ਬਨੂੜ ਵਿਚ ਸੱਤ ਨੌਜਵਾਨਾਂ ਦੇ ਸਸਕਾਰ ਮੌਕੇ ਗਮਗੀਨ ਹੋਇਆ ਮਾਹੌਲ
ਇੱਥੋਂ ਦੇ ਵਾਰਡ ਨੰਬਰ ਗਿਆਰਾਂ ਦੀ ਮੀਰਾਂ ਸ਼ਾਹ ਕਲੋਨੀ ਦੇ ਵਾਸੀ ਸੱਤ ਨੌਜਵਾਨਾਂ ਦਾ ਅੱਜ ਬਨੂੜ ਦੇ ਹੁਲਕਾ ਰੋਡ ’ਤੇ ਸਥਿਤ ਸਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਊਨਾ ਨੇੜੇ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਨੌਜਵਾਨਾਂ ਦੀ ਮੌਤ ਹੋ ਗਈ ਸੀ।ਇਸ ਦੌਰਾਨ ਪਹਿਲਾਂ ਸਵੇਰ ਤੋਂ ਦੁਪਹਿਰ ਤੱਕ ਅਤੇ ਫਿਰ ਸਸਕਾਰ ਸਮੇਂ ਬਨੂੜ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਸੋਗ ਵਜੋਂ ਬੰਦ ਰਹੇ।
ਇਸ ਮੌਕੇ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਕਾਂਗਰਸੀ ਆਗੂ ਦੀਪਿੰਦਰ ਢਿੱਲੋਂ, ਭਾਜਪਾ ਆਗੂ ਜਗਦੀਸ਼ ਜੱਗਾ, ਨਿਰਭੈ ਸਿੰਘ ਮਿਲਟੀ ਕੰਬੋਜ, ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਸੀਪੀਐੱਮ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਬਸਪਾ ਆਗੂ ਜਗਜੀਤ ਸਿੰਘ ਛੜਬੜ੍ਹ ਤੋਂ ਇਲਾਵਾ ਮੁਹਾਲੀ ਦੀ ਐੱਸਡੀਐੱਮ ਸਰਬਜੀਤ ਕੌਰ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ, ਈਓ ਜਗਜੀਤ ਸਿੰਘ ਸ਼ਾਹੀ ਅਤੇ ਸਥਾਨਕ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਊਨਾ ਦੇ ਸਰਕਾਰੀ ਹਸਪਤਾਲ ਵਿੱਚੋਂ ਸਾਰੇ ਸੱਤ ਮ੍ਰਿਤਕਾਂ ਪਵਨ ਕੁਮਾਰ, ਰਮਨ, ਲਾਭ ਸਿੰਘ, ਲਖਵੀਰ ਸਿੰਘ, ਅਰੁਣ, ਵਿਸ਼ਾਲ ਅਤੇ ਸ਼ਿਵਾ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਵਾਰਡ ਦੇ ਕੌਂਸਲਰ ਭਜਨ ਲਾਲ ਬਾਅਦ ਦੁਪਹਿਰ ਸਾਢੇ ਕੁ ਤਿੰਨ ਵਜੇ ਲੈ ਕੇ ਬਨੂੜ ਪਹੁੰਚੇ। ਇਸ ਮੌਕੇ ਮਾਹੌਲ ਬੇਹੱਦ ਭਾਵੁਕ ਹੋ ਗਿਆ। ਸੁਰਜੀਤ ਕੁਮਾਰ ਨਾਮੀਂ ਬਜ਼ੁਰਗ ਦਾ ਬਹੁਤ ਬੁਰਾ ਹਾਲ ਸੀ ਅਤੇ ਕੱਲ੍ਹ ਤੋਂ ਹੀ ਉਸ ਦੇ ਘਰ ਦਾ ਮਾਹੌਲ ਬਹੁਤ ਗਮਗੀਨ ਬਣਿਆ ਹੋਇਆ ਸੀ। ਉਸ ਦੇ ਇਸ ਘਟਨਾ ਵਿੱਚ ਇੱਕ ਪੁੱਤਰ ਅਤੇ ਤਿੰਨ ਪੋਤਰਿਆਂ ਸਮੇਤ ਚਾਰ ਜੀਅ ਮਾਰੇ ਗਏ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਿਰਫ਼ ਸਸਕਾਰ ਸਮੇਂ ਹੀ ਮੌਕੇ ਉੱਤੇ ਪਹੁੰਚਣ ਅਤੇ ਚੌਵੀ ਘੰਟਿਆਂ ਵਿੱਚ ਪਰਿਵਾਰ ਦਾ ਦੁੱਖ ਵੰਡਾਉਣ ਨਾ ਬਹੁੜਨ ਕਾਰਨ ਲੋਕਾਂ ਵਿੱਚ ਕਾਫ਼ੀ ਰੋਸ ਸੀ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।ਉਨ੍ਹਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਣ।

ਮ੍ਰਿਤਕ ਪਰਿਵਾਰਾਂ ਨੂੰ ਵੱਧ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ
ਬਲਬੀਰ ਸਿੰਘ ਸਿੱਧੂ, ਦੀਪਿੰਦਰ ਢਿੱਲੋਂ, ਜਗਦੀਸ਼ ਜੱਗਾ, ਜਗਜੀਤ ਸਿੰਘ ਛੜਬੜ੍ਹ ਨੇ ਮ੍ਰਿਤਕਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਇੱਕ ਲੱਖ ਦੀ ਰਾਸ਼ੀ ਨੂੰ ਨਿਗੂਣੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਨੇ ਚਾਰ ਲੱਖ ਦੀ ਰਾਸ਼ੀ ਹਰੇਕ ਮ੍ਰਿਤਕ ਲਈ ਐਲਾਨੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਸਿਰਫ਼ ਇੱਕ ਲੱਖ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਸਾਰੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਹਰੇਕ ਮ੍ਰਿਤਕ ਲਈ ਦਸ ਲੱਖ ਦੀ ਮੁਆਵਜ਼ਾ ਰਾਸ਼ੀ ਦੀ ਅਦਾਇਗੀ ਕਰੇ।
With Thanks Reference to: https://www.punjabitribuneonline.com/news/punjab/there-was-a-sad-atmosphere-at-the-funeral-of-seven-youths-in-banur-169496