ਮਿੱਟੀ ਦਾ ਮੋਹ : ਐੱਨਆਰਆਈ ਵੀਰਾਂ ਦੀ ਆਪਣੇ ਪਿੰਡਾਂ ਦੇ ਵਿਕਾਸ ’ਚ ਵੱਡੀ ਦੇਣ, ਪਰਿਵਾਰਾਂ ਤੇ ਰਿਸ਼ਤੇਦਾਰਾਂ ਦੀ ਹਰ ਪੱਖੋਂ ਇਮਦਾਦ ਦੇ ਨਾਲ-ਨਾਲ ਜਨਮ ਭੂਮੀ ਨੂੰ ਵੀ ਵਿਕਸਿਤ ਦੇਸ਼ਾਂ ਦੇ ਪਿੰਡਾਂ ਵਰਗੀ ਦਿੱਤੀ ਦਿਖ

ਐੱਨਆਰਆਈ

ਐੱਨਆਰਆਈ ਵੀਰਾਂ ਦਾ ਮਿੱਟੀ ਦਾ ਮੋਹ :ਆਦਮਪੁਰ ਹਲਕੇ ’ਚ ਪੈਂਦਾ ਪਿੰਡ ਦੂਹੜੇ ਜ਼ਿਲ੍ਹੇ ਦਾ ਪਹਿਲਾ ਪਿੰਡ ਹੈ, ਜਿੱਥੇ ਸੀਵਰੇਜ ਸਿਸਟਮ ਪਾਉਣ ਦੇ ਨਾਲ ਹੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਸੀ। ਪਲਾਂਟ ਦੇ ਚਾਰੇ ਪਾਸੇ ਸੈਰਗਾਹ ਬਣਾਈ ਗਈ ਹੈ, ਜਿੱਥੇ ਪਿੰਡ ਵਾਸ

ਜਤਿੰਦਰ ਪੰਮੀ, ਜਲੰਧਰ : ਦੋਆਬੇ ’ਤੇ ਵਿਸ਼ੇਸ਼ ਕਰ ਕੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਵੱਡੀ ਗਿਣਤੀ ਲੋਕ ਵਿਦੇਸ਼ਾਂ ’ਚ ਖੁਸ਼ਹਾਲ ਜੀਵਨ ਬਿਤਾ ਰਹੇ ਹਨ। ਦਹਾਕਿਆਂ ਪਹਿਲਾਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਪੱਛਮੀ, ਅਫਰੀਕੀ ਤੇ ਖਾੜੀ ਦੇਸ਼ਾਂ ’ਚ ਜਾ ਕੇ ਉਥੇ ਆਪਣੇ ਕਾਰੋਬਾਰ ਸਥਾਪਤ ਕਰਨ ਵਾਲੇ ਜ਼ਿਲ੍ਹੇ ਦੇ ਵੱਡੀ ਗਿਣਤੀ ਐੱਨਆਰਆਈ ਵੀਰ ਜਿੱਥੇ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੀ ਹਰ ਪੱਖੋਂ ਇਮਦਾਦ ਕਰਦੇ ਹਨ, ਉਥੇ ਹੀ ਉਹ ਆਪਣੀ ਜਨਮ ਭੂਮੀ ਯਾਨੀ ਕਿ ਆਪਣੇ ਪਿੰਡਾਂ ਨੂੰ ਵਿਕਸਿਤ ਦੇਸ਼ਾਂ ਦੇ ਪਿੰਡਾਂ ਵਰਗਾ ਦੇਖਣਾ ਲੋਚਦੇ ਹਨ। ਜ਼ਿਲ੍ਹੇ ਦਾ ਕੋਈ ਅਜਿਹਾ ਪਿੰਡ ਨਹੀਂ ਹੈ, ਜਿੱਥੋਂ ਦੇ ਲੋਕ ਵਿਦੇਸ਼ਾਂ ’ਚ ਨਾ ਗਏ ਹੋਣ। ਇਹੀ ਕਾਰਨ ਹੈ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਦੇ ਵਿਕਾਸ ’ਚ ਉਥੋਂ ਦੇ ਐੱਨਆਰਆਈ ਵੀਰਾਂ ਦਾ ਵੱਡਾ ਯੋਗਦਾਨ ਹੈ।

ਗਾਖਲ

ਅਮਰੀਕਾ ਦੇ ਕੈਲੇਫੋਰਨੀਆ ’ਚ ਰਹਿੰਦੇ ਅਮੋਲਕ ਸਿੰਘ ਗਾਖਲ ਤੇ ਉਨ੍ਹਾਂ ਦੇ ਭਰਾਵਾਂ ਨੇ ਜਿੱਥੇ ਮਾਂ ਖੇਡ ਕਬੱਡੀ ਨੂੰ ਕੌਡੀਆਂ ਤੋਂ ਕਰੋੜਾਂ ਦੀ ਖੇਡ ਬਣਾਇਆ ਹੈ, ਉਥੇ ਹੀ ਉਨ੍ਹਾਂ ਨੇ ਆਪਣੇ ਪਿੰਡ ਦੇ ਹੋਰ ਐੱਨਆਰਆਈ ਵੀਰਾਂ ਨਾਲ ਮਿਲ ਕੇ ਆਪਣੇ ਪਿੰਡ ਨੂੰ ਆਧੁਨਿਕ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਹੈ। ਪਿੰਡ ’ਚ ਸੀਵਰੇਜ ਪਵਾਉਣ ਤੋਂ ਇਲਾਵਾ ਸੀਵਰੇਜ ਟ੍ਰੀਟਮੈਂਟ ਲਈ ਸੀਚੇਵਾਲ ਮਾਡਲ ਦਾ ਪਲਾਂਟ ਲਾਇਆ ਹੈ। ਪਿੰਡ ਅੰਦਰਲੇ ਛੱਪੜ ਨੂੰ ਪੂਰ ਕੇ ਉਥੇ ਸ਼ਾਨਦਾਰ ਪਾਰਕ ਬਣਾਇਆ ਗਿਆ ਹੈ, ਜਿੱਥੇ ਬੱਚੇ ਤੇ ਬਜ਼ੁਰਗ ਸੈਰ ਕਰਨ ਤੋਂ ਇਲਾਵਾ ਮਨੋਰੰਜਨ ਕਰਦੇ ਹਨ। ਨੌਜਵਾਨਾਂ ਦੇ ਖੇਡਣ ਲਈ ਖੇਡ ਸਟੇਡੀਅਮ ਵੀ ਬਣਾਇਆ ਗਿਆ ਹੈ ਅਤੇ ਪਿੰਡ ਦੀਆਂ ਗਲੀਆਂ ਪੱਕੀਆਂ ਕੀਤੀਆਂ ਗਈਆਂ ਹਨ।

ਹਰਦੋ ਫਰਾਲਾ

ਜਲੰਧਰ ਕੈਂਟ ਹਲਕੇ ’ਚ ਪੈਂਦਾ ਇਹ ਪਿੰਡ ਮਾਂ ਬੋਲੀ ਪੰਜਾਬੀ ਦੇ ਸਪੂਤ ਤੇ ਸਮਾਜ ਸੇਵੀ ਸੁੱਖੀ ਬਾਠ ਦਾ ਹੈ। ਸੁੱਖੀ ਬਾਠ ਤੇ ਉਨ੍ਹਾਂ ਦੇ ਭਰਾ ਨੇ ਆਪਣੇ ਪਿਤਾ ਅਰਜਨ ਸਿੰਘ ਬਾਠ ਦੇ ਨਾਂ ’ਤੇ ਪਿੰਡ ’ਚ ਖੇਡ ਸਟੇਡੀਅਮ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਦੇ ਪ੍ਰਾਇਮਰੀ ਤੇ ਮਿਡਲ ਸਕੂਲ ਦੀ ਸ਼ਾਨਦਾਰ ਇਮਾਰਤ ਤਿਆਰ ਕਰਵਾਈ ਹੈ ਤਾਂ ਜੋ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਨ ਵਾਲੇ ਬੱਚਿਆਂ ਨੂੰ ਉੱਚ ਦਰਜੇ ਦਾ ਬੁੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ। ਸੁੱਖੀ ਬਾਠ ਫਾਊਂਡੇਸ਼ਨ ਵੱਲੋਂ ਹਰ ਸਾਲ ਇਲਾਕੇ ਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਹਨ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਮੈਡੀਕਲ ਕੈਂਪ ਲਾਇਆ ਜਾਂਦਾ ਹੈ।

ਹਰੀਪੁਰ

ਨੂਰਮਹਿਲ ਬਲਾਕ ’ਚ ਪੈਂਦਾ ਪਿੰਡ ਹਰੀਪੁਰ ਕਿਸੇ ਪਛਾਣ ਦਾ ਮੁਥਾਜ਼ ਨਹੀਂ ਹੈ। ਇਥੋਂ ਦੇ ਐੱਨਆਰਆਈ ਵੀਰਾਂ ਨੇ ਪਿੰਡ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਹੋਈ ਹੈ। ਹਰੀਪੁਰ ਨੂੰ ਪੰਜਾਬ ਦਾ ਨੰਬਰ ਇਕ ਆਧੁਨਿਕ ਸਹੂਲਤਾਂ ਤੇ ਸਾਫ਼-ਸੁਥਰਾ ਪਿੰਡ ਹੋਣ ਦਾ ਸਨਮਾਨ ਮਿਲ ਚੁੱਕਾ ਹੈ। ਪਿੰਡ ’ਚ ਸੀਵਰੇਜ ਸਿਸਟਮ ਪਾਉਣ ਦੇ ਨਾਲ ਇੱਥੋਂ ਦੇ ਛੱਪੜ ਪੱਕੇ ਕਰਕੇ ਸੁੰਦਰ ਪਾਰਕ ਬਣਾਏ ਗਏ ਹਨ। ਸ਼ਹਿਰ ਦੇ ਚਾਰੇ ਪਾਸੇ ਖਾਲੀ ਪਈਆਂ ਪੰਚਾਇਤੀ ਥਾਵਾਂ ’ਤੇ ਓਪਨ ਜਿੰਮ ਬਣਾਏ ਗਏ ਹਨ, ਜਿੱਥੇ ਬੱਚੇ, ਬੁੱਢੇ ਤੇ ਨੌਜਵਾਨ ਆਪਣੀ ਉਮਰ ਮੁਤਾਬਕ ਕਸਰਤ, ਸੈਰ ਤੇ ਮਨੋਰੰਜਨ ਕਰ ਸਕਦੇ ਹਨ। ਪਿੰਡ ’ਚ ਸਟਰੀਟ ਲਾਈਟਾਂ ਦਾ ਵੀ ਪੂਰਾ ਪ੍ਰਬੰਧ ਹੈ ਅਤੇ ਚੋਰੀਆਂ ਰੋਕਣ ਲਈ ਸਾਰੇ ਪਿੰਡ ਦੇ ਚੌਕਾਂ ਤੇ ਰਸਤਿਆਂ ’ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ।

ਦੂਹੜੇ

ਆਦਮਪੁਰ ਹਲਕੇ ’ਚ ਪੈਂਦਾ ਪਿੰਡ ਦੂਹੜੇ ਜ਼ਿਲ੍ਹੇ ਦਾ ਪਹਿਲਾ ਪਿੰਡ ਹੈ, ਜਿੱਥੇ ਸੀਵਰੇਜ ਸਿਸਟਮ ਪਾਉਣ ਦੇ ਨਾਲ ਹੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਸੀ। ਪਲਾਂਟ ਦੇ ਚਾਰੇ ਪਾਸੇ ਸੈਰਗਾਹ ਬਣਾਈ ਗਈ ਹੈ, ਜਿੱਥੇ ਪਿੰਡ ਵਾਸੀ ਸਵੇਰੇ ਸ਼ਾਮ ਸੈਰ ਕਰਨ ਲਈ ਜਾਂਦੇ ਹਨ। ਇਸ ਪਿੰਡ ਦੇ ਜੰਮਪਲ ਸੁਰਜੀਤ ਸਿੰਘ ਦੂਹੜੇ ਜੋ ਕਿ ਐਕਸਾਈਜ਼ ਵਿਭਾਗ ’ਚੋਂ ਬਤੌਰ ਅਧਿਕਾਰੀ ਸੇਵਾਮੁਕਤ ਹੋਏ ਹਨ, ਨੇ ਆਪਣੇ ਪਿੰਡ ਦੇ ਐੱਨਆਰਆਈ ਵੀਰਾਂ ਕੋਲ ਵਿਦੇਸ਼ਾਂ ’ਚ ਜਾ ਕੇ ਫੰਡ ਇਕੱਠਾ ਕਰਕੇ ਪਿੰਡ ਦਾ ਸੁੰਦਰੀਕਰਨ ਕਰਵਾਇਆ। ਸੀਵਰੇਜ ਤੋਂ ਇਲਾਵਾ ਪਿੰਡ ’ਚ ਸਟਰੀਟ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਗ਼ਦਰੀ ਬਾਬਿਆਂ ਦੀ ਯਾਦ ’ਚ ਲਾਇਬੇ੍ਰਰੀ ਬਣਾਈ ਗਈ ਹੈ। ਔਰਤਾਂ ਲਈ ਵੱਖਰਾ ਪਾਰਕ ਬਣਾਇਆ ਗਿਆ ਹੈ। ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਪਾਣੀ ਪਿੰਡ ਦੇ ਕਿਸਾਨਾਂ ਨੂੰ ਖੇਤੀ ਕਰਨ ਵਾਸਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਖੁਸਰੋਪੁਰ

ਜਲੰਧਰ ਕੈਂਟ ਦੇ ਨਾਲ ਲੱਗਦੇ ਖੁਸਰੋਪੁਰ ਦੇ ਅਮਰੀਕਾ ਰਹਿੰਦੇ ਭਰਾਵਾਂ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲਾਂ ਦੀਆਂ ਅਤਿ-ਤਰਸਯੋਗ ਹਾਲਤ ਵਾਲੀਆ ਇਮਾਰਤਾਂ ਪੂਰੀ ਤਰ੍ਹਾਂ ਢਾਹ ਕੇ ਉਨ੍ਹਾਂ ਦੀ ਥਾਂ ਸ਼ਾਨਦਾਰ ਆਧੁਨਿਕ ਸਹੂਲਤਾਂ ਵਾਲੀਆਂ ਇਮਾਰਤਾਂ ਤਿਆਰ ਕਰਵਾਈਆਂ ਹਨ। ਸਕੂਲਾਂ ਦੀਆਂ ਇਮਾਰਤਾਂ ਬਣਾਉਣ ’ਤੇ ਦੋਵਾਂ ਭਰਾਵਾਂ ਨੇ ਡੇਢ ਕਰੋੜ ਰੁਪਏ ਤੋਂ ਵੀ ਵੱਧ ਦੀ ਰਾਸ਼ੀ ਖਰਚ ਕੀਤੀ ਸੀ। ਇਸ ਤੋਂ ਇਲਾਵਾ ਉਹ ਸਕੂਲਾਂ ’ਚ ਪੜ੍ਹਨ ਵਾਲੇ ਬੱਚਿਆਂ ਨੂੰ ਵਰਦੀਆਂ, ਕਾਪੀਆਂ-ਕਿਤਾਬਾਂ ਤੇ ਹੋਰ ਸਾਮਾਨ ਵੀ ਦਿੰਦੇ ਰਹਿੰਦੇ ਹਨ।

ਦਿਆਲਪੁਰ

ਕਰਤਾਰਪੁਰ ਹਲਕੇ ’ਚ ਪੈਂਦੇ ਦਿਆਲਪੁਰ ਦੇ ਐੱਨਆਰਆਈ ਵੀਰਾਂ ਨੇ ਸਰਪੰਚ ਹਰਜਿੰਦਰ ਸਿੰਘ ਰਾਜਾ ਦੇ ਯਤਨਾਂ ਸਦਕਾ ਪਿੰਡ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਦਿੱਤਾ ਹੈ। ਪਿੰਡ ਦੇ ਪੰਚਾਇਤ ਘਰ ਦੀ ਇਮਾਰਤ ਦੇ ਨਾਲ-ਨਾਲ ਸ਼ਮਸ਼ਾਨਘਾਟ ਦਾ ਸੁੰਦਰੀਕਰਨ ਕੀਤਾ ਗਿਆ ਹੈ। ਸ਼ਮਸ਼ਾਨਘਾਟ ਦੇ ਅੰਦਰ ਹੀ ਦੇਹ-ਸੰਭਾਲ ਘਰ ਬਣਾਇਆ ਗਿਆ ਹੈ। ਪਿੰਡ ਤੋਂ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ ਪੱਕੀ ਕੀਤੀ ਗਈ ਹੈ ਅਤੇ ਮ੍ਰਿਤਕ ਸਰੀਰ ਸ਼ਮਸ਼ਾਨਘਾਟ ਲਿਜਾਣ ਲਈ ਮੌਰਚਰੀ ਵੈਨ ਵੀ ਪਿੰਡ ਦੇ ਐੱਨਆਰਆਈ ਵੱਲੋਂ ਦਾਨ ਕੀਤੀ ਗਈ ਹੈ। ਪਿੰਡ ਨੂੰ ਲੱਗਦੇ ਸਾਰੇ ਰਸਤਿਆਂ ਦੇ ਦਾਖਲਾ ਪੁਆਇੰਟਾਂ ਅਤੇ ਚੌਕਾਂ ’ਚ ਸੀਸੀਟੀਵੀ ਕੈਮਰੇ ਲਾਏ ਗਏ ਹਨ ਤਾਂ ਨਸ਼ੇੜੀਆਂ ਤੇ ਚੋਰਾਂ ਉਪਰ ਸ਼ਿਕੰਜਾ ਕੱਸਿਆ ਜਾਵੇ। ਨੌਜਵਾਨਾਂ ਲਈ ਖੇਡ ਸਟੇਡੀਅਮ ਵੀ ਬਣਾਇਆ ਗਿਆ, ਜਿਸ ਦੀ ਸਾਂਭ-ਸੰਭਾਲ ਸ਼ੇਰੇ ਪੰਜਾਬ ਕਲੱਬ ਵੱਲੋਂ ਕੀਤੀ ਜਾਂਦੀ ਹੈ।

ਬੀਰ ਪਿੰਡ

ਇਹ ਨਕੋਦਰ ਹਲਕੇ ਦੀ ਮੌਜੂਦਾ ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਸਹੁਰਾ ਪਿੰਡ ਹੈ। ਇਸ ਪਿੰਡ ਦੇ ਐੱਨਆਰਆਈ ਵੀਰਾਂ ਨੇ ਵੀ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਦੀਆ ਇਮਾਰਤਾਂ ਢਾਹ ਕੇ ਨਵੇਂ ਸਿਰਿਓਂ ਆਧੁਨਿਕ ਸਹੂਲਤਾਂ ਨਾਲ ਲੈਸ ਇਮਾਰਤਾਂ ਬਣਵਾਈਆਂ ਗਈਆਂ ਸਨ। ਇਸ ਦੇ ਸਕੂਲ ਅੰਦਰ ਵਧੀਆ ਬਾਥਰੂਮ ਬਣਵਾਏ ਗਏ ਅਤੇ ਵਿਦਿਆਰਥੀਆਂ ਲਈ ਆਧੁਨਿਕ ਕੰਪਿਊਟਰ ਲੈਬ ਵੀ ਤਿਆਰ ਕੀਤੀ ਗਈ ਹੈ।

ਢੰਡੋਵਾਲ

ਸ਼ਾਹਕੋਟ ਹਲਕੇ ਦੇ ਪਿੰਡ ਢੰਡੋਵਾਲ ਦੇ ਵਿਕਾਸ ਕਾਰਜਾਂ ’ਚ ਐੱਨਆਰਆਈਜ਼ ਨੇ ਤਨ, ਮਨ ਤੇ ਧਨ ਨਾਲ ਯੋਗਦਾਨ ਪਾਇਆ ਹੈ। ਖੇਡ ਸਟੇਡੀਅਮ ਤਿਆਰ ਕਰਨ ਦੇ ਨਾਲ ਹੀ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਇਲਾਕੇ ਦੀਆਂ ਧੀਆਂ ਨੂੰ ਉੱਚ ਵਿੱਦਿਆ ਦੇਣ ਲਈ ਪਿੰਡ ’ਚ ਕੁੜੀਆਂ ਦਾ ਕਾਲਜ ਵੀ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਗਲੀਆਂ ਇੰਟਰਲਾਕਿੰਗ ਟਾਈਲਾਂ ਲਾ ਕੇ ਪੱਕੀਆਂ ਕੀਤੀਆਂ ਗਈਆਂ ਹਨ।

ਜ਼ਿਲ੍ਹੇ ਦੇ ਹੋਰ ਪਿੰਡ, ਜਿੱਥੇ ਕੀਤੇ ਗਏ ਹਨ ਵਿਕਾਸ ਕਾਰਜ

ਜ਼ਿਲ੍ਹੇ ਦੇ ਹੋਰ ਵੀ ਕਈ ਪਿੰਡ ਹਨ, ਜਿੱਥੇ ਐੱਨਆਰਆਈ ਵੀਰਾਂ ਵੱਲੋਂ ਵਿੱਤੀ ਸਹਿਯੋਗ ਦੇ ਕੇ ਵਿਕਾਸ ਕਾਰਜ ਕਰਵਾਏ ਗਏ ਹਨ। ਇਨ੍ਹਾਂ ’ਚ ਕਾਹਲਵਾਂ, ਅਠੌਲਾ, ਕੰਗ ਸਾਹਬੂ, ਗਿੱਲ ਪਿੰਡ, ਜੌਹਲ ਪਿੰਡ, ਰੰਧਾਵਾ ਮਸੰਦਾ, ਸੰਘੇ ਖਾਲਸਾ, ਡੱਲੇਵਾਲ, ਸ਼ਾਦੀਪੁਰ ਸ਼ਾਮਲ ਹਨ, ਜਿਨ੍ਹਾਂ ਦੇ ਐੱਨਆਰਆਈ ਵੀਰਾਂ ਨੇ ਸਕੂਲਾਂ ਦੀਆ ਇਮਾਰਤਾਂ, ਪਾਰਕ, ਦੇਹ ਸੰਭਾਲ ਘਰਾਂ ਤੋਂ ਇਲਾਵਾ ਗਲੀਆਂ ਪੱਕੀਆਂ ਕਰਨ ਲਈ ਲੱਖਾਂ ਰੁਪਏ ਖਰਚੇ ਹਨ। 

With Thanks Reference to: https://www.punjabijagran.com/punjab/jalandhar-love-of-the-soil-nri-heroes-give-a-lot-in-the-development-of-their-villages-help-their-families-and-relatives-in-every-way-and-also-make-their-homeland-look-like-the-villages-of-developed-countries-9321836.html

Spread the love