ਸਰਕਾਰੀ ਸਕੂਲਾਂ ‘ਚ ਸਖ਼ਤੀ ! ਸਿੱਖਿਆ ਵਿਭਾਗ ਪੰਜਾਬ ਨੇ ਸਕੂਲ ਮੁਖੀਆਂ ਨੂੰ ਜਾਰੀ ਕੀਤੇ ਇਹ ਹੁਕਮ

ਮਿਡ-ਡੇ ਮੀਲ

ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਮਿਡ-ਡੇ ਮੀਲ ਸਕੂਲ ਦੇ ਵਿਦਿਆਰਥੀਆਂ ਨੂੰ ਦੇਣ ਤੋਂ ਪਹਿਲਾਂ ਅਧਿਆਪਕ ਵੱਲੋਂ ਇਸ ਨੂੰ ਖਾਣਾ ਲਾਜ਼ਮੀ ਹੈ

ਜਾਸ, ਪਟਿਆਲਾ : ਸੰਗਰੂਰ ਦੇ ਮੈਰੀਟੋਰੀਅਸ ਸਕੂਲ ’ਚ ਫੂਡ ਪੁਆਇਜ਼ਨਿੰਗ ਦੇ ਕੇਸ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਸ ਘਟਨਾ ਤੋਂ ਸਬਕ ਲੈਂਦਿਆਂ ਨਿਰਦੇਸ਼ ਜਾਰੀ ਕੀਤੇ ਕਿ ਵਿਦਿਆਰਥੀਆਂ ਨੂੰ ਖਾਣਾ ਪਰੋਸਨ ਤੋਂ ਪਹਿਲਾਂ ਮਿਡ-ਡੇ ਮੀਲ ਸਕੀਮ ਇੰਚਾਰਜ ਤੇ ਸਕੂਲ ਮੁਖੀ ਖ਼ੁਦ ਖਾਣਾ ਖਾ ਕੇ ਚੈੱਕ ਕਰਨਗੇ। ਇਸਦੇ ਨਾਲ ਹੀ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਜੇਕਰ ਇਸਦੇ ਬਾਵਜੂਦ ਇਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਲਈ ਸਕੂਲ ਮੁਖੀ ਤੇ ਮਿਡ-ਡੇ ਮੀਲ ਇੰਚਾਰਜ ਜ਼ਿੰਮੇਵਾਰ ਹੋਣਗੇ।

ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਮਿਡ-ਡੇ ਮੀਲ ਸਕੂਲ ਦੇ ਵਿਦਿਆਰਥੀਆਂ ਨੂੰ ਦੇਣ ਤੋਂ ਪਹਿਲਾਂ ਅਧਿਆਪਕ ਵੱਲੋਂ ਇਸ ਨੂੰ ਖਾਣਾ ਲਾਜ਼ਮੀ ਹੈ, ਪਰ ਫਿਰ ਵੀ ਸਕੂਲ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਹਦਾਇਤ ਦਿੱਤੀ ਜਾਂਦੀ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਦੇਣ ਤੋਂ ਪਹਿਲਾਂ ਮਿਡ-ਡੇ ਮੀਲ ਵਰਕਰ, ਉਸ ਤੋਂ ਬਾਅਦ ਸਬੰਧਤ ਇੰਚਾਰਜ ਤੇ ਅੰਤ ’ਚ ਸਕੂਲ ਮੁਖੀ ਵੱਲੋਂ ਇਸ ਨੂੰ ਖਾ ਕੇ ਜਾਂਚਿਆ ਜਾਵੇਗਾ। ਇਸ ਉਪਰੰਤ ਹੀ ਇਹ ਵਿਦਿਆਰਥੀਆਂ ਨੂੰ ਪਰੋਸਿਆ ਜਾਵੇ।

ਸਕੂਲ ਦੇ ਟੈਸਟ ਰਜਿਸਟਰ ’ਚ ਚੈਕਿੰਗ ਉਪਰੰਤ ਦੇਣੇ ਪੈਣਗੇ ਕੁਮੈਂਟ

ਸੂਬੇ ਦੇ ਕਰੀਬ 21 ਹਜ਼ਾਰ ਸਕੂਲਾਂ ’ਚ ਮਿਡ-ਡੇ ਮੀਲ ਬਣਾਉਣ ਉਪਰੰਤ ਸਕੂਲ ਇਸ ਨੂੰ ਮਿਡ-ਡੇ ਮੀਲ ਇੰਚਾਰਜ ਜਾਂ ਕਿਸੇ ਹੋਰ ਅਧਿਆਪਕ ਨੂੰ ਰੋਜ਼ਾਨਾ ਚੈੱਕ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਸਕੂਲ ’ਚ ਮੈਨੇਜਮੈਂਟ ਕਮੇਟੀ ਜਾਂ ਕੋਈ ਮਾਪੇ ਮੌਜੂਦ ਹੋਣ ਤਾਂ ਉਸ ਨੂੰ ਚੈੱਕ ਕਰਵਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਮਿਡ-ਡੇ ਮੀਲ ਚੈੱਕ ਕਰਨ ਵਾਲੇ ਟੈਸਟ ਰਜਿਸਟਰ ’ਚ ਕੁਮੈਂਟ ਵੀ ਦਰਜ ਕਰਵਾਏ ਜਾਣਗੇ ਤਾਂਕਿ ਕਿਸੇ ਵੀ ਸੂਰਤ ’ਚ ਵਿਦਿਆਰਥੀਆਂ ਦੇ ਖਾਣੇ ਨੂੰ ਲੈ ਕੇ ਲਾਪਰਵਾਹੀ ਨਾ ਵਰਤੀ ਜਾਵੇ।

ਜ਼ਿਲ੍ਹੇ ਦੇ ਸਕੂਲਾਂ ’ਚ ਵਰਤੀ ਜਾ ਰਹੀ ਹੈ ਚੌਕਸੀ : ਡਿਪਟੀ ਡੀਈਓ

ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ’ਚ ਮਿਡ-ਡੇ ਮੀਲ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਫ਼ੀ ਚੌਕਸੀ ਵਰਤੀ ਜਾ ਰਹੀ ਹੈ। ਮਿਡ-ਡੇ ਮੀਲ ਬਣਨ ਤੋਂ ਬਾਅਦ ਜਿੱਥੇ ਕੁੱਕ ਵਰਕਰਾਂ ਵੱਲੋਂ ਟੈਸਟ ਕੀਤਾ ਜਾਂਦਾ ਹੈ, ਉੱਥੇ ਅਧਿਆਪਕਾਂ ਵੱਲੋਂ ਚੈੱਕ ਕਰਨ ਉਪਰੰਤ ਹੀ ਇਹ ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਹੈ। ਹੁਣ ਨਿਰਦੇਸ਼ਾਂ ਦੇ ਮੱਦੇਨਜ਼ਰ ਹੋਰ ਚੌਕਸੀ ਵਰਤੀ ਜਾਵੇਗੀ।

With Thanks Reference to: https://www.punjabijagran.com/punjab/chandigarh-strictness-in-government-schools-education-department-punjab-issued-these-orders-to-the-school-heads-9309306.html

Spread the love