ਹਾਈ ਕੋਰਟ ਵੱਲੋਂ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਤਿੰਨ ਦਿਨ ਲਈ ਰੋਕ

2022_1$largeimg_758812337

ਦਰਸ਼ਨ ਸਿੰਘ ਸੋਢੀਐਸ.ਏ.ਐਸ. ਨਗਰ (ਮੁਹਾਲੀ), 25 ਜਨਵਰੀ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਦਿੰਦਿਆਂ ਤਿੰਨ ਦਿਨਾਂ ਲਈ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ। ਉੱਚ ਅਦਾਲਤ ਨੇ ਬੀਤੇ ਕੱਲ੍ਹ ਅਕਾਲੀ ਆਗੂ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਸਬੰਧੀ ਮਜੀਠੀਆ ਵੱਲੋਂ ਆਪਣੇ ਵਕੀਲਾਂ ਰਾਹੀਂ ਹਾਈ ਕੋਰਟ ਵਿੱਚ ਨਵੇਂ ਸਿਰਿਓਂ ਪਟੀਸ਼ਨ ਦਾਇਰ ਕਰ ਕੇ ਫ਼ਰਿਆਦ ਕੀਤੀ ਗਈ ਸੀ ਕਿ ਹਾਈ ਕੋਰਟ ਦੇ ਤਾਜ਼ੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲਈ ਸੱਤ ਦਿਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਤਿੰਨ ਦਿਨ ਦੀ ਮੋਹਲਤ ਦਿੱਤੀ ਜਾਵੇ।

ਸੁਪਰੀਮ ਕੋਰਟ ਜਾਣ ਅਤੇ ਮਜੀਠਾ ਤੋਂ ਨਾਮਜ਼ਦਗੀ ਦਾਖ਼ਲ ਕਰਨ ਲਈ ਸਿਰਫ਼ ਇੱਕ ਦਿਨ

ਹਾਈ ਕੋਰਟ ਨੇ ਅਕਾਲੀ ਆਗੂ ਪ੍ਰਤੀ ਨਰਮ ਰੁਖ਼ ਅਖ਼ਤਿਆਰ ਕਰਦਿਆਂ ਤਿੰਨ ਦਿਨਾਂ ਲਈ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਉਂਦਿਆਂ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਵਿੰਗ ਨੂੰ ਹਦਾਇਤ ਕੀਤੀ ਕਿ ਇਸ ਦੌਰਾਨ ਮਜੀਠੀਆ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ, ਪਰ ਇਹ ਹੁਕਮ ਬੀਤੇ ਕੱਲ੍ਹ ਯਾਨੀ 24 ਜਨਵਰੀ ਤੋਂ ਲਾਗੂ ਹੋਣਗੇ। ਅੱਜ ਦਾ ਵੀ ਸਾਰਾ ਦਿਨ ਲੰਘ ਗਿਆ ਹੈ। ਇੰਜ, ਮਜੀਠੀਆ ਕੋਲ ਸਿਰਫ਼ ਸੁਪਰੀਮ ਕੋਰਟ ਜਾਣ ਅਤੇ ਮਜੀਠਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਸਿਰਫ਼ ਇੱਕ ਦਿਨ ਹੀ ਬਚਿਆ ਹੈ ਅਤੇ ਭਲਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਸਰਕਾਰੀ ਛੁੱਟੀ ਆ ਗਈ ਹੈ। ਇੰਜ, ਹਾਈ ਕੋਰਟ ਵੱਲੋਂ ਦਿੱਤੀ ਤਿੰਨ ਦਿਨਾਂ ਦੀ ਮੋਹਲਤ ਵੀਰਵਾਰ 27 ਜਨਵਰੀ ਦੁਪਹਿਰ 12 ਵਜੇ ਪਹਿਲਾਂ (ਸਵੇਰੇ 11:59 ਵਜੇ ਤੱਕ) ਖ਼ਤਮ ਹੋ ਜਾਵੇਗੀ। ਇਸ ਸਮੇਂ ਤੱਕ ਮਜੀਠੀਆ ਨੂੰ ਇਹ ਦੋਵੇਂ ਅਹਿਮ ਕੰਮ ਮੁਕੰਮਲ ਕਰਨੇ ਹੋਣਗੇ।

With Thanks Refrence to: https://www.punjabitribuneonline.com/news/punjab/high-court-stays-majithia39s-arrest-for-three-days-128575

Spread the love