ਭਗਵੰਤ ਮਾਨ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ
New Delhi: AAP MP and Punjab CM-designate Bhagwant Mann arrives to attend the second part of Budget Session, at Parliament House, in New Delhi, Monday, March 14, 2022. (PTI Photo/Atul Yadav)(PTI03_14_2022_000038B)
ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਮਨੋਨੀਤ ਭਗਵੰਤ ਮਾਨ ਨੇ ਅੱਜ ਲੋਕ ਸਭਾ ਦੀ ਮੈਂਬਰੀਂ ਤੋਂ ਅਸਤੀਫ਼ਾ ਦੇ ਦਿੱਤਾ। ਉਹ 2019 ਦੀਆਂ ਆਮ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਮਾਨ ਨੇ ਅੱਜ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਰਸਮੀ ਤੌਰ ’ਤੇ ਆਪਣਾ ਅਸਤੀਫ਼ਾ ਸੌਂਪਿਆ। ਮਾਨ ਹੁਣ 16 ਮਾਰਚ ਨੂੰ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ।
ਭਗਵੰਤ ਮਾਨ ਨੇ ਸਪੀਕਰ ਓਮ ਬਿਰਲਾ ਨੂੰ ਆਪਣਾ ਅਸਤੀਫ਼ਾ ਦੇਣ ਤੋਂ ਪਹਿਲਾਂ ਅੱਜ ਆਖਰੀ ਵਾਰ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਲਿਆ। ਅਸਤੀਫ਼ਾ ਦੇਣ ਮਗਰੋਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਦਨ ਦੀ ਯਾਦ ਆਏਗੀ, ਪਰ ਹੁਣ ਵੱਡੀ ਜ਼ਿੰਮੇਵਾਰੀ ਨਿਭਾਉਣੀ ਹੈ। ਪੰਜਾਬ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ, ‘‘ਮੈਂ ਇਸ ਸਦਨ ਨੂੰ ਯਾਦ ਕਰਾਂਗਾ। ਪੰਜਾਬ ਦੇ ਲੋਕਾਂ ਨੇ ਮੈਨੂੰ ਪੂਰੇ ਸੂਬੇ ਦੀ ਸੇਵਾ ਲਈ ਇਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੈਂ ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਸੰਗਰੂਰ ਤੋਂ ਤੁਹਾਡੀ ਇਕ ਹੋਰ ਆਵਾਜ਼ ਛੇਤੀ ਹੀ ਲੋਕ ਸਭਾ ਵਿੱਚ ਗੂੰਜੇਗੀ।’’ ਪੰਜਾਬ ਜਿਹੇ ਸਰਹੱਦੀ ਸੂਬੇ ਨੂੰ ਚਲਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ, ‘‘ਮੈਂ ਪਿਛਲੇ ਸੱਤ ਸਾਲ ਤੋਂ ਸੰਸਦ ਮੈਂਬਰ ਹਾਂ। ਸਾਨੂੰ (ਆਪ) ਪ੍ਰਸ਼ਾਸਨ ਚਲਾਉਣ ਦਾ ਤਜਰਬਾ ਹੈ। ਅਸੀਂ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਸਰਕਾਰ ਚਲਾ ਰਹੇ ਹਾਂ। ਅਸੀਂ ਕੋਈ ਨਵੇਂ ਨਹੀਂ। ਸਾਨੂੰ ਪਤੈ ਸਰਕਾਰਾਂ ਕਿਵੇਂ ਚਲਦੀਆਂ।’’ ਮਾਨ ਨੇ ਕਿਹਾ ਪੰਜਾਬ ਚੋਣਾਂ ਦੌਰਾਨ ਐਤਕੀਂ ਕਈ ਨੌਜਵਾਨ ਚਿਹਰੇ ਜਿੱਤੇ ਹਨ ਜਦੋਂਕਿ ਕਈ (ਪਾਰਟੀਆਂ ਦੇ) ਮਹਾਰਥੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਮਾਨ ਨੇ ਕਿਹਾ, ‘‘ਨਵੇਂ ਤੇ ਲੀਕ ਤੋਂ ਹਟਵੇਂ ਵਿਚਾਰ ਆਉਣਗੇ ਤੇ ਪੰਜਾਬ ਮੁੜ ਪੰਜਾਬ ਬਣੇਗਾ।’’ ਸਰਕਾਰ ਚਲਾਉਣ ਲਈ ਦਿੱਲੀ ਤੋਂ ਕੋਈ ਹਦਾਇਤਾਂ ਆਉਣ ਬਾਰੇ ਪੁੱਛਿਆ ਤਾਂ ਮਾਨ ਨੇ ਕਿਹਾ, ‘‘ਅਸੀਂ ਦਿੱਲੀ ਤੋਂ ਸੇਧਾਂ ਲਵਾਂਗੇ ਤੇ ਦਿੱਲੀ ਸਾਡੇ(ਪੰਜਾਬ) ਕੋਲੋਂ ਲਏਗਾ। ਅਸੀਂ ਮੱਧ ਪ੍ਰਦੇਸ਼, ਤਾਮਿਲ ਨਾਡੂ ਤੇ ਪੱਛਮੀ ਬੰਗਾਲ ਕੋਲੋਂ ਚੰਗੀਆਂ ਚੀਜ਼ਾਂ ਸਿੱਖਾਂਗੇ। ਭਗਤ ਸਿੰਘ ਪੰਜਾਬ, ਚੰਦਰ ਸ਼ੇਖਰ ਆਜ਼ਾਦ ਤੇ ਅਸ਼ਫ਼ਾਕਉੱਲ੍ਹਾ ਖ਼ਾਨ ਯੂਪੀ ਤੋਂ ਅਤੇ ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸਨ। ਉਨ੍ਹਾਂ ਦਾ ਟੀਚਾ ਦੇਸ਼ ਨੂੰ ਮਜ਼ਬੂਤ ਕਰਨਾ ਸੀ। ਸਾਡਾ ਵੀ ਇਹੀ ਟੀਚਾ ਹੋਵੇਗਾ।’’
ਮਾਨ ਵੱਲੋਂ ਪੂਰੇ ਪੰਜਾਬ ਨੂੰ ਖਟਕੜ ਕਲਾਂ ਪਹੁੰਚਣ ਦਾ ਸੱਦਾ
ਚੰਡੀਗੜ੍ਹ (ਟਨਸ):ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋਣ ਵਾਲੇ ਹਲਫ਼ਦਾਰੀ ਸਮਾਗਮ ਨੂੰ ਯਾਦਗਾਰੀ ਤੇ ਇਤਿਹਾਸਕ ਬਣਾਉਣ ਲਈ ਪੂਰੇ ਪੰਜਾਬ ਤੋਂ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਉਸ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਬਸੰਤੀ ਦਸਤਾਰਾਂ ਬੰਨਣ ਅਤੇ ਔਰਤਾਂ ਨੂੰ ਬਸੰਤੀ ਦੁਪੱਟੇ ਲੈ ਕੇ ਆਉਣ ਦੀ ਅਪੀਲ ਕੀਤੀ ਹੈ। ਮਾਨ ਨੇ ਕਿਹਾ, ‘‘ਸ਼ਹੀਦਾਂ ਦੀ ਧਰਤੀ ’ਤੇ ਮੈਂ ਇਕੱਲਾ ਨਹੀਂ, ਪੰਜਾਬ ਦੇ ਤਿੰਨ ਕਰੋੜ ਲੋਕ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ। ਜਿਨ੍ਹਾਂ ਮਿਲ ਕੇ ਭਗਤ ਸਿੰਘ ਦੀ ਸੋਚ ਨੂੰ ਪੂਰਾ ਕਰਨਾ ਹੈ। ਅਸੀਂ ਸਾਰੇ ਮਿਲ ਕੇ ਭਗਤ ਸਿੰਘ ਦੀ ਸੋਚ ਨੂੰ ਅਮਲੀ ਰੂਪ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਇਹ ਕਿਸੇ ਇਕ ਪਾਰਟੀ ਦੀ ਸਰਕਾਰ ਨਹੀਂ, ਤੁਹਾਡੀ ਆਪਣੀ ਸਰਕਾਰ ਹੋਵੇਗੀ। ਪੰਜਾਬ ਨੂੰ ਹਰਾ-ਭਰਾ ਅਤੇ ਖੁਸ਼ਹਾਲ ਬਣਾਉਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੋਵੇਗੀ। ਦੱਸ ਦੇਈੲੇ ਕਿ 16 ਮਾਰਚ ਨੂੰ ਸਿਰਫ਼ ਭਗਵੰਤ ਮਾਨ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ ਜਦੋਂ ਕਿ ਪੰਜਾਬ ਮੰਤਰੀ ਮੰਡਲ ਦੀ ਚੋਣ ਬਾਅਦ ਵਿੱਚ ਕੀਤੀ ਜਾਵੇਗੀ। ਹਲਫ਼ਦਾਰੀ ਸਮਾਗਮ ਵਿੱਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ ਵੱਡੀ ਗਿਣਤੀ ਵਿੱਚ ਮਹਿਮਾਨ ਪਹੁੰਚਣਗੇ।
With Thanks Refrence to: https://www.punjabitribuneonline.com/news/nation/bhagwant-mann-resigns-from-lok-sabha-138627