ਬੀਐੱਸਐੱਫ ਜਵਾਨ ਵੱਲੋਂ ਸਾਥੀਆਂ ’ਤੇ ਗੋਲੀਬਾਰੀ, ਪੰਜ ਹਲਾਕ
Amritsar: A Border Security Force (BSF) jawan being shifted to Guru Nanak Dev hospital, after a colleague allegedly open fired at a force camp in Amritsar district, Sunday, March 6, 2022. At least five BSF personnel were killed in the incident. (PTI Photo)(PTI03_06_2022_000199A)
ਬੀਐੱਸਐੱਫ ਦੇ ਖਾਸਾ ਹੈੱਡ ਕੁਆਰਟਰ ਵਿਚ ਅੱਜ ਡਿਊਟੀ ਲਾਉਣ ਦੇ ਮਾਮਲੇ ਨੂੰ ਲੈ ਕੇ ਖਫਾ ਬੀਐੱਸਐਫ ਦੇ ਜਵਾਨ ਵੱਲੋਂ ਆਪਣੀ ਸਰਕਾਰੀ ‘ਇੰਸਾਸ’ ਰਾਈਫ਼ਲ ਨਾਲ ਸਾਥੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ ਪੰਜ ਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਗੋਲੀ ਚਲਾਉਣ ਵਾਲਾ ਜਵਾਨ ਦੀ ਸ਼ਾਮਲ ਹੈ, ਜਿਸ ਦੀ ਪਛਾਣ ਕਾਂਸਟੇਬਲ ਸਤੈੱਪਾ ਐੱਸ.ਕਿਲਰਾਗੀ(ਕਰਨਾਟਕ) ਵਜੋਂ ਦੱਸੀ ਗਈ ਹੈ। ਇਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜੋ ਇਸ ਵੇਲੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਮਾਰੇ ਗਏ ਹੋਰਨਾਂ ਜਵਾਨਾਂ ਵਿੱਚ ਹੈੱਡ ਕਾਂਸਟੇਬਲ ਡੀ.ਐੱਸ.ਤੋਰਸਕਰ(ਮਹਾਰਾਸ਼ਟਰ), ਹੈੱਡ ਕਾਂਸਟੇਬਲ ਬਲਜਿੰਦਰ ਕੁਮਾਰ(ਹਰਿਆਣਾ), ਕਾਂਸਟੇਬਲ ਰਤਨ ਚੰਦ(ਜੰਮੂ ਕਸ਼ਮੀਰ) ਤੇ ਹੈੱਡ ਕਾਂਸਟੇਬਲ ਰਾਮ ਵਿਨੋਦ ਸਿੰਘ(ਬਿਹਾਰ) ਸ਼ਾਮਲ ਹਨ। ਜ਼ਖ਼ਮੀ ਕਾਂਸਟੇਬਲ ਦੀ ਪਛਾਣ ਨਿਹਾਲ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਬੀਐੱਸਐੱਫ ਨੇ ਕੋਰਟ ਆਫ ਇਨਕੁਆਇਰੀ ਦੇ ਹੁਕਮ ਦੇ ਦਿੱਤੇ ਹਨ।
ਬੀਐੱਸਐੱਫ ਦੇ ਪੰਜਾਬ ਫਰੰਟੀਅਰ ਦੇ ਆਈਜੀ ਆਸਿਫ਼ ਜਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਸ ਪਿੱਛੇ ਕਿਸੇ ਦੁਸ਼ਮਣੀ (ਮੁਲਜ਼ਮ ਤੇ ਹੋਰ ਪੀੜਤ ਜਵਾਨਾਂ ਦਰਮਿਆਨ) ਜਾਂ ਫਿਰ ਡਿਊਟੀ ਨਾਲ ਜੁੜਿਆ ਕੋਈ ਮਸਲਾ ਹੋਣ ਤੋਂ ਇਨਕਾਰ ਕੀਤਾ ਹੈ। ਆਈਜੀ ਨੇ ਕਿਹਾ ਕਿ ਪੁਲੀਸ ਤੇ ਬੀਐੱਸਐੱਫ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬੀਐੱਸਐੈੱਫ ਤਰਜਮਾਨ ਨੇ ਇਸ ਪੂਰੀ ਘਟਨਾ ਨੂੰ ਮੰਦਭਾਗੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਾਮਲੇ ਵਿਚ ਸਮੁੱਚੀ ਸਥਿਤੀ ਸਪੱਸ਼ਟ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਜਵਾਨ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਤਰਜਮਾਨ ਨੇ ਕਿਹਾ ਕਿ ਤੱਥਾਂ ਦੀ ਪੁਸ਼ਟੀ ਲਈ ਕੋਰਟ ਆਫ ਇਨਕੁਆਇਰੀ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਦੌਰਾਨ ਬੀਐੱਸਐਫ ਦੇ ਏਡੀਜੀ ਪੀ.ਵੀ ਰਾਮਾਸ਼ਾਸਤਰੀ ਨੇ ਸ਼ਾਮ ਵੇਲੇ ਬੀਐੱਸਐਫ ਦੇ ਖਾਸਾ ਹੈਡਕੁਆਰਟਰ ਦਾ ਦੌਰਾ ਕੀਤਾ। ਇਸ ਮਾਮਲੇ ਵਿਚ ਥਾਣਾ ਘਰਿੰਡਾ ਵਿੱਚ ਆਈਪੀਸੀ ਦੀ ਧਾਰਾ 302, 307 ਅਤੇ ਅਸਲਾ ਐਕਟਦੀ ਧਾਰਾ 27 ਹੇਠ ਕੇਸ ਦਰਜ ਕੀਤਾ ਗਿਆ ਹੈ। ਕੇਸ ਬੀਐੱਸਐਫ ਦੀ 144 ਬਟਾਲੀਅਨ ਦੇ ਅਧਿਕਾਰੀ ਐੱਸ.ਕੇ.ਵਰਮਾ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਕੇਸ ਵਿੱਚ ਗੋਲੀਆਂ ਚਲਾਉਣ ਵਾਲੇ ਕਾਂਸਟੇਬਲ ਐੱਸ.ਕੇ ਸਤੈੱਪਾ ਨੂੰ ਨਾਮਜ਼ਦ ਕੀਤਾ ਗਿਆ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਲਗਪਗ ਦਸ ਵਜੇ ਵਾਪਰੀ। ਉਸ ਵੇਲੇ ਕਾਂਸਟੇਬਲ ਸਤੈੱਪਾ ਜਨਰਲ ਡਿਊਟੀ ਦਫਤਰ ਵਿਖੇ ਆਇਆ ਹੋਇਆ ਸੀ। ਉਸ ਨੇ ਬਿਨਾਂ ਕਿਸੇ ਝਗੜੇ ਅਤੇ ਕਿਸੇ ਕਾਰਨ ਤੋਂ ਬੀਐੱਸਐੱਫ ਦੇ ਹੋਰ ਜਵਾਨਾਂ, ਜੋ ਨਿਹੱਥੇ ਸਨ, ਉਨ੍ਹਾਂ ’ਤੇ ਗੋਲੀ ਚਲਾਈ। ਉਸ ਵੇਲੇ ਉਸ ਕੋਲ ਇੰਸਾਸ ਰਾਈਫਲ ਸੀ। ਉਸ ਵੇਲੇ ਦਫਤਰ ਵਿਚ ਹੈੱਡ ਕਾਂਸਟੇਬਲ ਡੀ.ਐੱਸ ਤੋਰਸਕਰ ਡਿਊਟੀ ’ਤੇ ਸੀ, ਜਿਸ ਉਪਰ ਉਸ ਨੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀ ਚਲਾ ਦਿੱਤੀ। ਬਾਅਦ ਵਿਚ ਉਹ ਗੋਲੀ ਚਲਾਉਂਦਾ ਹੋਇਆ ਜਵਾਨਾਂ ਦੀ ਬੈਰਕ ਵੱਲ ਅਤੇ ਬੈਰਕ ਨੇੜੇ ਮੈਸ ਦੇ ਪਿਛਲੇ ਪਾਸੇ ਪੁੱਜ ਗਿਆ, ਜਿੱਥੇ ਉਸ ਨੇ ਗੋਲੀਆਂ ਚਲਾਈਆਂ ਅਤੇ ਬੀਐੱਸਐੱਫ ਜਵਾਨ ਬਲਜਿੰਦਰ ਕੁਮਾਰ, ਰਤਨ ਚੰਦ, ਰਾਮ ਵਿਨੋਦ ਸਿੰਘ ਤੇ ਨਿਹਾਲ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਗੋਲੀ ਚਲਾਉਂਦਾ ਹੋਇਆ ਉਹ ਮੁੜ ਬੀਐੱਸਐੱਫ ਦੇ ਸੈਕਟਰ ਹਸਪਤਾਲ ਵੱਲ ਭੱਜਿਆ ਅਤੇ ਰਸਤੇ ਵਿਚ ਉਸ ਨੇ ਮਾਮਲੇ ਨੂੰ ਕੰਟਰੋਲ ਕਰਨ ਲਈ ਆ ਰਹੇ ਕਮਾਂਡੈਂਟ ਸਤੀਸ਼ ਕੁਮਾਰ ਮਿਸ਼ਰਾ ਦੀ ਗੱਡੀ ’ਤੇ ਵੀ ਗੋਲੀ ਚਲਾਈ, ਪਰ ਉਹ ਬਚ ਗਏ। ਉਸ ਨੇ ਹਸਪਤਾਲ ਦੀ ਇਮਾਰਤ ਵੱਲ ਵੀ ਕੁਝ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ ਉਹ ਖੁਦ ਉਥੇ ਹੀ ਡਿੱਗ ਪਿਆ। ਹਸਪਤਾਲ ਦੇ ਅਮਲੇ ਅਤੇ ਹੋਰ ਜਵਾਨਾਂ ਨੇ ਤੁਰੰਤ ਉਸ ਨੂੰ ਕਾਬੂ ਕੀਤਾ। ਉਹ ਉਸ ਵੇਲੇ ਜ਼ਖ਼ਮੀ ਹਾਲਤ ਵਿਚ ਸੀ ਅਤੇ ਉਸ ਨੂੰ ਗੋਲੀ ਲੱਗੀ ਹੋਈ ਸੀ। ਇਸ ਦੌਰਾਨ ਜ਼ਖ਼ਮੀ ਹੋਏ ਸਾਰੇ ਜਵਾਨਾਂ ਨੂੰ ਨੇੜੇ ਹੀ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਚਾਰ ਜਵਾਨਾਂ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ ਗਿਆ। ਦੋ ਜ਼ਖਮੀ ਜਵਾਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿਥੇ ਰਾਮ ਵਿਨੋਦ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਲਗਪਗ 40 ਗੋਲੀਆਂ ਚਲਾਈਆਂ ਗਈਆਂ।
ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਗੋਲੀਆਂ ਚਲਾਉਣ ਵਾਲਾ ਜਵਾਨ
ਵੇਰਵਿਆਂ ਮੁਤਾਬਕ ਗੋਲੀ ਚਲਾਉਣ ਵਾਲਾ ਬੀਐੱਸਐੱਫ ਜਵਾਨ ਐੱਸ ਕੇ ਸਤੈੱਪਾ ਪਹਿਲਾਂ ਵੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਿਹਾ ਅਤੇ ਇਸ ਦਾ ਇਲਾਜ ਚਲਦਾ ਰਿਹਾ ਹੈ। ਸਿਹਤਯਾਬ ਹੋਣ ਮਗਰੋਂ ਉਹ ਮੁੜ ਡਿਊਟੀ ’ਤੇ ਪਰਤਿਆ ਸੀ। ਅੱਜ ਵੀ ਡਿਊਟੀ ਲਾਉਣ ਜਾਂ ਡਿਊਟੀ ਦੇ ਵਧੇਰੇ ਸਮੇਂ ਨੂੰ ਲੈ ਕੇ ਉਸ ਨੇ ਇਤਰਾਜ਼ ਜਤਾਇਆ ਸੀ ਤੇ ਇਸ ਦੌਰਾਨ ਹੀ ਤਕਰਾਰ ਸ਼ੁਰੂ ਹੋ ਗਈ। ਰੋਹ ਵਿਚ ਆਏ ਇਸ ਜਵਾਨ ਨੇ ਆਪਣੇ ਹੀ ਨਿਹੱਥੇ ਸਾਥੀਆਂ ’ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ।
ਖਾਸਾ ਕੈਂਟ ’ਚ ਫੌਜੀ ਜਵਾਨ ਨੇ ਦਰੱਖਤ ਨਾਲ ਫਾਹਾ ਲਿਆ
ਅਟਾਰੀ(ਪੱਤਰ ਪ੍ਰੇਰਕ):ਇਥੇ ਫੌਜੀ ਛਾਉਣੀ ਖਾਸਾ(ਅੰਮ੍ਰਿਤਸਰ) ਵਿੱਚ ਜਵਾਨ ਨੇ ਫਾਹਾ ਲੈ ਲਿਆ। ਜਵਾਨ ਦੀ ਪਛਾਣ 77 ਐੱਫਡੀ ਬਟਾਲੀਅਨ ਦੇ ਸਿਪਾਹੀ ਅਕਸ਼ੈ ਸਿਧਾਰ ਵਜੋਂ ਦੱਸੀ ਗਈ ਹੈ, ਜੋ ਪਿੱਛੋਂ ਨਰੇਸ਼ਨਗਰ, ਰਾਏਗੜ੍ਹ ਛੱਤੀਸਗੜ੍ਹ ਦਾ ਵਸਨੀਕ ਸੀ। ਖਾਸਾ ਆਰਮੀ ਕੈਂਟ ਵਿੱਚ ਤਾਇਨਾਤ ਸੂਬੇਦਾਰ ਓਮਕਾਰ ਸਿੰਘ ਨੇ ਪੁਲੀਸ ਥਾਣਾ ਘਰਿੰਡਾ ਨੂੰ ਦੱਸਿਆ ਕਿ ਉਹ ਅੱਜ ਸਵੇਰੇ ਨਹਾਉਣ ਜਾ ਰਿਹਾ ਸੀ ਕਿ ਉਸ ਨੇ ਆਪਣੀ ਹੀ ਬਟਾਲੀਅਨ ਦੇ ਇੱਕ ਜਵਾਨ ਨੂੰ ਦਰੱਖ਼ਤ ਨਾਲ ਫਾਹਾ ਲਿਆ ਵੇਖਿਆ। ਪੁਲੀਸ ਨੇ ਓਮਕਾਰ ਸਿੰਘ ਦੇ ਬਿਆਨਾਂ ’ਤੇ 174 ਸੀਆਰਪੀਸੀ ਤਹਿਤ ਕਾਰਵਾਈ ਕਰਦਿਆਂ ਰਿਪੋਰਟ ਦਰਜ ਕੀਤੀ ਹੈ।
ਪ੍ਰਧਾਨ ਮੰਤਰੀ ਬੀਐੱਸਐੱਫ ਜਵਾਨਾਂ ਦਾ ਮਸਲਾ ਹੱਲ ਕਰਨ: ਔਜਲਾ
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜੋ ਇਸ ਵੇਲੇ ਪੋਲੈਂਡ ਵਿੱਚ ਹਨ, ਨੇ ਇਕ ਟਵੀਟ ਰਾਹੀਂ ਕਿਹਾ ਕਿ ਉਹ ਪਹਿਲਾਂ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਬੀਐੱਸਐੱਫ ਦੇ ਜਵਾਨਾਂ ਦੀ ਵਧੇਰੇ ਡਿਊਟੀ ਦੇ ਮਾਮਲੇ ਵਿਚ ਸੂਚਿਤ ਕਰ ਚੁੱਕੇ ਹਨ। ਇਸ ਸਬੰਧੀ ਉਨ੍ਹਾਂ ਸੰਸਦ ਦੇ ਇਜਲਾਸ ਦੌਰਾਨ ਵੀ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਬੀਐੱਸਐੱਫ ਦੇ ਜਵਾਨਾਂ, ਜੋ ਇਸ ਵੇਲੇ ਪੰਜਾਬ ਸਰਹੱਦ ’ਤੇ ਤਾਇਨਾਤ ਹਨ, ਦੇ ਮਸਲੇ ਨੂੰ ਹੱਲ ਕਰਨ।
With Thanks Refrence to: https://www.punjabitribuneonline.com/news/punjab/bsf-jawans-open-fire-on-comrades-killing-five-137029