ਪੰਜਾਬ ਤੇ ਹਰਿਆਣਾ ’ਚ ਲਗਾਤਾਰ ਮੀਂਹ ਕਾਰਨ ਫਸਲਾਂ ਨੁਕਸਾਨੀਆਂ
ਪੰਜਾਬ ਤੇ ਹਰਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਭਾਰੀ ਮੀਂਹ ਮਗਰੋਂ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਠੰਢ ਵੀ ਵੱਧ ਗਈ ਹੈ। ਮੌਸਮ ਵਿਭਾਗ ਨੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਦਾ ਕਾਰਨ ਪੱਛਮੀ ਗੜਬੜੀ ਕਾਰਨ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨਮ ਹਵਾਵਾਂ ਨੂੰ ਦੱਸਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਰਹੇਗਾ ਪਰ ਸੰਘਣੀ ਧੁੰਦ ਅਤੇ ਠੰਢੀਆਂ ਹਵਾਵਾਂ ਕਰਕੇ ਠੰਢ ਵੱਧ ਸਕਦੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ, ਮੋਗਾ, ਰੋਪੜ ਅਤੇ ਹੋਰਨਾਂ ਸ਼ਹਿਰਾਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 11.1 ਡਿਗਰੀ ਸੈਲਸੀਅਸ, ਅੰਮ੍ਰਿਤਸਰ, ਲੁਧਿਆਣਾ ’ਚ 10.2, ਪਟਿਆਲਾ ’ਚ 10.8, ਪਠਾਨਕੋਟ ’ਚ 8.5, ਬਠਿੰਡਾ ’ਚ 5.6, ਫਰੀਦਕੋਟ ’ਚ 7, ਗੁਰਦਾਸਪੁਰ ’ਚ 11.7, ਨਵਾਂ ਸ਼ਹਿਰ ’ਚ 9.5, ਬਰਨਾਲਾ ’ਚ 10.1, ਫਿਰੋਜ਼ਪੁਰ ’ਚ 8, ਹੁਸ਼ਿਆਰਪੁਰ ਅਤੇ ਕਪੂਰਥਲਾ ’ਚ 9, ਮੋਗਾ ’ਚ 7.5 ਤੇ ਮੁਕਤਸਰ ’ਚ ਘੱਟੋ ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਤਾਪਮਾਨ ਆਮ ਨਾਲੋਂ 4 ਤੋਂ 5 ਡਿਗਰੀ ਘੱਟ ਸੀ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ, ਹਿਸਾਰ, ਕਰਨਾਲ, ਰੋਹਤਕ, ਗੁਰੂਗ੍ਰਾਮ, ਭਿਵਾਨੀ, ਸਿਰਸਾ, ਫਤਿਆਬਾਦ, ਜੀਂਦ, ਕੈਥਲ, ਪੰਚਕੂਲਾ, ਸੋਨੀਪਤ, ਯਮੁਨਾਨਗਰ ਅਤੇ ਹੋਰਨਾਂ ਸ਼ਹਿਰਾਂ ਵਿੱਚ ਸਾਰੀ ਰਾਤ ਮੀਂਹ ਪੈਂਦਾ ਰਿਹਾ ਹੈ। ਅੱਜ ਅੰਬਾਲਾ ਵਿੱਚ ਘੱਟ ਤੋਂ ਘੱਟ ਤਾਪਮਾਨ 11.8 ਡਿਗਰੀ ਸੈਲਸੀਅਸ, ਹਿਸਾਰ ’ਚ 7.4, ਰੋਹਤਕ ’ਚ 12.8, ਗੁਰੂਗ੍ਰਾਮ ’ਚ 12, ਭਿਵਾਨੀ ’ਚ 11.3, ਸਿਰਸਾ ’ਚ 7.5, ਫਤਿਆਬਾਦ ’ਚ 7.1, ਜੀਂਦ ’ਚ 12.7, ਪੰਚਕੂਲਾ ’ਚ 10.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।
ਆਲੂ ਸਣੇ ਕਈ ਹੋਰਨਾਂ ਸਬਜ਼ੀਆਂ ਦਾ ਨੁਕਸਾਨ
ਪੰਜਾਬ ਅਤੇ ਹਰਿਆਣਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਲੂ ਸਣੇ ਕਈ ਹੋਰ ਸਬਜ਼ੀਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਉੱਧਰ ਕਣਕ ਦੇ ਖੇਤਾਂ ਵਿੱਚ ਵੀ ਨਕੋ-ਨੱਕ ਪਾਣੀ ਭਰਨ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਰਾਮਪੂਰਾ ਫੂਲ ਵਾਲੇ ਇਲਾਕੇ ਵਿੱਚ ਤਾਂ ਆਲੂ ਦੀ ਜ਼ਿਆਦਾਤਰ ਫ਼ਸਲ ਨਸ਼ਟ ਹੋ ਗਈ ਹੈ। ਇਸ ਤੋਂ ਇਲਾਵਾ ਮਟਰ, ਗੋਭੀ, ਗਾਜਰ, ਬਰਸੀਮ ਸਣੇ ਹੋਰਨਾਂ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਦੱਸਿਆ ਕਿ ਮੀਂਹ ਜ਼ਿਆਦਾ ਪੈਣ ਕਰਕੇ ਆਲੂ ਸਣੇ ਹੋਰਨਾਂ ਕਈ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਬਾਰੇ ਰਿਪੋਰਟ ਤਿਆਰ ਕਰਨ ਲਈ ਬਲਾਕ ਪੱਧਰ ਦੇ ਅਫ਼ਸਰਾਂ ਨੂੰ ਹੁਕਮ ਦਿੱਤੇ ਗੲੇ ਹਨ।