ਹਸਪਤਾਲ ਦੀ ਥਾਂ ਮੁਹੱਲਾ ਕਲੀਨਿਕ ਬਣਾਉਣ ਦਾ ਵਿਰੋਧ
ਪੰਜਾਬ ਸਰਕਾਰ ਵੱਲੋਂ ਅਗਲੇ ਸਾਲ 26 ਜਨਵਰੀ ਨੂੰ ਬਣਾਈਆਂ ਜਾ ਰਹੀਆਂ ਮੁਹੱਲਾ ਕਲੀਨਿਕਾਂ ਵਿਚੋਂ ਇੱਕ ਕਲੀਨਿਕ ਸ਼ਹਿਣਾ ਵਿਖੇ ਬਣਾਈ ਜਾ ਰਹੀ ਹੈ। ਕਸਬੇ ਸ਼ਹਿਣਾ ਦੀ ਗ੍ਰਾਮ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਾਂਗਰਸ ਪਾਰਟੀ ਵੱਲੋਂ 40 ਸਾਲ ਪੁਰਾਣੇ ਹਸਪਤਾਲ ਦੀ ਥਾਂ ‘ਤੇ ਮੁਹੱਲਾ ਕਲੀਨਿਕ ਬਣਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਚ ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਮੁਹੱਲਾ ਕਲੀਨਿਕ ਹਸਪਤਾਲ ਵਾਲੀ ਜਗ੍ਹਾ ‘ਤੇ ਬਣਾ ਕੇ ਹਸਪਤਾਲ ਨੂੰ ਖਤਮ ਕੀਤਾ ਜਾ ਰਿਹਾ ਹੈ ਜਦਕਿ ਇਸ ਹਸਪਤਾਲ ‘ਚ ਕਈ ਪਿੰਡਾਂ ਦੇ ਲੋਕ ਦਵਾਈ ਲੈਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦੇ ਕੁੱਲ ਕਾਰਜਕਾਲ ਵਿੱਚੋਂ ਲਗਪਗ ਪੰਜ ਮਹੀਨੇ ਤੋਂ ਇਸ ਹਸਪਤਾਲ ‘ਚ ਡਾਕਟਰ ਹੀ ਨਹੀ ਹੈ। ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਸਰਕਾਰ ਵੱਲੋਂ ਮਿੰਨੀ ਪੀ.ਐਚ.ਸੀ. ਨੂੰ ਅਪਗਰੇਡ ਕਰਕੇ ਮੁਹੱਲਾ ਕਲੀਨਿਕ ਬਣਾਈ ਜਾ ਰਹੀ ਹੈ। ਇੱਥੇ ਡਾਕਟਰ, ਫਾਰਮਾਸਿਸਟ, ਲੈਬ, ਦਵਾਈਆਂ ਮਿਲਣਗੀਆਂ।
ਸੰਘਰਸ਼ ਕਰਨ ਲਈ ਇਕਜੁੱਟ ਹੋਈਆਂ ਜਥੇਬੰਦੀਆਂ
ਬੋਹਾ:ਸੰਘਰਸ਼ਸ਼ੀਲ ਜਥੇਬੰਦੀਆਂ ਦੇ ਮੁੱਖ ਆਗੂਆਂ ਦੀ ਮੀਟਿੰਗ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਸੁਖਵਿੰਦਰ ਸਿੰਘ ਬੋਹਾ ਦੀ ਅਗਵਾਈ ਹੇਠ ਦਾਣਾ ਮੰਡੀ ਬੋਹਾ ਵਿੱਖੇ ਹੋਈ। ਇਸ ਮੌਕੇ ਆਪ ਸਰਕਾਰ ਵੱਲੋਂ ਖੇਤਰ ਦੇ ਇੱਕੋ ਇੱਕ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਨੂੰ ਵੱਡਾ ਹਸਪਤਾਲ ਕਰਨ ਦੀ ਥਾਂ ’ਤੇ ਮੁਹੱਲਾ ਕਲੀਨਿਕ ਬਣਾਉਣ ਦੇ ਯਤਨਾਂ ਅਤੇ ਕੁੜੀਆਂ ਵਾਲੇ ਸਕੂਲ ਦੀ ਜਗ੍ਹਾ ਉੱਪਰ ਕੀਤੇ ਨਜਾਇਜ਼ ਕਬਜ਼ੇ ਨੂੰ ਛੁਡਾਉਣ ਸਬੰਧੀ ਰਣਨੀਤੀ ਤਿਆਰ ਕੀਤੀ ਗਈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂ ਜੀਤ ਸਿੰਘ ਬੋਹਾ, ਪੰਜਾਬ ਕਿਸਾਨ ਯੂਨੀਅਨ ਦੇ ਦਰਸ਼ਨ ਸਿੰਘ ਮੰਘਾਣੀਆਂ ਨੇ ਰੋਸ ਜਤਾਇਆ। -ਪੱਤਰ ਪ੍ਰੇਰਕ
With Thanks Reference to: https://www.punjabitribuneonline.com/news/Malwa/opposition-to-building-a-mohalla-clinic-instead-of-a-hospital-201420