ਪੰਜਾਬ ਪੁਲੀਸ ਵੱਲੋਂ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਰੱਦ

0
2021_10$largeimg_1846520355

ਚੰਡੀਗੜ੍ਹ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ’ਤੇ ਪੰਜਾਬ ਪੁਲੀਸ ਨੇ ਸਬ-ਇੰਸਪੈਕਟਰਾਂ ਦੀਆਂ 560 ਅਸਾਮੀਆਂ ਭਰਨ ਲਈ ਲਈਆਂ ਗਈਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ| ਪੰਜਾਬ ਪੁਲੀਸ ਦੇ ਚਾਰ ਕਾਡਰ/ਵਿੰਗਜ਼ (ਇਨਵੈਸਟੀਗੇਸ਼ਨ, ਜ਼ਿਲ੍ਹਾ, ਆਰਮਡ ਪੁਲੀਸ ਅਤੇ ਇੰਟੈਲੀਜੈਂਸ) ਦੀਆਂ ਅਸਾਮੀਆਂ ਲਈ ਕੰਪਿਊਟਰ ਆਧਾਰਿਤ ਪ੍ਰੀਖਿਆਵਾਂ 17 ਤੋਂ 24 ਅਗਸਤ ਤੱਕ ਰਾਜ ਦੇ ਵੱਖ-ਵੱਖ ਕੇਂਦਰਾਂ ’ਚ ਕਰਵਾਈਆਂ ਗਈਆਂ ਸਨ| ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਭਰਤੀ ਲਈ ਨਵੀਆਂ ਪ੍ਰੀਖਿਆਵਾਂ ਕਰਵਾਉਣ ਦੀਆਂ ਤਰੀਕਾਂ ਨੂੰ ਜਲਦੀ ਨੋਟੀਫਾਈ ਕਰ ਦਿੱਤਾ ਜਾਵੇਗਾ| ਸਬ-ਇੰਸਪੈਕਟਰਾਂ ਦੀ ਭਰਤੀ ਲਈ ਬਣੇ ਭਰਤੀ ਬੋਰਡ ਨੇ ਧੋਖਾਧੜੀ ਅਤੇ ਪ੍ਰੀਖਿਆ ਵਿਚ ਨਕਲ ਦੀਆਂ ਰਿਪੋਰਟਾਂ ਤੋਂ ਬਾਅਦ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ| ਡੀਜੀਪੀ ਦਫ਼ਤਰ ਨੂੰ 27 ਸਤੰਬਰ ਨੂੰ ਰਿਪੋਰਟ ਮਿਲੀ ਸੀ ਅਤੇ ਡੀਜੀਪੀ ਨੇ ਸ਼ਨਿਚਰਵਾਰ ਨੂੰ ਭਰਤੀ ਬੋਰਡ ਦੀਆਂ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਸੀ| ਬੁਲਾਰੇ ਨੇ ਦੱਸਿਆ ਕਿ ਧੋਖਾਧੜੀ ਅਤੇ ਨਕਲ ਸਬੰਧੀ ਸ਼ਿਕਾਇਤਾਂ ਦੇ ਆਧਾਰ ’ਤੇ ਪੰਜਾਬ ਪੁਲੀਸ ਵੱਲੋਂ ਪਹਿਲਾਂ ਹੀ ਤਿੰਨ ਐੱਫਆਈਆਰਜ਼ ਮੁਹਾਲੀ, ਪਟਿਆਲਾ ਅਤੇ ਖੰਨਾ ਜ਼ਿਲ੍ਹਿਆਂ ’ਚ ਦਰਜ ਕੀਤੀਆਂ ਜਾ ਚੁੱਕੀਆਂ ਹਨ| ਦਰਜ ਮਾਮਲਿਆਂ ਦੀ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕਰਨ ਦੇ ਮੱਦੇਨਜ਼ਰ ਡੀਜੀਪੀ ਵੱਲੋਂ 15 ਸਤੰਬਰ ਨੂੰ ਏਡੀਜੀਪੀ ਪ੍ਰਮੋਦ ਬਾਨ (ਵਿਸ਼ੇਸ਼ ਅਪਰਾਧ ਅਤੇ ਆਰਥਿਕ ਅਪਰਾਧ ਵਿੰਗ) ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਸੀ| ਸਿਟ ਵੱਲੋਂ ਉਕਤ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਹੁਣ ਤੱਕ ਤਿੰਨ ਐੱਫਆਈਆਰਜ਼ ਤਹਿਤ 20 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ|

With Thanks, Reference to: https://www.punjabitribuneonline.com/news/punjab/punjab-police-cancels-recruitment-test-for-sub-inspectors-103619

Spread the love

Leave a Reply