ਪੰਜਾਬ ਵਿੱਚ ਡਬਲ ਸ਼ਿਫ਼ਟ ਵਿੱਚ ਲੱਗਣਗੇ ਸਕੂਲ

2022_5$largeimg_920571240

ਚੰਡੀਗੜ੍ਹ ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਨੂੰ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਦਾ ਫ਼ੈਸਲਾ ਕੀਤਾ ਹੈ| ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ ਅਤੇ ਸਕੂਲ ਵਿੱਚ ਜਗ੍ਹਾ, ਕਮਰਿਆਂ ਤੇ ਹੋਰ ਬੁਨਿਆਦੀ ਢਾਂਚੇ ਦੀ ਕਮੀ ਹੋਵੇਗੀ, ਉਨ੍ਹਾਂ ਸਕੂਲਾਂ ਨੂੰ ਹੀ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਦਾ ਮਾਮਲਾ ਵਿਚਾਰਿਆ ਜਾਵੇਗਾ| ਸਿੱਖਿਆ ਵਿਭਾਗ ਨੇ ਅੱਜ ਇਸ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਸ਼ਡਿਊਲ ਵੀ ਜਾਰੀ ਕੀਤਾ ਹੈ| ਪੱਤਰ ਅਨੁਸਾਰ ਕਈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਪਰ ਬੁਨਿਆਦੀ ਢਾਂਚੇ ਦੀ ਕਮੀ ਹੈ, ਉਨ੍ਹਾਂ ਸਕੂਲਾਂ ਲਈ ਇਹ ਤੋੜ ਕੱਢਿਆ ਗਿਆ ਹੈ। ਜਿੱਥੇ ਕਿਤੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲ ਇੱਕੋ ਕੈਂਪਸ ਵਿੱਚ ਚੱਲ ਰਹੇ ਹਨ, ਉਨ੍ਹਾਂ ਦੋਵਾਂ ਸਕੂਲਾਂ ਦੇ ਮੁਖੀਆਂ ਦੀ ਆਪਸੀ ਸਹਿਮਤੀ ਮਗਰੋਂ ਹੀ ਡਬਲ ਸ਼ਿਫ਼ਟ ਬਾਰੇ ਫ਼ੈਸਲਾ ਲਿਆ ਜਾਵੇਗਾ| ਵਿਦਿਆਰਥੀਆਂ ਦੀ ਵੱਧ ਗਿਣਤੀ ਵਾਲੇ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਡਬਲ ਸ਼ਿਫ਼ਟ ਚਲਾਉਣ ਬਾਰੇ ਫ਼ੈਸਲੇ ਸਕੂਲ ਮੁਖੀਆਂ ਦੀ ਤਜਵੀਜ਼ ਮਗਰੋਂ ਹੀ ਲਿਆ ਜਾਵੇਗਾ। ਜਿੱਥੇ ਕਿਤੇ ਡਬਲ ਸ਼ਿਫ਼ਟ ਚਲਾਉਣ ਦਾ ਫ਼ੈਸਲਾ ਹੋਵੇਗਾ, ਉੱਥੇ ਇਹ ਤਰਤੀਬ ਰਹੇਗੀ ਕਿ ਪ੍ਰਾਇਮਰੀ ਸਕੂਲਾਂ ਲਈ ਗਰਮੀਆਂ ਵਿੱਚ 1 ਅਪਰੈਲ ਤੋਂ 30 ਸਤੰਬਰ ਤੱਕ ਸਵੇਰ ਦੀ ਸ਼ਿਫ਼ਟ ਸਕੂਲ ਲੱਗਣਗੇ ਅਤੇ ਸਰਦੀਆਂ ਵਿੱਚ 1 ਅਕਤੂਬਰ ਤੋਂ 31 ਮਾਰਚ ਤੱਕ ਸ਼ਾਮ ਦੀ ਸ਼ਿਫ਼ਟ ਵਿੱਚ ਸਕੂਲ ਲੱਗਣਗੇ। ਅੱਪਰ ਪ੍ਰਾਇਮਰੀ ਸਕੂਲ ਗਰਮੀਆਂ ਵਿੱਚ ਸ਼ਾਮ ਦੀ ਸ਼ਿਫ਼ਟ ਵਿੱਚ ਲੱਗਣਗੇ ਅਤੇ ਸਰਦੀਆਂ ਵਿੱਚ ਸਵੇਰ ਦੀ ਸ਼ਿਫ਼ਟ ਵਿੱਚ ਲੱਗਣਗੇ। ਗਰਮੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ ਸਵੇਰ 7 ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਅਤੇ ਗਰਮੀਆਂ ਵਿੱਚ ਸ਼ਾਮ ਦੀ ਸ਼ਿਫ਼ਟ ਦੁਪਹਿਰ 12.30 ਤੋਂ 5.30 ਵਜੇ ਤੱਕ ਹੋਵੇਗੀ। ਸਰਦੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ 7.30 ਵਜੇ ਤੋਂ 12.15 ਵਜੇ ਤੱਕ ਅਤੇ ਸ਼ਾਮ ਦੀ ਸ਼ਿਫ਼ਟ ਦਾ ਸਮਾਂ 12.30 ਵਜੇ ਤੋਂ 5.15 ਵਜੇ ਤੱਕ ਹੋਵੇਗਾ। ਇਸ ਦੌਰਾਨ ਸਕੂਲ ਮੁਖੀ ਦੀ ਠਹਿਰ ਦਾ ਸਮਾਂ ਗਰਮੀਆਂ ਵਿੱਚ ਸਵੇਰ 7 ਵਜੇ ਤੋਂ ਇੱਕ ਵਜੇ ਤੱਕ ਹੋਵੇਗਾ ਅਤੇ ਸਰਦੀਆਂ ਵਿੱਚ 7.30 ਤੋਂ 1.30 ਵਜੇ ਤੱਕ ਹੋਵੇਗਾ। 

With Thanks Refrence to: https://www.punjabitribuneonline.com/news/punjab/schools-in-punjab-will-be-in-double-shifts-149754

Spread the love