ਫੋਕਲ ਪੁਆਇਟਾਂ ਦੇ ਸੁਧਾਰ ਲਈ ਉਲੀਕੀ ਗਈ ਵਿਸ਼ੇਸ਼ ਯੋਜਨਾ ਤੇ ਖ਼ਰਚਾਂਗੇ 1150 ਕਰੋੜ : ਅਨਮੋਲ ਗਗਨ ਮਾਨ

ਅਨਮੋਲ ਗਗਨ ਮਾਨ

ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਆਮ ਲੋਕਾਂ ਦੀ ਸਰਕਾਰ ਬਣੀ ਹੈ। ਇਸ ਤੋਂ ਪਹਿਲਾਂ ਕਦੇ ਵੀ ਸਨਅਤਕਾਰਾਂ ਨੂੰ ਇਨੀਆਂ ਸਹੂਲਤਾਂ ਨਹੀਂ ਮਿਲੀਆਂ।

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸੈਰ ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਨਿਵੇਸ਼ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਸਰਕਾਰ ਦੀ ਮੁੱਖ ਤਰਜੀਹ ਪੰਜਾਬ ਵਿਚ ਈਕੋ-ਟੂਰਿਜ਼ਮ, ਐਡਵੈਂਚਰ ਅਤੇ ਵਾਟਰ ਸਪੋਰਟਸ ਅਤੇ ਸੈਰ-ਸਪਾਟੇ ਨੂੰ ਸਮੁੱਚੇ ਤੌਰ ’ਤੇ ਵਿਕਸਤ ਕਰਨਾ ਹੈ। ਸਰਕਾਰ ਵੱਲੋਂ ਇਨ੍ਹਾਂ ਖੇਤਰਾਂ ਵਿਚ ਕੀਤੇ ਜਾ ਰਹੇ ਯਤਨਾਂ ਦੇ ਭਵਿੱਖ ਵਿਚ ਮਿਸਾਲੀ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ 17ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੇ ਰਸਮੀ ਉਦਘਾਟਨ ਮੌਕੇ ਦੇਸ਼-ਵਿਦੇਸ਼ ਤੋਂ ਆਏ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ।

ਮਾਨ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਆਮ ਲੋਕਾਂ ਦੀ ਸਰਕਾਰ ਬਣੀ ਹੈ। ਇਸ ਤੋਂ ਪਹਿਲਾਂ ਕਦੇ ਵੀ ਸਨਅਤਕਾਰਾਂ ਨੂੰ ਇਨੀਆਂ ਸਹੂਲਤਾਂ ਨਹੀਂ ਮਿਲੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੋਕਲ ਪੁਆਇਟਾਂ ਦੇ ਸੁਧਾਰ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈੇ ਜਿਸ ਤਹਿਤ 1150 ਕਰੋੜ ਰੁਪਏ ਖ਼ਰਚ ਕਰ ਕੇ ਇਨ੍ਹਾਂ ਫੋਕਲ ਪੁਆਇਟਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਪੰਜਾਬ ਵਿਚ ਫੋਕਲ ਪੁਆਇੰਟਾਂ ਦਾ ਸੁਧਾਰ ਕਰ ਕੇ ਸਨਅਤਕਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਉਦਯੋਗਪੱਖੀ ਨੀਤੀਆਂ ਕਾਰਨ ਹੁਣ ਤੱਕ ਸੂਬੇ ਵਿਚ ਕਈ ਵੱਡੇ ਸਨਅਤੀ ਘਰਾਣੇ ਆਪਣੇ ਉਦਯੋਗ ਸਥਾਪਤ ਕਰ ਚੁੱਕੇ ਹਨ ਅਤੇ ਕੇਵਲ ਦੋ ਸਾਲਾਂ ਵਿਚ 60 ਹਜ਼ਾਰ ਕਰੋੜ ਦਾ ਪੂੰਜੀ ਨਿਵੇਸ਼ ਪੰਜਾਬ ’ਚ ਆ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੈਰ ਸਪਾਟਾ ਖੇਤਰ ਦੀ ਸਮੁੱਚੀ ਸੰਭਾਵਨਾ ਨੂੰ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ, ਵਿਦੇਸ਼ੀ ਸੈਲਾਨੀਆਂ, ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੇ ਲੋਕ ਪੰਜਾਬ ਦੇ ਇਤਿਹਾਸਕ ਅਤੇ ਸੈਰ-ਸਪਾਟਾ ਸਥਾਨਾਂ ਅਤੇ ਵਿਰਾਸਤੀ ਪਹਿਲੂਆਂ ਦੀ ਭਰਪੂਰਤਾ ਦਾ ਆਨੰਦ ਲੈ ਸਕਣ।

ਮਾਨ ਨੇ ਕਿਹਾ ਕਿ ਪਾਈਟੈਕਸ ਨੇ ਪੰਜਾਬ ਵਿੱਚ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਅਤੇ ਨਿਵੇਸ਼ ਵਾਧੇ ਦੇ ਸਾਡੇ ਵਿਜ਼ਨ ਦੇ ਨਾਲ ਤਾਲਮੇਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਅਜਿਹੇ ਸਮਾਗਮ ਪੰਜਾਬ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾਉਣ ਵਾਲੇ ਮਾਰਕੀਟਿੰਗ, ਨੈੱਟਵਰਕਿੰਗ ਅਤੇ ਭਾਈਵਾਲੀ ਬਣਾਉਣ ਲਈ ਸੱਚਮੁੱਚ ਅਨਮੋਲ ਪਲੇਟਫਾਰਮ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਉਦਯੋਗਾਂ ਨੂੰ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਉਦਯੋਗਾਂ ਨੂੰ ਵਪਾਰ ਕਰਨ ਦੀ ਖੁੱਲ੍ਹ ਜਿੰਨੀ ਇਸ ਸਰਕਾਰ ਨੇ ਦਿੱਤੀ ਹੈ, ਉਹ ਪਹਿਲਾਂ ਕਦੇ ਵੀ ਨਹੀਂ ਮਿਲੀ। ਉਨ੍ਹਾਂ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਸਰਕਾਰ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਂਦਾ ਜਾ ਸਕੇ।

ਇਸ ਮੌਕੇ ਅੰਮ੍ਰਿਤਸਰ ਦੇ ਡੀਸੀ ਘਨਸ਼ਾਮ ਥੋਰੀ ਨੇ ਕਿਹਾ ਕਿ ਇਹ ਅੰਮ੍ਰਿਤਸਰ ਲਈ ਮਾਣ ਵਾਲੀ ਗੱਲ ਹੈ ਕਿ ਹਰ ਸਾਲ ਇੱਥੇ ਮੇਲਾ ਕੀਤਾ ਜਾਂਦਾ ਹੈ ਅਤੇ ਵੱਡੇ-ਵੱਡੇ ਕਾਰੋਬਾਰੀ ਇੱਥੇ ਆ ਕੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਦੇ ਹਨ। ਉਨ੍ਹਾਂ ਕਿਹਾ ਕਿ 17 ਸਾਲ ਤੋਂ ਚੱਲਿਆ ਇਹ ਕਾਰਵਾਂ ਵੱਡਾ ਰੂਪ ਲੈ ਚੁੱਕਿਆ ਹੈ। ਇਸ ਮੌਕੇ ਬਾਲੀਵੁੱਡ ਕਲਾਕਾਰ ਜਿੰਮੀ ਸ਼ੇਰਗਿਲ ਨੇ ਕਿਹਾ ਕਿ ਪਾਈਟੈਕਸ ਵਰਗੇ ਮੇਲਿਆਂ ’ਚ ਲੋਕ ਵੱਧ-ਚੜ੍ਹ ਕੇ ਭਾਗ ਲੈ ਰਹੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਹੁਣ ਸਹੀ ਲੀਹਾਂ ’ਤੇ ਤੁਰਦੇ ਹੋਏ ਰੰਗਲਾ ਪੰਜਾਬ ਬਣ ਰਿਹਾ ਹੈ।

ਇਸ ਮੌਕੇ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਡਿਪਟੀ ਸਕੱਤਰ ਜਨਰਲ ਨਵੀਨ ਸੇਠ, ਡੀਪੀਐੱਸ ਖਰਬੰਦਾ ਸੀਈਓ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ, ਪੀਐੱਚਡੀਸੀਸੀ ਆਈ ਪੰਜਾਬ ਚੈਪਟਰ ਦੇ ਚੇਅਰਮੈਨ ਆਰਐਸ ਸਚਦੇਵਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਜੀਐੱਮ ਉਦਯੋਗ ਇੰਦਰਜੀਤ ਸਿੰਘ ਟਾਂਡੀ, ਕਰਨ ਗਿਲਹੋਤਰਾ, ਚੈਂਬਰ ਦੇ ਖੇਤਰੀ ਨਿਰਦੇਸ਼ਕ ਭਾਰਤੀ ਸੂਦ, ਸਥਾਨਕ ਕਨਵੀਨਰ ਜੈਦੀਪ ਸਿੰਘ, ਟੀਨਾ ਅਗਰਵਾਲ, ਮੀਨਾ ਸਿੰਘ, ਸਰਗੁਣ ਸਚਦੇਵ ਆਦਿ ਮੌਜੂਦ ਸਨ।

With Thanks Reference to: https://www.punjabijagran.com/punjab/amritsar-1150-crores-will-be-spent-on-the-special-plan-drawn-up-for-the-improvement-of-focal-points-anmol-gagan-mann-9310490.html

Spread the love