਸੂਬੇ ਦੇ ਕਿਸਾਨ ਪਹਿਲਾਂ ਹੀ ਮੀਂਹ ਤੋਂ ਝੰਬੇ ਪਏ ਸਨ ਅਤੇ ਮੌਸਮ ਦੇ ਮੁੜ ਖ਼ਰਾਬ ਹੋਣ ਕਰਕੇ ਉਹ ਫ਼ਿਕਰਮੰਦ ਹੋ ਗਏ ਹਨ। ਪਿਛਲੇ ਦਿਨਾਂ ਤੋਂ ਮੰਡੀਆਂ ਵਿਚ ਕਣਕ ਦੀ ਫ਼ਸਲ ਦੀ ਆਮਦ ਤੇਜ਼ ਹੋਈ ਸੀ। ਸੂਬੇ ਦੀਆਂ ਮੰਡੀਆਂ ਵਿਚ 18 ਅਪਰੈਲ ਤੱਕ 47.20 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ’ਚੋਂ 43.63 ਲੱਖ ਮੀਟਰਿਕ ਟਨ ਖ਼ਰੀਦੀ ਜਾ ਚੁੱਕੀ ਹੈ ਜਦੋਂ ਕਿ ਲਿਫ਼ਟਿੰਗ ਸਿਰਫ਼ 9.38 ਲੱਖ ਮੀਟਰਿਕ ਟਨ ਹੋਈ ਹੈ। ਮੰਡੀਆਂ ਵਿਚ 78 ਫ਼ੀਸਦੀ ਫ਼ਸਲ ਨੂੰ ਚੁਕਾਈ ਦੀ ਉਡੀਕ ਹੈ। ਬਠਿੰਡਾ ਦੇ ਪਿੰਡ ਮਲਕਾਣਾ ਦੀ ਮੰਡੀ ਵਿਚ ਫ਼ਸਲ ਉਤਾਰਨ ਲਈ ਥਾਂ ਨਹੀਂ ਬਚੀ ਹੈ। ਮੰਡੀਆਂ ਵਿਚ ਕਰੀਬ 6.85 ਕਰੋੜ ਬੋਰੀਆਂ ਨੀਲੇ ਅਸਮਾਨ ਹੇਠ ਪਈਆਂ ਹਨ ਅਤੇ ਪੇਂਡੂ ਖ਼ਰੀਦ ਕੇਂਦਰਾਂ ਵਿਚ ਬਾਰਸ਼ ਨਾਲ ਫ਼ਸਲ ਭਿੱਜੀ ਵੀ ਹੈ ਜਿਸ ਕਰਕੇ ਲਿਫ਼ਟਿੰਗ ਦਾ ਕੰਮ ਹੋਰ ਪੱਛੜ ਜਾਵੇਗਾ। ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਵਿਚ ਸਿਰਫ਼ ਇੱਕ-ਇੱਕ ਫ਼ੀਸਦੀ ਲਿਫ਼ਟਿੰਗ ਹੋਈ ਹੈ। ਖੇਤਾਂ ਵਿਚ ਕੰਬਾਈਨਾਂ ਦਾ ਕੰਮ ਰੁਕ ਜਾਵੇਗਾ ਅਤੇ ਫ਼ਸਲ ਦੀ ਆਮਦ ਥੋੜ੍ਹੀ ਧੀਮੀ ਗਤੀ ਵਿਚ ਹੋਣ ਦੀ ਸੰਭਾਵਨਾ ਹੈ। ਗੜੇ ਪੈਣ ਅਤੇ ਤੇਜ਼ ਮੀਂਹ ਕਾਰਨ ਖੇਤਾਂ ਵਿਚ ਵਾਢੀ ਦਾ ਕੰਮ ਪੱਛੜ ਸਕਦਾ ਹੈ। ਚੇਤੇ ਰਹੇ ਕਿ ਐਤਕੀਂ ਕੇਂਦਰ ਸਰਕਾਰ ਨੇ ਮੰਡੀਆਂ ’ਚੋਂ ਕਣਕ ਦੀ ਸਿੱਧੀ ਮੂਵਮੈਂਟ ਦੂਸਰੇ ਸੂਬਿਆਂ ਨੂੰ ਕਰਨੀ ਹੈ ਜਿਸ ਕਰਕੇ ਸਪੈਸ਼ਲ ਟਰੇਨਾਂ ਰੋਜ਼ਾਨਾ ਅਲਾਟ ਹੋ ਰਹੀਆਂ ਹਨ। ਉਧਰ ਮੌਸਮ ਦੇ ਬਦਲ ਰਹੇ ਮਿਜ਼ਾਜ ਨੇ ਕਿਸਾਨਾਂ ਦੀ ਜ਼ਿੰਦਗੀ ਦਾਅ ’ਤੇ ਲਗਾ ਦਿੱਤੀ ਹੈ।
With Thanks Reference to: https://www.punjabitribuneonline.com/news/punjab/due-to-rain-and-hail-the-wheat-harvest-is-again-interrupted-225429