ਕਿਸਾਨਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ: ਈਟੀਓ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਤੇ ਹੋਰ

ਲਾਗਲੇ ਪਿੰਡ ਬਰ੍ਹਮੀ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 66 ਕੇਵੀ ਬਿਜਲੀ ਸਬ-ਸਟੇਸ਼ਨ ਅਤੇ ਨਵੀਂ ਬਿਜਲੀ ਲਾਈਨ ਦਾ ਉਦਘਾਟਨ ਕਰਨ ਸਮੇਂ ਦਾਅਵਾ ਕੀਤਾ ਕਿ ਝੋਨੇ ਦੀ ਬਿਜਾਈ ਅਤੇ ਪੂਰੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਭਗਵੰਤ ਮਾਨ ਸਰਕਾਰ ਵਚਨਬੱਧ ਹੈ। ਇਸ ਮੌਕੇ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਵੰਡ ਇੰਜਨੀਅਰ ਡੀਪੀਐੱਸ ਗਰੇਵਾਲ, ਮੁੱਖ ਇੰਜਨੀਅਰ ਵੰਡ ਕੇਂਦਰੀ ਜ਼ੋਨ ਇੰਜਨੀਅਰ ਐੱਸਆਰ ਵਸ਼ਿਸ਼ਟ, ਮੁੱਖ ਇੰਜਨੀਅਰ ਟਰਾਂਸਮਿਸ਼ਨ ਲਾਈਨ ਇੰਜਨੀਅਰ ਇੰਦਰਜੀਤ ਸਿੰਘ ਅਤੇ ਐੱਸਈ ਸਬ-ਅਰਬਨ ਲੁਧਿਆਣਾ ਇੰਜਨੀਅਰ ਜਗਦੇਵ ਹਾਂਸ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸੂਬੇ ਦੇ ਹਰ ਵਰਗ ਦੇ ਕਿਸਾਨਾਂ ਨੂੰ ਮਿਆਰੀ, ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕੁਲ 3.86 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਬਰ੍ਹਮੀ ਦੇ ਇਸ ਸਬ-ਸਟੇਸ਼ਨ ‘ਤੇ ਨਵਾਂ 8.0/10.0 ਐੱਮਵੀਏ ਪਾਵਰ ਟਰਾਂਸਫ਼ਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ 11 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਬ-ਸਟੇਸ਼ਨ 66 ਕੇਵੀ ਸਬ-ਸਟੇਸ਼ਨ ਰਾਏਕੋਟ ਅਤੇ 66 ਕੇਵੀ ਸਬ-ਸਟੇਸ਼ਨ ਪੱਖੋਵਾਲ ਦਾ ਭਾਰ ਵੰਡਾਉਣ ਵਿੱਚ ਮਦਦ ਕਰੇਗਾ। ਇਸ ਨਾਲ 15 ਪਿੰਡਾਂ ਦੇ ਵੀਹ ਹਜ਼ਾਰ ਖਪਤਕਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸਬ ਸਟੇਸ਼ਨ ਬਰ੍ਹਮੀ ਦਾ ਸਿੱਧਾ ਲਾਭ ਨੂਰਪੁਰਾ, ਤਾਜਪੁਰ, ਕੈਲੇ, ਬੁਰਜ ਲਿਟਾਂ, ਗੋਂਦਵਾਲ, ਹਲਵਾਰਾ ਅਤੇ ਹੋਰ ਨੇੜਲੇ ਪਿੰਡਾਂ ਨੂੰ ਮਿਲੇਗਾ। ਜਗਰਾਉਂ (ਪੱਤਰ ਪ੍ਰੇਰਕ/ ਨਿੱਜੀ ਪੱਤਰ ਪ੍ਰ੍ੇਰਕ): ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਵਿੱਚ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 66 ਕੇਵੀ ਸਬ-ਸਟੇਸ਼ਨ (ਗਰਿੱਡ) ਦਾ ਉਦਘਾਟਨ ਕੀਤਾ ਅਤੇ ਪਿੰਡ ਭੂੰਦੜੀ ਤੋਂ ਸਿੱਧਵਾਂ ਬੇਟ ਤੱਕ ਆਉਣ ਵਾਲੀ ਲਾਈਨ ਲੋਕਾਂ ਨੂੰ ਸਮਰਪਿਤ ਕੀਤੀ। ਇਸ ਮੌਕੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਸੂਬਾ ਸਰਕਾਰ ਅਤੇ ਭਗਵੰਤ ਮਾਨ ਦੀ ਟੀਮ ਨੇ ਗਰਿੱਡ ਸਥਾਪਿਤ ਕਰਕੇ ਬੇਟ ਇਲਾਕੇ ਦੇ ਲੋਕਾਂ ਦੀਆਂ ਅਸੀਸਾਂ ਲੈ ਲਈਆਂ ਹਨ। ਸ੍ਰੀ ਈਟੀਓ ਨੇ ਕਿਹਾ ਕਿ ਝੋਨੇ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ ਢੁੱਕਵੀਂ ਬਿਜਲੀ ਸਪਲਾਈ ਲਈ ਇਹ ਜ਼ਰੂਰੀ ਸੀ। ਵਿਭਾਗ ਦੇ ਹਾਜ਼ਰ ਅਧਿਕਾਰੀਆਂ ਨੇ ਲੋਕਾਂ ਨੂੰ ਜਾਣੂ ਕਰਵਾਇਆ ਕਿ ਇਸ ਗਰਿੱਡ ਦੇ ਕੰਮ ਕਰਨ ਨਾਲ ਲੋਧੀਵਾਲਾ, ਤਿਹਾੜਾ, ਮਲਸੀਆਂ ਬਾਜਨ, ਸੋਢੀਵਾਲ, ਜਨੇਤਪੁਰਾ, ਸ਼ੇਰੇਵਾਲ, ਕੰਨੀਆਂ ਹੁਸੈਨੀ, ਪਰਜੀਆਂ,ਬਹਾਦਰਕੇ, ਸਫੀਪੁਰਾ ਆਦਿ ਪਿੰਡਾਂ ਨੂੰ ਬਿਜਲੀ ਸਪਲਾਈ ਵਿੱਚ ਵਾਧਾ ਹੋਵੇਗਾ ਅਤੇ ਸਿੱਧਵਾਂ ਬੇਟ-ਕਿਸ਼ਨਪੁਰਾ ਕਲਾਂ ਗਰਿੱਡਾਂ ਦਾ ਲੋਡ ਘਟੇਗਾ। 

ਪਾਵਰਕੌਮ ਦੇ ਮੁੱਖ ਦਫ਼ਤਰ ਵਿੱਚ ਬਿਜਲੀ ਮੰਤਰੀ ਦਾ ਛਾਪਾ

ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਲੁਧਿਆਣਾ ਦੇ ਪਾਵਰਕੌਮ ਦੇ ਮੁੱਖ ਦਫ਼ਤਰ ਵਿੱਚ ਅਚਾਨਕ ਛਾਪਾ ਮਾਰਿਆ। ਇਸ ਦੌਰਾਨ  ਉਨ੍ਹਾਂ ਨੇ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਦੀ ਖਿਚਾਈ ਕੀਤੀ ਤੇ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੱਤੀ। ਬਿਜਲੀ ਮੰਤਰੀ ਹਰਭਜਨ ਸਿੰਘ ਸਵੇਰੇ 7.50 ਵਜੇ ਦੇ ਕਰੀਬ ਫਿਰੋਜ਼ਪੁਰ ਰੋਡ ਸਥਿਤ ਪੀਐੱਸਪੀਸੀਐੱਲ ਦਫ਼ਤਰ ਪੁੱਜੇ ਅਤੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰਾਂ ਦੀ ਜਾਂਚ ਕੀਤੀ ਅਤੇ ਵੱਖ-ਵੱਖ ਸ਼ਾਖਾਵਾਂ ਵਿੱਚ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਇੱਕ-ਇੱਕ ਕਰਕੇ ਬੁਲਾਇਆ ਅਤੇ ਦਫ਼ਤਰ ਵਿੱਚ ਉਨ੍ਹਾਂ ਦੀ ਮੌਜੂਦਗੀ ਦੀ ਚੈਕਿੰਗ ਕੀਤੀ। ਚੈਕਿੰਗ ਦੀ ਕਾਰਵਾਈ ਉਪਰੰਤ ਉਨ੍ਹਾਂ ਕਿਹਾ ਕਿ ਇਸ ਅਚਨਚੇਤ ਦੌਰੇ ਦਾ ਮੰਤਵ ਵਿਭਾਗ ਦੇ ਸਟਾਫ਼ ਦਾ ਸਮੇਂ ਸਿਰ ਡਿਊਟੀ ’ਤੇ ਹਾਜ਼ਰ ਹੋਣ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਆਪਣੇ ਸ਼ਨਾਖਤੀ ਕਾਰਡ ਪਹਿਨਣ ਲਈ ਵੀ ਕਿਹਾ। ਮੰਤਰੀ ਹਰਭਜਨ ਸਿੰਘ ਈਟੀਓ ਨੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਕੰਮਕਾਜ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪ੍ਰੇਸ਼ਾਨੀ ਨਾ ਝੱਲਣੀ ਪਵੇ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਬਕਾਇਆ ਮਾਮਲਿਆਂ ਦਾ ਤੁਰੰਤ ਨਿਪਰਾਟਾ ਕੀਤਾ ਜਾਵੇ ਕਿਉਂਕਿ ਇਸ ਨਾਲ ਲੋਕਾਂ ਵਿੱਚ ਸਰਕਾਰ ਅਤੇ ਇਸ ਦੇ ਕੰਮਕਾਜ ਪ੍ਰਤੀ ਭਰੋਸਾ ਵਧੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਦੇਸ਼ ਦਾ ਉਦਯੋਗਿਕ ਧੁਰਾ ਹੋਣ ਦੇ ਨਾਤੇ ਪਾਵਰਕੌਮ ਇਥੋਂ ਉਦਯੋਗਾਂ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਉਹ ਬਿਨਾਂ ਕਿਸੇ ਪਾਵਰ ਕੱਟ ਦੇ ਆਪਣਾ ਕੰਮ ਜਾਰੀ ਰੱਖ ਸਕਣ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਮਦਨ ਲਾਲ ਬੱਗਾ ਤੇ ਪਾਵਰਕੌਮ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

With Thanks Reference To : https://www.punjabitribuneonline.com/news/ludhiana/farmers-will-get-uninterrupted-electricity-eto-231767

Spread the love