ਫ਼ਰੀਦਕੋਟ ਦੇ ਡੀਸੀ, ਐੱਸਡੀਐੱਮ ਤੇ ਤਹਿਸੀਲਦਾਰ ਦਫ਼ਤਰਾਂ ’ਚ ਸਟਾਫ ਦੀ ਭਾਰੀ ਕਮੀ, ਇਕ-ਇਕ ਮੁਲਾਜ਼ਮ ਨੂੰ ਤਿੰਨ ਮੁਲਾਜ਼ਮਾਂ ਦਾ ਕਰਨਾ ਪੈ ਰਿਹੈ ਕੰਮ
ਜਤਿੰਦਰ ਕੁਮਾਰ, ਫ਼ਰੀਦਕੋਟ: ਫ਼ਰੀਦਕੋਟ ਨੂੰ ਜ਼ਿਲ੍ਹਾ ਬਣੇ ਹਾਲਾਂਕਿ 51 ਸਾਲ ਬੀਤ ਚੁੱਕੇ ਹਨ, ਪਰ ਫਿਰ ਵੀ ਜ਼ਿਲ੍ਹੇ ਦੇ ਡੀਸੀ, ਐੱਸਡੀਐੱਮ, ਤਹਿਸੀਲਦਾਰ ਤੇ ਉਪ ਤਹਿਸੀਲਦਾਰ ਦਫ਼ਤਰ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਹੇ ਹਨ। ਆਲਮ ਇਹ ਹੈ ਕਿ ਇਕ-ਇਕ ਮੁਲਾਜ਼ਮ ਨੂੰ ਤਿੰਨ ਮੁਲਾਜ਼ਮਾਂ ਦਾ ਕੰਮ ਕਰਨਾ ਪੈ ਰਿਹਾ ਹੈ। ਕੰਮ ਦਾ ਬੋਝ ਇੰਨਾ ਵਧ ਚੁੱਕਾ ਹੈ ਕਿ ਜ਼ਿਲ੍ਹੇ ਦੇ ਉਕਤ ਦਫ਼ਤਰ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਰਕਾਰ ਵੱਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਮੁਲਾਜ਼ਮਾਂ ’ਤੇ ਤਾਂ ਕੰਮ ਦਾ ਬੋਝ ਵਧ ਹੀ ਰਿਹਾ ਹੈ ਨਾਲ ਹੀ ਜ਼ਿਲ੍ਹਾ ਵਾਸੀਆਂ ਦੇ ਕੰਮਾਂ ’ਚ ਵੀ ਦੇਰੀ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਫ਼ਰੀਦਕੋਟ ਨੂੰ ਜ਼ਿਲ੍ਹਾ ਬਣੇ 51 ਵਰ੍ਹੇ ਬੀਤ ਚੁੱਕੇ ਹਨ। 1972 ’ਚ ਫ਼ਰੀਦਕੋਟ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ। ਫ਼ਰੀਦਕੋਟ ’ਚ ਮਿੰਨੀ ਸਕੱਤਰੇਤ ਤੋਂ ਇਲਾਵਾ ਤਿੰਨ ਸਬ ਡਵੀਜ਼ਨ ਫ਼ਰੀਦਕੋਟ, ਕੋਟਕਪੂਰਾ ਤੇ ਜੈਤੋ ਹੋਣ ਕਾਰਨ ਤਿੰਨ ਐੱਸਡੀਐੱਮ ਦਫ਼ਤਰ, ਤਿੰਨ ਤਹਿਸੀਲਦਾਰ ਦਫ਼ਤਰ ਤੇ ਤਿੰਨ ਉਪ ਤਹਿਸੀਲਦਾਰ ਦਫ਼ਤਰ ਹਨ। ਇਸ ਤੋਂ ਇਲਾਵਾ ਫ਼ਰੀਦਕੋਟ ਲੋਕ ਸਭਾ ਹਲਕਾ ਹੋਣ ਕਾਰਨ ਸੰਸਦੀ ਖੇਤਰ ਨਾਲ ਜੁੜੇ ਸਾਰੇ ਕੰਮ ਵੀ ਫ਼ਰੀਦਕੋਟ ’ਚ ਹੀ ਹੁੰਦੇ ਹਨ। ਪਰ ਸੂਬੇ ਭਰ ’ਚ ਸਭ ਤੋਂ ਘੱਟ ਮਿਨਿਸਟ੍ਰੀਅਲ ਮੁਲਾਜ਼ਮ ਫ਼ਰੀਦਕੋਟ ਜ਼ਿਲ੍ਹੇ ’ਚ ਹਨ। ਫ਼ਰੀਦਕੋਟ ’ਚ ਉਕਤ ਸਾਰੇ ਦਫ਼ਤਰਾਂ ਦੇ ਕੰਮ ਦਾ ਬੋਝ ਸਿਰਫ਼ 54 ਮੁਲਾਜ਼ਮਾਂ ਦੇ ਮੋਢਿਆਂ ’ਤੇ ਹੈ। ਅਜਿਹੇ ’ਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਮੁਲਾਜ਼ਮ ਕਿਸ ਹੱਦ ਤਕ ਕੰਮ ਦੇ ਬੋਝ ਹੇਠ ਦੱਬੇ ਹੋਏ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਦੀ ਮੰਨੀਏ ਤਾਂ ਦੋ ਮੁਲਾਜ਼ਮਾਂ ਦੀ ਮਾਨਸਿਕ ਸਿਹਤ ਦੀ ਦਵਾਈ ਵੀ ਚੱਲ ਰਹੀ ਹੈ।
ਖ਼ਾਸ ਗੱਲ ਇਹ ਹੈ ਕਿ ਪੂਰੇ ਸੂਬੇ ’ਚ ਸਭ ਤੋਂ ਘੱਟ ਮੁਲਾਜ਼ਮ ਫ਼ਰੀਦਕੋਟ ਜ਼ਿਲ੍ਹੇ ’ਚ ਹੀ ਹਨ। ਸਰਕਾਰੀ ਨਿਯਮਾਂ ਦੀ ਗੱਲ ਕਰੀਏ ਤਾਂ ਉਸਦੇ ਮੁਤਾਬਕ ਵੀ ਜ਼ਿਲ੍ਹੇ ’ਚ 129 ਮੁਲਾਜ਼ਮ ਹੋਣੇ ਚਾਹੀਦੇ ਹਨ। ਪਰ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਨਤੀਜੇ ਵਜੋਂ ਦਿਨੋ ਦਿਨ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਤਾਂ ਵਧ ਹੀ ਰਿਹਾ ਹੈ, ਨਾਲ ਹੀ ਜ਼ਿਲ੍ਹਾ ਵਾਸੀਆਂ ਦੀਆਂ ਪਰੇਸ਼ਾਨੀਆਂ ਵੀ ਵਧ ਰਹੀਆਂ ਹਨ। ਕਿਉਂਕਿ ਇਕ-ਇਕ ਮੁਲਾਜ਼ਮਾਂ ਨੂੰ ਵੱਖ-ਵੱਖ ਸੀਟਾਂ ਦਾ ਕੰਮ ਦੇਖਣਾ ਪੈਂਦਾ ਹੈ। ਅਜਿਹੇ ’ਚ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਦਫ਼ਤਰਾਂ ’ਚ ਆਉਣ ਵਾਲੀਆਂ ਲੋਕਾਂ ਦੀ ਫਾਈਲਾਂ ਤੈਅ ਸਮੇਂ ’ਚ ਨਹੀਂ ਨਿਕਲ ਪਾਉਂਦੀਆਂ ਤੇ ਲੋਕਾਂ ਨੂੰ ਆਪਣੇ ਕੰਮਾਂ ਲਈ ਲੋੜ ਤੋਂ ਵੱਧ ਸਮੇਂ ਤਕ ਉਡੀਕ ਕਰਨੀ ਪੈਂਦੀ ਹੈ। ਜ਼ਿਕਰਯੋਗ ਹੈ ਕਿ ਫ਼ਰੀਦਕੋਟ ਤੋਂ ਛੋਟੇ ਜ਼ਿਲ੍ਹੇ ’ਚ ਵੀ 105 ਮੁਲਾਜ਼ਮ ਹਨ।
ਜ਼ਿਕਰਯੋਗ ਹੈ ਕਿ ਡੀਸੀ ਦਫ਼ਤਰ, ਤਿੰਨ ਐੱਸਡੀਐੱਮ ਦਫ਼ਤਰ, ਤਿੰਨ ਤਹਿਸੀਲਦਾਰ ਦਫ਼ਤਰ ਤੇ ਤਿੰਨ ਉਪ ਤਹਿਸੀਲਦਾਰ ਦਫ਼ਤਰਾਂ ਦਾ ਕੰਮ ਤਾਂ ਇਹ 54 ਮੁਲਾਜ਼ਮ ਦੇਖ ਹੀ ਰਹੇ ਹਨ। ਨਾਲ ਹੀ ਲੋਕ ਸਭਾ ਹਲਕਾ ਹੋਣ ਕਾਰਨ ਸੰਸਦੀ ਖੇਤਰ ਨਾਲ ਜੁੜੇ ਤਿੰਨ ਜ਼ਿਲ੍ਹਿਆਂ ਫ਼ਰੀਦਕੋਟ, ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਕੰਮ ਵੀ ਉਨ੍ਹਾਂ ਨੂੰ ਹੀ ਦੇਖਣੇ ਪੈਂਦੇ ਹਨ। ਫ਼ਰੀਦਕੋਟ ਦੀ ਗੱਲ ਕਰੀਏ ਤਾਂ ਫ਼ਰੀਦਕੋਟ, ਕੋਟਕਪੂਰਾ ਤੇ ਜੈਤੋ ਸ਼ਹਿਰਾਂ ਤੋਂ ਇਲਾਵਾ ਜ਼ਿਲ੍ਹੇ ਦੇ 173 ਪਿੰਡ ਹਨ। ਅਜਿਹੇ ’ਚ ਸਰਕਾਰ ਨੂੰ ਇਸ ਪਾਸੇ ਧਿਆਨ ਦਿੰਦਿਆਂ ਨਿਯਮਾਂ ਮੁਤਾਬਕ ਭਰਤੀ ਕਰ ਕੇ ਮੁਲਾਜ਼ਮਾਂ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਘੱਟ ਕਰਨ ਦੀ ਲੋੜ ਹੈ।
ਇਸ ਸਬੰਧੀ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਨਵੇਂ ਬਣੇ ਜ਼ਿਲ੍ਹਿਆਂ ’ਚ ਸਟਾਫ ਪੂਰਾ ਕੀਤਾ ਜਾ ਚੁੱਕਾ ਹੈ। ਪਰ ਸਰਕਾਰ ਫ਼ਰੀਦਕੋਟ ਵੱਲ ਕਿਉਂ ਧਿਆਨ ਨਹੀਂ ਦੇ ਰਹੀ। ਜ਼ਿਲ੍ਹੇ ’ਚ 54 ਮੁਲਾਜ਼ਮ ਹਨ ਤੇ ਉਸ ਤੋਂ ਡੇਢ ਗੁਣਾ 75 ਮੁਲਾਜ਼ਮਾਂ ਦੀ ਕਮੀ ਹੈ। ਜੋ ਇਕ ਬਹੁਤ ਵੱਡਾ ਅਨੁਪਾਤ ਹੈ। ਇਸ ਨੂੰ ਮੁਲਾਜ਼ਮ ਕਿਵੇਂ ਪੂੁਰਾ ਕਰਨ ਤੇ ਕੰਮ ਦੇ ਬੋਝ ਨੂੰ ਕਿਵੇਂ ਮੈਨੇਜ ਕਰ ਰਹੇ ਹਨ ਇਹ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸੇ ਸਬੰਧ ’ਚ ਉਨ੍ਹਾਂ ਵੱਲੋਂ 6 ਨਵੰਬਰ ਤੋਂ 13 ਨਵੰਬਰ ਤਕ ਸੰਪੂਰਨ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਜੇਕਰ ਫਿਰ ਵੀ ਸਰਕਾਰ ਧਿਆਨ ਨਹੀਂ ਦਿੰਦੀ ਤਾਂ ਉਨ੍ਹਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਉਧਰ ਇਸ ਸਬੰਧੀ ਜਦੋਂ ਡੀਸੀ ਵਿਨੀਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਮੱਸਿਆ ਤੋਂ ਸਰਕਾਰ ਨੂੰ ਜਾਣੂ ਕਰਵਾਉਣ ਲਈ ਪ੍ਰਿੰਸੀਪਲ ਸਕੱਤਰ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ। ਨਾਲ ਹੀ ਇੱਥੇ ਸਟਾਫ ਦੀ ਭਰਤੀ ਲਈ ਵੀ ਲਿਖਿਆ ਗਿਆ ਹੈ। ਤਾਂਕਿ ਮੁਲਾਜ਼ਮਾਂ ਦਾ ਬੋਝ ਘੱਟ ਹੋਣ ਦੇ ਨਾਲ-ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸੂਬੇ ਭਰ ’ਚ ਇੰਨੇ ਹਨ ਮੁਲਾਜ਼ਮ
ਮਾਨਸਾ 104
ਮੋਗਾ 132
ਫ਼ਾਜ਼ਿਲਕਾ 106
ਤਰਨਤਾਰਨ 137
ਜਲੰਧਰ 142
ਕਪੂਰਥਲਾ 84
ਅੰਮ੍ਰਿਤਸਰ 190
ਰੂਪਨਗਰ 148
ਲੁਧਿਆਣਾ 208
ਪਟਿਆਲਾ 170
ਸ੍ਰੀ ਫ਼ਤਹਿਗੜ੍ਹ ਸਾਹਿਬ 128
ਸ੍ਰੀ ਮੁਕਤਸਰ ਸਾਹਿਬ 99
ਫ਼ਿਰੋਜ਼ਪੁਰ 107
ਪਠਾਨਕੋਟ 99
ਗੁਰਦਾਸਪੁਰ 120
ਹੁਸ਼ਿਆਰਪੁਰ 145
ਐੱਸਏਐੱਸ ਨਗਰ 101
ਐੱਸਬੀਐੱਸ ਨਗਰ 111
ਬਰਨਾਲਾ 105
ਸੰਗਰੂਰ 165
ਬਠਿੰਡਾ 128
ਫ਼ਰੀਦਕੋਟ 54
With Thanks Reference to: https://www.punjabijagran.com/punjab/faridkot-there-is-a-huge-shortage-of-staff-in-dc-sdm-and-tehsildar-offices-of-faridkot-one-employee-has-to-do-the-work-of-three-employees-9294092.html