ਮਲੋਟ: ਲੜਕੀ ਦੇ ਪਰਿਵਾਰ ਨੇ ਗੁਆਂਢ ’ਚ ਰਹਿੰਦੇ ਨੌਜਵਾਨ ਦੀ ਹੱਤਿਆ ਕੀਤੀ, ਪਿਤਾ ਗੰਭੀਰ ਜ਼ਖ਼ਮੀ

ਮਲੋਟ

ਮਲੋਟ: ਇਥੋਂ ਦੇ ਇਕ ਮੁਹੱਲੇ ਵਿਚ ਆਪਣੀ ਲੜਕੀ ਦੇ ਪ੍ਰੇਮ ਵਿਆਹ ਤੋਂ ਖਫ਼ਾ ਪਰਿਵਾਰ ਨੇ ਉਸੇ ਮੁਹੱਲੇ ਦੇ ਨੌਜਵਾਨ ਦਾ ਕਤਲ ਕਰ ਦਿੱਤਾ, ਜਦ ਕਿ ਉਸ ਦੇ ਪਿਤਾ ਨੂੰ ਗੰਭੀਰ ਜਖ਼ਮੀ ਕਰ ਦਿੱਤਾ। ਉਹ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹੈ। ਜੇਰੇ ਇਲਾਜ ਤਿਲਕ ਰਾਜ ਉਰਫ ਕਾਲੀ ਮਿਸਤਰੀ ਨੇ ਦੱਸਿਆ ਕਿ ਉਹ ਆਪਣੇ ਜੱਦੀ ਘਰ ਦੀ ਮੁਰੰਮਤ ਕਰਾ ਰਿਹਾ ਸੀ, ਜਦ ਕਿ ਉਸ ਦੇ ਪੁੱਤਰ-ਨੂੰਹ ਸਮੇਤ ਕਿਤੇ ਹੋਰ ਕਿਰਾਏ ਦੇ ਮਕਾਨ ਵਿਚ ਹਨ। ਇਸ ਮੌਕੇ ਉਸ ਦਾ ਪੋਤਰਾ-ਪੋਤਰੀ ਕੋਲ ਖੇਡ ਰਹੇ ਸਨ, ਜਿਸ ਕਰਕੇ ਉਸ ਨੇ ਆਪਣੇ ਪੁੱਤਰ ਰਾਹੁਲ ਨੂੰ ਫੋਨ ਕਰਕੇ ਕਿਹਾ ਕਿ ਬੱਚਿਆਂ ਨੂੰ ਘਰ ਲੈ ਜਾਓ। ਵਰਨਣਯੋਗ ਹੈ ਕਿ ਇਹ ਦੋਵੇਂ ਬੱਚੇ ਰਾਹੁਲ ਦੇ ਪਹਿਲੇ ਵਿਆਹ ਤੋਂ ਹਨ। ਪਿਤਾ ਮੁਤਾਬਕ ਉਸ ਦਾ ਪੁੱਤਰ ਮੋਟਰਸਾਈਕਲ ‘ਤੇ ਜਿਉਂ ਹੀ ਉਥੇ ਪੁੱਜਾ ਤਾਂ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਕਾਲਾ ਰਾਮ, ਰਾਣੋ, ਉਸ ਦੇ ਪੁੱਤਰ ਕ੍ਰਿਸ਼ਨ, ਕੋਕਲੀ, ਵਿਨੋਦ, ਉਸਦੀ ਪਤਨੀ, ਅਜੀਤ ਦੀ ਪਤਨੀ ਅਤੇ ਲੜਕੀ ਤੋਂ ਇਲਾਵਾ ਉਸ ਦੇ ਦੋ ਪੁੱਤਰਾਂ ਨੇ ਰਾਡਾਂ, ਬੇਸਬਾਲ ਬੱਲਿਆਂ ਅਤੇ ਘੋਟਣੇ ਨਾਲ ਰਾਹੁਲ ‘ਤੇ ਹਮਲਾ ਕਰ ਦਿੱਤਾ, ਜਦੋਂ ਉਹ ਛੁਡਾਉਣ ਲੱਗਾ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰਕੇ ਗੰਭੀਰ ਜ਼ਖ਼ਮੀਂ ਕਰ ਦਿੱਤਾ| ਇਸ ਪਿੱਛੋਂ ਮੁਹੱਲੇ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਲਿਆਂਦਾ, ਜਿਥੇ ਉਸ ਦੇ ਲੜਕੇ ਰਾਹੁਲ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਕਾਲਾ ਰਾਮ ਦੀ ਲੜਕੀ ਸ੍ਰੀ ਗੰਗਾਨਗਰ ਵਿਖੇ ਵਿਆਹੀ ਸੀ। ਮਲੋਟ ਵਿਖੇ ਦੋਨਾਂ ਪਰਿਵਾਰਾਂ ਦੇ ਘਰ ਆਹਮੋ ਸਾਹਮਣੇ ਹੋਣ ਕਰਕੇ ਲੜਕੀ ਦੇ ਰਾਹੁਲ ਨਾਲ ਕਥਿਤ ਸਬੰਧ ਬਣ ਗਏ ਅਤੇ ਉਹ ਪਤੀ ਨੂੰ ਛੱਡ ਕੇ ਰਾਹੁਲ ਨਾਲ ਵਿਆਹ ਕਰਵਾ ਕੇ ਰਹਿਣ ਲੱਗੀ। ਇਸ ਕਰਕੇ ਕਾਲਾ ਰਾਮ ਦਾ ਪਰਿਵਾਰ ਖਫ਼ਾ ਰਹਿੰਦਾ ਸੀ। ਇਸ ਮਾਮਲੇ ਦੀ ਜਾਂਚ ਐੱਸਆਈ ਮਲਕੀਤ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਤਲ ਅਤੇ ਮਾਰਕੁੱਟ ਦੇ ਮਾਮਲੇ ਵਿਚ ਪੁਲੀਸ ਨੇ 3 ਔਰਤਾਂ ਸਮੇਤ 10 ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

With Thanks Reference to: https://www.punjabitribuneonline.com/news/punjab/malot-the-girl39s-family-killed-a-young-man-living-in-the-neighborhood-the-father-was-seriously-injured-219210

Spread the love