ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸਿੱਧੂ ਭੁੱਖ ਹੜਤਾਲ ’ਤੇ ਬੈਠੇ

0
2021_10$largeimg_1428639015

ਦਵਿੰਦਰ ਪਾਲ

ਚੰਡੀਗੜ੍ਹ, 8 ਅਕਤੂਬਰ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਵਫ਼ਦ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਕਾਂਡ ਦੇ ਪੀੜਤ ਕਿਸਾਨ ਪਰਿਵਾਰਾਂ ਤੇ ਹੋਰਨਾਂ ਨਾਲ ਅੱਜ ਮੁਲਾਕਾਤ ਕਰਕੇ ਦੁੱਖ ਵੰਡਾਇਆ। ਸਿੱਧੂ ਇਸੇ ਦੌਰਾਨ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਹੋਣ ਤੱਕ ਅੱਜ ਤੋਂ ਹੀ ਘਟਨਾ ਵਾਲੇ ਇਲਾਕੇ ਵਿੱਚ ਭੁੱਖ ਹੜਤਾਲ ’ਤੇ ਬੈਠ ਗਏ ਹਨ। ਕਾਂਗਰਸ ਆਗੂ ਦੇ ਇਸ ਐਲਾਨ ਨਾਲ ਯੂਪੀ ਪ੍ਰਸ਼ਾਸਨ ਲਈ ਵੀ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਸਿੱਧੂ ਦੇ ਨਾਲ ਪਾਰਟੀ ਦੇ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਤੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੀ ਹਨ। ਕਾਂਗਰਸ ਵਫ਼ਦ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ ਵਿੱਚੋਂ ਤੁਰੰਤ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕੇਂਦਰੀ ਮੰਤਰੀ ਦੇ ਪੁੱਤਰ ਤੇ ਇਸ ਕਾਂਡ ਲਈ ਜ਼ਿੰਮੇਵਾਰ ਆਸ਼ੀਸ਼ ਮਿਸ਼ਰਾ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਜਿਸ ਤਰ੍ਹਾਂ ਸੱਤਾ ਪ੍ਰਾਪਤੀ ਲਈ ਲੋਕਾਂ ਦੇ ਖ਼ੂਨ ਦੀ ਹੋਲੀ ਖੇਡੀ ਜਾਂਦੀ ਹੈ ਇਹ ਕਾਂਡ ਵੀ ਇਸ ਪਾਰਟੀ ਦੇ ਅਸਲੀ ਚਰਿੱਤਰ ਅਤੇ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਕਾਂਡ ਦੀ ਵਾਇਰਲ ਹੋਈ ਵੀਡੀਓ ਨਾਲ ਸਾਰੀ ਸਾਜ਼ਿਸ਼ ਤੋਂ ਪਰਦਾ ਉੱਠ ਗਿਆ ਹੈ ਤੇ ਹਕੂਮਤ ਦੀਆਂ ਚਾਲਾਂ ਨੂੰ ਸਾਰੀ ਦੁਨੀਆ ਨੇ ਸਮਝ ਲਿਆ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਇਸ ਘਿਨਾਉਣੇ ਕਾਂਡ ਕਰਕੇ ਲੋਕਾਂ ਦਾ ਸਿਸਟਮ ਤੋਂ ਭਰੋਸਾ ਉਠ ਗਿਆ ਹੈ। ਉਨ੍ਹਾਂ ਕਿਹਾ ਕਿ 700 ਦੇ ਕਰੀਬ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਹਾਕਮਾਂ ’ਚ ਇਨਸਾਨੀਅਤ ਮਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਸ਼ੀਸ਼ ਮਿਸ਼ਰਾ ਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਭੁੱਖ ਹੜਤਾਲ ’ਤੇ ਬੈਠਣਗੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੰਤਰੀ ਦੇ ਪੁੱਤਰ ਆਸ਼ੀਸ਼ ਨੇ ਇਹ ਕਾਰਾ ਬਦਲਾਖੋਰੀ ਦੀ ਭਾਵਨਾ ਨਾਲ ਕੀਤਾ ਕਿਉਂਕਿ ਉਸ ਦੇ ਪਿਤਾ ਅਜੈ ਮਿਸ਼ਰਾ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੀੜਤ ਪੈਸਾ ਨਹੀਂ ਇਨਸਾਫ਼ ਮੰਗਦੇ ਹਨ। ਪੰਜਾਬ ਕਾਂਗਰਸ ਦੇ ਵਫ਼ਦ ਨੇ ਮ੍ਰਿਤਕ ਲਵਪ੍ਰੀਤ ਸਿੰਘ, ਨਛੱਤਰ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਸਿੰਘ ਤੇ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।

With Thanks Reference to : https://www.punjabitribuneonline.com/news/punjab/sidhu-goes-on-hunger-strike-to-demand-justice-for-victims-104876

Spread the love

Leave a Reply