ਮੁੱਖ ਮੰਤਰੀ ਨੂੰ ਸੂਬਾਈ ’ਵਰਸਿਟੀਆਂ ਦਾ ਚਾਂਸਲਰ ਲਾਉਣ ਦੀ ਤਿਆਰੀ

ਪੰਜਾਬ ਵਿਧਾਨ ਸਭਾ ’ਚ ਸ਼ਰਧਾਂਜਲੀ ਭੇਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਸਰਕਾਰ ਵੱਲੋਂ ਭਲਕੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਰਾਜਪਾਲ ਦੀ ਸੂਬਾਈ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਭੂਮਿਕਾ ਨੂੰ ਖ਼ਤਮ ਕਰਨ ਲਈ ਅਹਿਮ ਬਿੱਲ ਲਿਆਂਦਾ ਜਾ ਰਿਹਾ ਹੈ। ਪੰਜਾਬ ਸਰਕਾਰ ਇਸ ਬਿੱਲ ਜ਼ਰੀਏ ਰਾਜ ਸੰਚਾਲਿਤ ਯੂਨੀਵਰਸਿਟੀਆਂ ਦੇ ਚਾਂਸਲਰ ਦਾ ਅਹੁਦਾ ਰਾਜਪਾਲ ਦੀ ਥਾਂ ਮੁੱਖ ਮੰਤਰੀ ਨੂੰ ਦੇਣਾ ਚਾਹੁੰਦੀ ਹੈ। ਸਰਕਾਰ ਦੀ ਵਿਉਂਤ ਸਿਰੇ ਚੜ੍ਹੀ ਤਾਂ ਪੰਜਾਬ ਵਿਚ ਰਾਜਪਾਲ ਨਹੀਂ, ਮੁੱਖ ਮੰਤਰੀ ਸੂਬਾਈ ਯੂਨੀਵਰਸਿਟੀਆਂ ਦੇ ਚਾਂਸਲਰ ਹੋਣਗੇ। ਪੰਜਾਬ ਸਰਕਾਰ ਦੀ ਇਹ ਪੇਸ਼ਕਦਮੀ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਬਣੇ ਟਕਰਾਓ ਨੂੰ ਹੋਰ ਸਿਖਰ ’ਤੇ ਲਿਜਾ ਸਕਦੀ ਹੈ। ਪੰਜਾਬ ਸਰਕਾਰ ਪੱਛਮੀ ਬੰਗਾਲ ਦੀ ਤਰਜ਼ ’ਤੇ ਰਾਜਪਾਲ ਦੇ ਚਾਂਸਲਰ ਵਜੋਂ ਖੰਭ ਕੁਤਰਨਾ ਚਾਹੁੰਦੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਨੂੰ ਰਾਜ ਸੰਚਾਲਿਤ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਨਿਯੁਕਤ ਕਰਨ ਬਾਰੇ ਭਲਕੇ ਵਿਧਾਨ ਸਭਾ ਵਿਚ ਬਿੱਲ ਲਿਆ ਰਹੀ ਹੈ ਅਤੇ ਅਜਿਹਾ ਫ਼ੈਸਲਾ ਪਹਿਲਾਂ ਪੱਛਮੀ ਬੰਗਾਲ ਸਰਕਾਰ ਵੀ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੈਬਨਿਟ ਨੇ ਅੱਜ ਇਸ ਬਿੱਲ ’ਤੇ ਮੋਹਰ ਲਗਾ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਰਾਜਪਾਲ ਵੱਲੋਂ ਲਿਖੀ ਹਰ ਚਿੱਠੀ ਦਾ ਜਵਾਬ ਦੇਣਗੇ ਅਤੇ ਅਗਲੇ ਸਵਾਲ ਦੀ ਉਡੀਕ ਕਰਨਗੇ।

ਪੱਛਮੀ ਬੰਗਾਲ ਸਰਕਾਰ ਨੇ ਵੀ 26 ਮਈ 2022 ਨੂੰ ਰਾਜਪਾਲ ਦੀ ਥਾਂ ਬੰਗਾਲ ਦੀਆਂ 31 ਯੂਨੀਵਰਸਿਟੀਆਂ ਦਾ ਚਾਂਸਲਰ ਮੁੱਖ ਮੰਤਰੀ ਨੂੰ ਨਾਮਜ਼ਦ ਕਰਨ ਦਾ ਫ਼ੈਸਲਾ ਕੀਤਾ ਸੀ। ਤਾਮਿਲਨਾਡੂ ਸਰਕਾਰ ਨੇ ਵੀ ਰਾਜਪਾਲ ਦੀਆਂ ਬਤੌਰ ਚਾਂਸਲਰ ਤਾਕਤਾਂ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਸੀ। ਇਸੇ ਤਰ੍ਹਾਂ ਦੇ ਕਦਮ ਰਾਜਸਥਾਨ ਅਤੇ ਕੇਰਲਾ ਦੀਆਂ ਸਰਕਾਰਾਂ ਨੇ ਵੀ ਚੁੱਕਿਆ ਹੈ। ਹੁਣ ਪੰਜਾਬ ਸਰਕਾਰ ਨੇ ਇਸੇ ਰਾਹ ’ਤੇ ਤੁਰਨ ਦਾ ਫ਼ੈਸਲਾ ਕੀਤਾ ਹੈ। ਚੇਤੇ ਰਹੇ ਕਿ ਪੰਜਾਬ ਦੇ ਰਾਜਪਾਲ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਵਜੋਂ ਡਾ. ਗੁਰਪ੍ਰੀਤ ਵਾਂਡਰ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ। ਰਾਜਪਾਲ ਨੇ ਪੰਜਾਬ ਖੇਤੀ ’ਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਹਟਾਏ ਜਾਣ ਲਈ ਕਿਹਾ ਸੀ। ਪੰਜਾਬ ਟੈਕਨੀਕਲ ’ਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਵੀ ਕਈ ਸਵਾਲ ਉੱਠੇ ਹਨ। ਪੰਜਾਬ ਸਰਕਾਰ ਨੇ ਹੁਣ ਰਾਜਪਾਲ ਦਾ ਬਤੌਰ ਚਾਂਸਲਰ ਸੂਬਾਈ ਯੂਨੀਵਰਸਿਟੀਆਂ ’ਚੋਂ ਦਖਲ ਘਟਾਉਣ ਲਈ ਭਲਕੇ ਵਿਧਾਨ ਸਭਾ ਵਿਚ ਬਿੱਲ ਲਿਆਉਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਰਾਜਪਾਲ ਪੰਜਾਬ ਇਸ ਬਿੱਲ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਸਕਦੇ ਹਨ ਅਤੇ ਅਜਿਹੀ ਸਥਿਤੀ ਵਿਚ ਪੰਜਾਬ ਸਰਕਾਰ ਅਗਾਊਂ ਹੀ ਅਦਾਲਤ ਵਿਚ ਜਾਣ ਦਾ ਮਨ ਬਣਾ ਚੁੱਕੀ ਹੈ।

ਵਿਧਾਨ ਸਭਾ ਵਿੱਚ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ

ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਵਿਸ਼ੇਸ਼ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਅੱਜ ਸੈਸ਼ਨ ਦੇ ਪਹਿਲੇ ਦਿਨ ਸਦਨ ਨੇ ਸਿਆਸੀ ਹਸਤੀਆਂ, ਸੁਤੰਤਰਤਾ ਸੰਗਰਾਮੀ, ਸ਼ਹੀਦ, ਖਿਡਾਰੀ ਤੇ ਉੜੀਸਾ ਰੇਲ ਹਾਦਸੇ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਦਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ, ਸਾਬਕਾ ਵਿਧਾਇਕ ਰੁਮਾਲ ਚੰਦ, ਸੁਤੰਤਰਤਾ ਸੰਗਰਾਮੀ ਉਜਾਗਰ ਸਿੰਘ, ਸ਼ਹੀਦ ਮਨਦੀਪ ਸਿੰਘ ਹਵਾਲਦਾਰ, ਸ਼ਹੀਦ ਕੁਲਵੰਤ ਸਿੰਘ ਚੜਿੱਕ, ਸ਼ਹੀਦ ਸਿਪਾਹੀ ਹਰਕ੍ਰਿਸ਼ਨ ਸਿੰਘ ਤੇ ਸ਼ਹੀਦ ਸਿਪਾਹੀ ਸੇਵਕ ਸਿੰਘ, ਉੱਘੇ ਖਿਡਾਰੀ ਕੌਰ ਸਿੰਘ ਤੇ ਕਿਰਨ ਅਜੀਤ ਪਾਲ ਕੌਰ, ਪ੍ਰਸਿੱਧ ਅਦਾਕਾਰ ਮੰਗਲ ਢਿੱਲੋਂ ਅਤੇ ਸ਼ਹੀਦ ਨਾਇਬ ਸੂਬੇਦਾਰ ਬਲਬੀਰ ਸਿੰਘ ਰਾਣਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਬੰਧਤ ਪਰਿਵਾਰਾਂ ਨੂੰ ਸਦਨ ਵੱਲੋਂ ਸ਼ੋਕ ਸੁਨੇਹੇ ਭੇਜਣ ਬਾਰੇ ਮਤਾ ਲਿਆਂਦਾ, ਜਿਸ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਸ਼ਰਧਾਂਜਲੀ ਭੇਟ ਕਰਨ ਦੌਰਾਨ ਵਿਛੜੀਆਂ ਰੂਹਾਂ ਦੇ ਸਨਮਾਨ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।

With Thanks Reference To : https://www.punjabitribuneonline.com/news/punjab/preparation-to-make-the-chief-minister-the-chancellor-of-the-state-universities-237294

Spread the love