Amritsar : ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਰਵਾਇਤੀ ਮਹੱਲਾ ਸਜਾਇਆ

ਬੰਦੀ ਛੋੜ ਦਿਵਸ

ਬੰਦੀ ਛੋੜ ਦਿਵਸ: ਨਿਹੰਗ ਸਿੰਘਾਂ ਵਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਆਰੰਭੀ ਸਿੱਖ ਮਾਰਸ਼ਲ ਘੋੜਸਵਾਰੀ, ਨੇਜੇਬਾਜ਼ੀ, ਤਲਵਾਰਬਾਜ਼ੀ , 2 ਘੋੜਿਆਂ ਤੇ , ਚਾਰ ਘੋੜਿਆਂ ਤੇ ਇਕ ਸਵਾਰ ਅਤੇ ਗਤਕੇਬਾਜ਼ੀ ਦੇ ਹਰਤਾਂਗੇਜ ਕਰਤਬ ਦਿਖਾਏ ਗਏ। ਜਿਨ੍ਹਾਂ ਨੂੰ ਦੇਖਣ ਲਈ ਸੰਗਤਾਂ ਵੱਡੀ ਗਿਣਤੀ ਚ ਪਹੁੰਚੀਆਂ।

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਵਿਖੇ ਅੱਜ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਰਵਾਇਤੀ ਮਹੱਲਾ ਸਜਾਇਆ ਗਿਆ। ਸੰਤ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਹੇਠ ਇਹ ਅਲੌਕਿਕ ਮਹੱਲਾ ਪੁਰਾਤਨ ਰਵਾਇਤ ਅਨੁਸਾਰ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਚ ਆਰੰਭ ਹੋਇਆ ।

ਇਸ ਮਹੱਲੇ ਚ ਰਵਾਇਤੀ ਨੀਲੇ ਪੀਲੇ ਬਾਣਿਆਂ ਚ ਸੱਜ ਕੇ ਪੁਰਾਤਨ ਸ਼ਸ਼ਤਰਾਂ ਨਾਲ ਲੈਸ ਹੋ ਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਘੋੜੇ ਹਾਥੀਆਂ ਤੇ ਸਵਾਰ ਹੋ ਕੇ ਸ਼ਾਮਿਲ ਹੋਏ। ਸ਼ਹਿਰ ਦੇ ਵੱਖ ਵੱਖ ਬਜਾਰਾਂ ਚੋ ਹੁੰਦਾ ਹੋਇਆ ਇਹ ਮਹੱਲਾ ਗੁਰਦੁਆਰਾ ਸ਼ਹੀਦਗੰਜ ਰੇਲਵੇ ਕਲੋਨੀ ਪਹੁੰਚਿਆ ਜਿਥੇ ਨਿਹੰਗ ਸਿੰਘਾਂ ਵਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਆਰੰਭੀ ਸਿੱਖ ਮਾਰਸ਼ਲ ਘੋੜਸਵਾਰੀ, ਨੇਜੇਬਾਜ਼ੀ, ਤਲਵਾਰਬਾਜ਼ੀ , 2 ਘੋੜਿਆਂ ਤੇ , ਚਾਰ ਘੋੜਿਆਂ ਤੇ ਇਕ ਸਵਾਰ ਅਤੇ ਗਤਕੇਬਾਜ਼ੀ ਦੇ ਹਰਤਾਂਗੇਜ ਕਰਤਬ ਦਿਖਾਏ ਗਏ। ਜਿਨ੍ਹਾਂ ਨੂੰ ਦੇਖਣ ਲਈ ਸੰਗਤਾਂ ਵੱਡੀ ਗਿਣਤੀ ਚ ਪਹੁੰਚੀਆਂ।

ਇਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੇ ਪਤਿਤਪੁਣੇ ਤੋਂ ਰਹਿਤ ਹੋ ਕੇ ਬਾਣੀ ਤੇ ਬਾਣੀ ਦੇ ਧਾਰਨੀ ਬਣਨ ਦੀ ਅਪੀਲ ਕੀਤੀ। ਉਨ੍ਹਾਂ ਦੇਸ਼ ਵਿਦੇਸ਼ ਚ ਵਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਗੁਰੂਦੁਆਰਾ ਬੇਰ ਸਾਹਿਬ ਚ ਕੀਤੇ ਜਾਣ ਵਾਲੇ ਸਮਾਗਮਾਂ ਚ ਸ਼ਿਰਕਤ ਕਰਕੇ ਆਪਣਾ ਜੀਵਨ ਸਫਲਾ ਕਰਨ ਦੀ ਅਪੀਲ ਵੀ ਕੀਤੀ।

ਗੁਰਦੁਆਰਾ ਪਾਤਸ਼ਾਹੀ ਛੇਵੀਂ ਮੱਲ ਅਖਾੜਾ ਸਾਹਿਬ, ਬੁਰਜ ਬਾਬਾ ਫੂਲਾ ਸਿੰਘ ਅਕਾਲੀ ਤੋਂ ਅਰਦਾਸ ਉਪਰੰਤ ਮਹੱਲਾ ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ। ਇਸ ਤੋਂ ਪਹਿਲਾਂ ਨਿਹੰਗ ਸਿੰਘਾਂ ਦੀ ਚਲੀ ਆਉਂਦੀ ਮਰਿਯਾਦਾ ਮੁਤਾਬਕ ਗੁਰਦੁਆਰਾ ਮੱਲ ਅਖਾੜਾ ਵਿਖੇ ਆਖੰਡ ਪਾਠਾਂ ਦੇ ਭੋਗ ਪਾਏ ਗਏ। 

ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਨਿਹੰਗ ਸਿੰਘਾਂ ਦਾ ਇੱਕ ਵਿਸ਼ਾਲ ਕਾਫਲਾ ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਸ਼ੇਰਾਂਵਾਲਾ ਗੇਟ, ਮਹਾਂਸਿੰਘ ਗੇਟ, ਚੌਂਕ ਰਾਮਬਾਗ, ਹਾਲ ਗੇਟ, ਕਿਲਾ ਗੋਬਿੰਦਗੜ੍ਹ ਰਾਹੀਂ ਗੁਰਦੁਆਰਾ ਸ਼ਹੀਦਗੰਜ ਰੇਲਵੇ ਗਰਾਂਉਡ ਵਿਖੇ ਵਾਜਿਆਂ ਗਾਜਿਆਂ, ਸਮੇਤ ਪੁਜਾ। ਜਿਥੇ ਘੋੜਿਆਂ ਦੀ ਦੌੜ ਤੇ ਨਿਹੰਗ ਸਿੰਘ ਦੇ ਜੰਗੀ ਕਰਤੱਵ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ। ਢੋਲ-ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘ ਗਰਾਂਉਡ ਵਿੱਚ ਸ਼ਾਮਲ ਹੋਏ।

ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਪੰਜਵਾਂ ਤਖ਼ਤ, ਤੋਂ ਇਲਾਵਾ ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਸ਼ਹੀਦ ਮਿਸਲ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਿਧੀ ਚੰਦ ਸੁਰਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ ਸਮੇਤ ਅਨੇਕਾਂ ਸੰਤ ਮਹਾਂਪੁਰਸ਼, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਅਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਿਰ ਸਨ।

ਬਾਬਾ ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਾਮਤਾ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਹਰ ਸਮੇ ਚੜਦੀਕਲਾ ‘ਚ ਰਹਿੰਦਿਆ ਕੌਮ ਦੀ ਬੇਹਤਰੀ ਲਈ ਤੱਤਪਰ ਰਹਿਣਾ ਚਾਹੀਦਾ ਹੈ।

With Thanks Reference to: https://punjab.news18.com/news/punjab/amritsar-dedicated-to-bandi-chod-diwas-nihang-singh-organizations-decorated-the-traditional-mahalla-ak-483572.html and https://www.ptcnews.tv/news-in-punjabi/sikh-martial-arts-performed-by-beloved-nihang-singh-army-of-guru-gobind-singh-734275

Spread the love