ਨਹਿਰ ’ਚ ਪਾਣੀ ਰੁਕਣ ਕਰਕੇ ਰਜਬਾਹੇ ’ਚ ਪਿਆ ਪਾੜ, 600 ਏਕੜ ਕਣਕ ਦੀ ਖੜ੍ਹੀ ਫ਼ਸਲ ‘ਚ ਭਰਿਆ ਪਾਣੀ
ਸੋਮਵਾਰ ਦੀ ਸਵੇਰ ਪਿੰਡ ਤਾਮਕੋਟ ਕੋਲੋਂ ਲੰਘਦੇ ਪਿੰਡ ਭੈਣੀਬਾਘਾ ਰਜਬਾਹੇ ਵਿਚ ਕਿਸਾਨ ਚਰਨਦੀਪ ਸਿੰਘ ਦੇ ਖੇਤ ਕੋਲ ਰਜਬਾਹੇ ਵਿਚ ਅਚਾਨਕ ਪਾੜ ਪੈ ਗਿਆ। ਜਿਸ ਨੇ 600 ਏਕੜ ਫ਼ਸਲ ਆਪਣੀ ਲਪੇਟ ਵਿਚ ਲੈ ਲਈ..
ਬਲਜਿੰਦਰ ਬਾਵਾ, ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡਾਂ ਤਾਮਕੋਟ ਭੁਪਾਲ ਅਤੇ ਰੱਲਾ ਦੇ ਵਿਚਕਾਰ ਭੈਣੀਬਾਘਾ ਨਹਿਰ ਦਾ ਪਾਣੀ ਰੁਕਣ ਕਰਕੇ ਸੋਮਵਾਰ ਦੀ ਸਵੇਰ ਉਥੋਂ ਲੰਘਦੇ ਰਜਬਾਹੇ ਵਿਚ ਪਾੜ ਪੈਣ ਨਾਲ ਪਿੰਡ ਰੱਲਾ, ਤਾਮਕੋਟ ਤੇ ਭੁਪਾਲ ਦੀ 600 ਏਕੜ ਕਣਕ ਦੀ ਖੜ੍ਹੀ ਫ਼ਸਲ ਵਿਚ ਪਾਣੀ ਭਰ ਗਿਆ ਅਤੇ ਖੇਤਾਂ ਦੇ ਖੇਤ ਪਾਣੀ ’ਚ ਡੁੱਬ ਗਏ। ਇਸ ਪਾਣੀ ਨੂੰ ਠੱਲ੍ਹਣ ਲਈ ਪਿੰਡ ਵਾਸੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਨਹਿਰੀ ਵਿਭਾਗ ਦੇ ਕਰਮਚਾਰੀਆਂ ਤੋਂ ਵੀ ਪਾਣੀ ਠੱਲ੍ਹਿਆ ਨਹੀਂ ਗਿਆ। ਦੇਖਦੇ ਹੀ ਦੇਖਦੇ ਪਾਣੀ ਦੇ ਤੇਜ਼ ਵਹਾਓ ਨੇ ਖੇਤਾਂ ਦੇ ਖੇਤ ਆਪਣੀ ਲਪੇਟ ’ਚ ਲੈ ਲਏ। ਗੁੱਸੇ ਵਿਚ ਆਏ ਕਿਸਾਨਾਂ ਨੇ ਬਰਨਾਲਾ ਰੱਲਾ ਰੋਡ ’ਤੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸੋਮਵਾਰ ਦੀ ਸਵੇਰ ਪਿੰਡ ਤਾਮਕੋਟ ਕੋਲੋਂ ਲੰਘਦੇ ਪਿੰਡ ਭੈਣੀਬਾਘਾ ਰਜਬਾਹੇ ਵਿਚ ਕਿਸਾਨ ਚਰਨਦੀਪ ਸਿੰਘ ਦੇ ਖੇਤ ਕੋਲ ਰਜਬਾਹੇ ਵਿਚ ਅਚਾਨਕ ਪਾੜ ਪੈ ਗਿਆ। ਜਿਸ ਨੇ 600 ਏਕੜ ਫ਼ਸਲ ਆਪਣੀ ਲਪੇਟ ਵਿਚ ਲੈ ਲਈ। ਕਿਸਾਨ ਆਗੂਆਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਕਰਮਚਾਰੀਆਂ ਕੋਲੋਂ ਬੰਨ ਖੋਲ੍ਹੇ ਨਹੀਂ ਗਏ। ਜਿਸ ਕਰਕੇ ਰਜਬਾਹੇ ਵਿਚ ਪਾਣੀ ਦੀ ਰਫ਼ਤਾਰ ਵਧ ਗਈ। ਇਸ ਨਾਲ ਪਿੰਡ ਰੱਲਾ ਅਤੇ ਤਾਮਕੋਟ ਦੇ ਖੇਤ ਪਾਣੀ ਵਿਚ ਡੁੱਬ ਗਏ। ਕਿਸਾਨਾਂ ਨੇ ਧਰਨਾ ਦੇ ਕੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਪਾਣੀ ਦਾ ਤੇਜ਼ ਵਹਾਓ ਹੋਣ ਕਾਰਨ ਪਾਣੀ ਸੜਕ ਪਾਰ ਕਰ ਕੇ ਪਿੰਡ ਭੁਪਾਲ ਵੀ ਪੁੱਜ ਗਿਆ। ਇਸ ਮੌਕੇ ਵਿਧਾਇਕ ਡਾ. ਵਿਜੇ ਸਿੰਗਲਾ, ਐੱਸਡੀਐੱਮ ਮਾਨਸਾ ਮਨਜੀਤ ਸਿੰਘ ਰਾਏ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਅਤੇ ਐੱਸਐੱਚਓ ਜੋਗਾ ਕਮਲਜੀਤ ਸਿੰਘ ਨੇ ਧਰਨੇ ਵਿਚ ਸ਼ਮੂਲੀਅਤ ਕਰ ਕੇ ਕਿਸਾਨਾਂ ਦੀ ਮੰਗ ਸੁਣੀ ਅਤੇ ਧਰਨੇ ਦੌਰਾਨ ਹੀ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਇਸ ਸਬੰਧੀ ਗੱਲਬਾਤ ਕਰ ਕੇ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਜਲਦੀ ਹੀ ਨੁਕਸਾਨੀ ਫ਼ਸਲ ਦਾ ਮੁਆਵਜਾ ਅਤੇ ਉਨ੍ਹਾਂ ਦੀ ਮੰਗ ਅਨੁਸਾਰ ਇਸ ਨੁਕਸਾਨ ਲਈ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਜਿਸ ਉਪਰੰਤ ਕਿਸਾਨਾਂ ਨੇ ਆਪਣਾ ਧਰਨਾ ਚੁੱਕ ਲਿਆ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੱਲਾ ਦੇ ਕਿਸਾਨਾਂ ਦੀਆਂ ਫ਼ਸਲਾਂ ’ਤੇ ਪਿਛਲੇ ਸਮਿਆਂ ਵਿਚ ਕਈ ਵਾਰ ਆਫ਼ਤ ਆਈ ਹੈ ਪਰ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਭਰੋਸਿਆਂ ’ਤੇ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਦਿੱਤੇ ਹੋਏ ਵਿਸ਼ਵਾਸ ’ਤੇ ਪੂਰਾ ਨਹੀਂ ਉਤਰੇ।
With Thanks Reference to: https://www.punjabijagran.com/punjab/mansa-due-to-stoppage-of-water-in-the-canal-there-is-a-gap-in-rajbahe-600-acres-of-standing-crop-of-wheat-is-filled-with-water-9314661.html