ਭਾਰਤ ਜੋੜੋ ਯਾਤਰਾ ਹਰਿਆਣਾ ਿਵੱਚ ਦਾਖ਼ਲ

2022_12$largeimg_1069035546 (1)

ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਦੀ ਹੈ ਜਦਕਿ ਦੂਜੀ ਵਿਚਾਰਧਾਰਾ (ਭਾਜਪਾ) ਸਿਰਫ਼ ਕੁਝ ਲੋਕਾਂ ਦਾ ਪੱਖ ਪੂਰਦੀ ਹੈ। ਭਾਰਤ ਜੋੜੋ ਯਾਤਰਾ ਦੇ ਰਾਜਸਥਾਨ ਤੋਂ ਹਰਿਆਣਾ ’ਚ ਦਾਖ਼ਲ ਹੋਣ ਮਗਰੋਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਹੁਕਮਰਾਨ ਧਿਰ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਵੀ ਨੁਕਤਾਚੀਨੀ ਕੀਤੀ। ਭਾਜਪਾ ਆਗੂਆਂ ਵੱਲੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਮਾਰਚ ਕੱਢਣ ’ਤੇ ਸਵਾਲ ਉਠਾਏ ਜਾਣ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਯਾਤਰਾ ਰਾਹੀਂ ‘ਨਫ਼ਰਤ ਦੇ ਬਾਜ਼ਾਰ ’ਚ ਮੁਹੱਬਤ ਦੀ ਦੁਕਾਨ ਖੋਲ੍ਹ ਰਹੇ ਹਨ।’ ਰਾਹੁਲ ਗਾਂਧੀ ਨੇ ਕਿਹਾ,‘‘ਇਹ ਕੋਈ ਨਵੀਂ ਜੰਗ ਨਹੀਂ ਹੈ। ਇਹ ਹਜ਼ਾਰਾਂ ਵਰ੍ਹਿਆਂ ਅਤੇ ਦੋ ਵਿਚਾਰਧਾਰਾਵਾਂ ਦੀ ਜੰਗ ਹੈ ਜੋ ਲਗਾਤਾਰ ਲੜੀ ਜਾ ਰਹੀ ਹੈ। ਇਕ ਵਿਚਾਰਧਾਰਾ ਚੋਣਵੇਂ ਵਿਅਕਤੀਆਂ ਨੂੰ ਲਾਭ ਪਹੁੰਚਾਉਂਦੀ ਹੈ ਜਦਕਿ ਦੂਜੀ ਵਿਚਾਰਧਾਰਾ ਲੋਕਾਂ, ਕਿਸਾਨਾਂ ਅਤੇ ਮਜ਼ਦੂਰਾਂ ਤੇ ਉਨ੍ਹਾਂ ਦੇ ਦਰਦਾਂ ਦੀ ਆਵਾਜ਼ ਹੈ।’’ ਯਾਤਰਾ ਦਾ ਨੂਹ ਜ਼ਿਲ੍ਹੇ ਦੇ ਪਾਟਨ ਊਦੈਪੁਰੀ ’ਚ ਦਾਖ਼ਲ ਹੋਣ ’ਤੇ ਹਰਿਆਣਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸਿੰਘ ਸੁਰਜੇਵਾਲਾ, ਕੁਮਾਰੀ ਸ਼ੈਲਜਾ, ਦੀਪੇਂਦਰ ਸਿੰਘ ਹੁੱਡਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈ ਭਾਨ ਅਤੇ ਸ਼ਕਤੀਸਿੰਹ ਗੋਹਿਲ ਨੇ ਸਵਾਗਤ ਕੀਤਾ। ਬਾਅਦ ’ਚ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਅਤੇ ਸੁਧੀਂਦਰ ਕੁਲਕਰਨੀ ਵੀ ਯਾਤਰਾ ’ਚ ਸ਼ਾਮਲ ਹੋਏ। ਯਾਤਰਾ ’ਚ ਸਾਬਕਾ ਫ਼ੌਜੀਆਂ ਦਾ ਇਕ ਜਥਾ ਵੀ ਸ਼ਾਮਲ ਹੋਇਆ।

ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਯਾਤਰਾ ਰਾਹੀਂ ਕਈ ਗੱਲਾਂ ਸਿੱਖੀਆਂ ਜੋ ਕਾਰਾਂ, ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ’ਚ ਬੈਠ ਕੇ ਨਹੀਂ ਸਮਝੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸਾਰੀਆਂ ਧਿਰਾਂ ਦੇ ਆਗੂਆਂ ਵਿਚਕਾਰ ਖਾਈ ਖੜ੍ਹੀ ਹੋ ਗਈ ਹੈ ਜਿਨ੍ਹਾਂ ’ਚ ਕਾਂਗਰਸ, ਭਾਜਪਾ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਵੀ ਸ਼ਾਮਲ ਹਨ। ‘ਆਗੂ ਸਮਝਦੇ ਹਨ ਕਿ ਲੋਕਾਂ ਨੂੰ ਸੁਣਨ ਦੀ ਲੋੜ ਨਹੀਂ ਅਤੇ ਉਹ ਕਈ ਘੰਟਿਆਂ ਤੱਕ ਲੰਬੇ ਲੰਬੇ ਭਾਸ਼ਨ ਦਿੰਦੇ ਹਨ। ਪਰ ਇਹ ਯਾਤਰਾ ਇਸ ਰਵੱਈਏ ’ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਹੈ। ਅਸੀਂ ਰੋਜ਼ਾਨਾ ਛੇ ਤੋਂ ਸੱਤ ਘੰਟੇ ਤੱਕ ਤੁਰਦੇ ਹਾਂ ਅਤੇ ਸਾਰੇ ਆਗੂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮਾਵਾਂ, ਧੀਆਂ ਅਤੇ ਛੋਟੇ ਦੁਕਾਨਦਾਰਾਂ ਸਮੇਤ ਹਰ ਕਿਸੇ ਦੀ ਗੱਲ ਸੁਣਦੇ ਹਨ। ਇਸ ਮਗਰੋਂ ਅਸੀਂ 15 ਕੁ ਮਿੰਟ ਦਾ ਭਾਸ਼ਨ ਦਿੰਦੇ ਹਾਂ।’ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਸੁਝਾਅ ਦਿੱਤਾ ਕਿ ਕਾਂਗਰਸ ਸ਼ਾਸਿਤ ਸੂਬਿਆਂ ਦੇ ਸਾਰੇ ਮੰਤਰੀ ਅਤੇ ਵਿਧਾਇਕ ਮਹੀਨੇ ’ਚ ਇਕ ਵਾਰ ਮਾਰਚ ਕੱਢਣ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕੇ। ਉਨ੍ਹਾਂ ਕਿਹਾ ਕਿ ਯਾਤਰਾ ’ਚ ਸ਼ਾਮਲ ਲੋਕ ਸ੍ਰੀਨਗਰ ’ਚ ਕੌਮੀ ਝੰਡਾ ਲਹਿਰਾਉਣਗੇ ਅਤੇ ਕੋਈ ਵੀ ਤਾਕਤ ਇਸ ਯਾਤਰਾ ਨੂੰ ਰੋਕ ਨਹੀਂ ਸਕਦੀ ਹੈ। ਯਾਤਰਾ ਦੇ ਫਿਰੋਜ਼ਪੁਰ ਝਿਰਕਾ ਪਹੁੰਚਣ ’ਤੇ ਪ੍ਰਦੇਸ਼ ਕਾਂਗਰਸ ਦੀ ਸਾਬਕਾ ਸੈਨਿਕਾਂ ਨਾਲ ਸਬੰਧਤ ਇਕਾਈ ਨੇ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ ਜਿਸ ’ਚ ਕਿਹਾ ਗਿਆ ਹੈ ਕਿ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੇ ਅਜੇ ਤੱਕ ਇਕ ਰੈਂਕ, ਇਕ ਪੈਨਸ਼ਨ ਦੀ ਮੰਗ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤੀ ਹੈ। ਉਨ੍ਹਾਂ ਅਗਨੀਪਥ ਯੋਜਨਾ ਦੀ ਵੀ ਨੁਕਤਾਚੀਨੀ ਕੀਤੀ। ਭੁਪੇਂਦਰ ਹੁੱਡਾ ਨੇ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਦੀ ਆਵਾਜ਼ ਬਣ ਕੇ ਉਭਰੇ ਹਨ ਜੋ ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ।

With Thanks Reference to: https://www.punjabitribuneonline.com/news/haryana/enter-haryana-in-the-join-india-journey-200272

Spread the love