ਦੋ ਸਿੱਖ ਵਕੀਲਾਂ ਦੀ ਜੱਜਾਂ ਵਜੋਂ ਨਿਯੁਕਤ ਨੂੰ ਮਨਜ਼ੂਰੀ ਨਾ ਦੇਣ ‘ਤੇ ਸੁਪਰੀਮ ਕੋਰਟ ਦੀ ਸਖਤ ਟਿੱਪਣੀ

ਦੋ ਸਿੱਖ ਵਕੀਲਾਂ

ਦੋ ਸਿੱਖ ਵਕੀਲਾਂ ਦੀ ਜੱਜਾਂ ਵਜੋਂ ਨਿਯੁਕਤੀ ਮਾਮਲੇ: ਵਕੀਲ ਹਰਮੀਤ ਸਿੰਘ ਗਰੇਵਾਲ ਅਤੇ ਦੀਪੇਂਦਰ ਸਿੰਘ ਨਲਵਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਦਾ ਹਵਾਲਾ ਦਿੰਦੇ ਹੋਏ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਸਵਾਲ ਉਠਾਇਆ।

ਦੋ ਸਿੱਖ ਵਕੀਲਾਂ ਨੂੰ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਕਰਨ ਦੀ ਕੌਲਿਜੀਅਮ ਦੀ ਸਿਫ਼ਾਰਸ਼ ‘ਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ‘ਤੇ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਜੱਜਾਂ ਦੇ ਤਬਾਦਲੇ ਨੂੰ ਲੈ ਕੇ ਕੌਲਿਜੀਅਮ ਵੱਲੋਂ ਕੀਤੀਆਂ ਜਾਂਦੀਆਂ ਸਿਫਾਰਸ਼ਾਂ ਨੂੰ ਮਨਜ਼ੂਰੀ ਦੇਣ ’ਚ ਕੇਂਦਰ ਵੱਲੋਂ ਕੀਤੇ ਜਾਂਦੇ ਪੱਖਪਾਤ (ਪਿੱਕ ਐਂਡ ਚੂਜ਼) ’ਤੇ ਫਿਕਰ ਜਤਾਉਂਦਿਆਂ ਕਿਹਾ ਕਿ ਇਹ ਕੋਈ ਸ਼ੁਭ ਸੰਕੇਤ ਨਹੀਂ ਹੈ।

ਵਕੀਲ ਹਰਮੀਤ ਸਿੰਘ ਗਰੇਵਾਲ ਅਤੇ ਦੀਪੇਂਦਰ ਸਿੰਘ ਨਲਵਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਦਾ ਹਵਾਲਾ ਦਿੰਦੇ ਹੋਏ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਸਵਾਲ ਉਠਾਇਆ।

ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਜਿਨ੍ਹਾਂ ਦੋ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ, ਉਹ ਦੋਵੇਂ ਸਿੱਖ ਹਨ। ਅਜਿਹਾ ਕਿਉਂ ਹੋ ਰਿਹਾ ਹੈ… ਗਰੇਵਾਲ ਅਤੇ ਨਲਵਾ ਦੇ ਨਾਵਾਂ ਦੀ ਸਿਫ਼ਾਰਿਸ਼ ਸੁਪਰੀਮ ਕੋਰਟ ਕੌਲਿਜੀਅਮ ਨੇ 17 ਅਕਤੂਬਰ ਨੂੰ ਕੀਤੀ ਸੀ।

ਉਨ੍ਹਾਂ ਤੋਂ ਇਲਾਵਾ ਤਿੰਨ ਹੋਰ ਵਕੀਲਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਤਿੰਨਾਂ ਦੇ ਨਾਵਾਂ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ ਪਰ ਦੋ ਦੇ ਨਾਂ ਅਜੇ ਵੀ ਅਟਕੇ ਹੋਏ ਹਨ। ਹੁਣ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਚੋਣ ਅਤੇ ਚੋਣ ਨੀਤੀ ‘ਤੇ ਸਵਾਲ ਖੜ੍ਹੇ ਕੀਤੇ ਹਨ।

ਸਿਖਰਲੀ ਕੋਰਟ ਨੇ ਕਿਹਾ ਕਿ ਕੌਲਿਜੀਅਮ ਨੇ ਤਬਾਦਲੇ ਲਈ 11 ਜੱਜਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਸੀ, ਜਿਨ੍ਹਾਂ ਵਿਚੋਂ ਪੰਜ ਦਾ ਹੀ ਤਬਾਦਲਾ ਹੋਇਆ ਜਦੋਂਕਿ ਛੇ (ਚਾਰ ਗੁਜਰਾਤ ਹਾਈ ਕੋਰਟ ਅਤੇ ਇਕ ਇਕ ਅਲਾਹਾਬਾਦ ਤੇ ਦਿੱਲੀ) ਅਜੇ ਵੀ ਬਕਾਇਆ ਹਨ। ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਕਿਹਾ ਕਿ ਹਾਲ ਹੀ ਵਿੱਚ ਹਾਈ ਕੋਰਟਾਂ ਦੇ ਜੱਜਾਂ ਲਈ ਕੁਝ ਨਾਵਾਂ ਦੀ ਸਿਫਾਰਸ਼ ਕੀਤੀ ਗਈ, ਅੱਠ ਨਾਵਾਂ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਤੇ ਇਨ੍ਹਾਂ ਵਿਚੋਂ ਕੁਝ ਜੱਜ ਅਜਿਹੇ ਹਨ, ਜੋ ਨਿਯੁਕਤ ਕੀਤੇ ਜੱਜਾਂ ਨਾਲੋਂ ਸੀਨੀਅਰ ਹਨ।

ਜਸਟਿਸ ਕੌਲ, ਜੋ ਸੁਪਰੀਮ ਕੋਰਟ ਕੌਲਿਜੀਅਮ ਦੇ ਮੈਂਬਰ ਵੀ ਹਨ, ਨੇ ਅਟਾਰਨੀ ਜਨਰਲ ਆਰ.ਵੈਂਕਟਰਮਨੀ ਨੂੰ ਦੱਸਿਆ, ‘‘ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਤੁਸੀਂ ਪੰਜ ਜੱਜਾਂ ਦੇ ਟਰਾਂਸਫਰ ਆਰਡਰ ਜਾਰੀ ਕੀਤੇ ਹਨ। ਛੇ ਜੱਜਾਂ ਲਈ ਤੁਸੀਂ ਆਰਡਰ ਜਾਰੀ ਨਹੀਂ ਕੀਤੇ। ਇਨ੍ਹਾਂ ਵਿਚੋਂ ਚਾਰ ਗੁਜਰਾਤ ’ਚੋਂ ਹਨ। ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਇਸ ਨਾਲ ਚੰਗਾ ਸੰਕੇਤ ਨਹੀਂ ਜਾਵੇਗਾ।’’ ਜੱਜ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਂ ਪਿਛਲੀ ਵਾਰ ਵੀ ਜ਼ੋਰ ਦਿੱਤਾ ਸੀ ਕਿ ਚੋਣਵੇਂ ਤਬਾਦਲੇ ਨਾ ਕਰੋ। ਇਸ ਦੇ ਆਪਣੇ ਅਸਰ ਹਨ।’’ ਤਬਾਦਲਿਆਂ ਲਈ ਸਿਫਾਰਸ਼ ਕੀਤੇ ਨਾਵਾਂ ’ਚੋਂ ‘ਪਿੱਕ ਐਂਡ ਚੂਜ਼’ ਦੀ ਸਰਕਾਰ ਦੀ ਪਾਲਿਸੀ ’ਤੇ ਟਿੱਪਣੀ ਕਰਦਿਆਂ ਬੈਂਚ ਨੇ ਕਿਹਾ, ‘‘ਜ਼ਰਾ ਇਸ ਵੱਲ ਦੇਖੋ।

ਤੁਸੀਂ ਕੀ ਸੰਕੇਤ ਭੇਜ ਰਹੇ ਹੋ?’’ ਬੈਂਚ ਜੱਜਾਂ ਦੀ ਨਿਯੁਕਤੀ ਤੇ ਤਬਾਦਲਿਆਂ ਲਈ ਸਿਫਾਰਸ਼ ਕੀਤੇ ਨਾਵਾਂ ਨੂੰ ਮਨਜ਼ੂਰੀ ਦੇਣ ’ਚ ਕੇਂਦਰ ਵੱਲੋਂ ਕੀਤੀ ਜਾਂਦੀ ਕਥਿਤ ਦੇਰੀ ਸਣੇ ਦੋ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ। ਸਰਕਾਰ ਵੱਲੋਂ ਪੇਸ਼ ਵੈਂਕਟਰਮਨੀ ਨੇ ਬੈਂਚ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ’ਤੇ ਹਫ਼ਤੇ ਜਾਂ ਦਸ ਦਿਨਾਂ ਬਾਅਦ ਸੁਣਵਾਈ ਕਰੇ ਤੇ ਉਦੋਂ ਤੱਕ ਕਈ ਚੀਜ਼ਾਂ ਸਾਫ਼ ਹੋ ਜਾਣਗੀਆਂ। ਸੁਪਰੀਮ ਕੋਰਟ ਨੇ ਕੇਸ ਦੀ ਅਗਲੀ ਸੁਣਵਾਈ 5 ਦਸੰਬਰ ਨਿਰਧਾਰਿਤ ਕਰ ਦਿੱਤੀ।

With Thanks Reference to: https://punjab.news18.com/news/national/supreme-court-strong-comment-on-not-approving-the-recommendation-to-appoint-two-sikh-lawyers-as-judges-gw-486770.html

Spread the love