ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋਣ : ਮਜੀਠੀਆ

0
06_09_2021-6asr-p52_8947915

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਜੱਫਰਨਗਰ ਵਿਚ ਵਿਸ਼ਾਲ ਕਿਸਾਨ ਰੈਲੀ ਕਰਕੇ ਕਿਸਾਨਾਂ ਨੇ ਦਿੱਲੀ ਦੀ ਕੇਂਦਰੀ ਲੀਡਰਸ਼ਿਪ ਨੂੰ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਜੇਕਰ ਉਸ ਨੇ ਕਿਸਾਨਾਂ ਦੀ ਆਵਾਜ਼ ਨਹੀਂ ਸੁਣਨੀ ਤਾਂ ਫਿਰ ਉਹ ਲੋਕ ਲਹਿਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਮਜੀਠੀਆ ਨੇ ਚਾਰ ਬਾਗੀ ਮੰਤਰੀਆਂ ਨੂੰ ਪੁੱਛਿਆ ਕਿ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ’ਤੇ ਭਰੋਸਾ ਹੀ ਨਹੀਂ ਹੈ ਤਾਂ ਫਿਰ ਉਹ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਮੁੱਖ ਮੰਤਰੀ ਨੂੰ ਚਿੱਠੀਆਂ ਕਿਉਂ ਲਿਖ ਰਹੇ ਹਨ। ਮਜੀਠੀਆ ਇਥੇ ਤਰਸਿੱਕਾ ਬਲਾਕ ਸੰਮਤੀ ਦੀ ਚੇਅਰਪਰਸਨ ਪਰਮਜੀਤ ਕੌਰ ਤੇ ਅਨੇਕਾਂ ਹੋਰ ਕਾਂਗਰਸੀ ਆਗੂਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਪਰਮਜੀਤ ਕੌਰ ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੁਖਵਿੰਦਰ ਡੈਨੀ ਦੇ ਹਲਕੇ ਨਾਲ ਸਬੰਧਤ ਹਨ। ਇਸ ਮੌਕੇ ਸੀਨੀਅਰ ਭਾਜਪਾ ਆਗੂ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ। ਮਜੀਠੀਆ ਨੇ ਕਿਹਾ ਕਿ ਸੱਤਾ ਦੀ ਲਾਲਸਾ ਤੇ ਲਾਲਚ ਕਾਰਨ ਚਾਰ ਮੰਤਰੀਆਂ ਸੁਖਜਿੰਦਰ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ, ਸੁਖਬਿੰਦਰ ਸਰਕਾਰੀਆ ਅਤੇ ਚਰਨਜੀਤ ਚੰਨੀ ਲਈ ਕੋਈ ਹੱਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਭੰਡਿਆ ਤੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ’ਤੇ ਵਿਸ਼ਵਾਸ ਨਹੀਂ ਹੈ।

ਹੁਣ ਇਹ ਮੰਤਰੀ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਬਟਾਲਾ ਨੁੰ ਜ਼ਿਲ੍ਹਾ ਬਣਾਇਆ ਜਾਵੇਗਾ। ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਇਸ ਵੇਲੇ ਤਿੰਨ ਧੜਿਆਂ ਵਿਚ ਵੰਡੀ ਹੈ ਜਿਸ ਵਿਚ ਇਕ ਠੋਕੋ ਤਾਲੀ, ਕਾਂਗਰਸ ਅਮਰਿੰਦਰ ਤੇ ਕਾਂਗਰਸ ਇੰਦਰਾ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਜਿਥੇ ਦੋ ਧੜੇ ਆਪਸ ਵਿਚ ਲੜ ਰਹੇ ਹਨ, ਉਥੇ ਹੀ ਕਾਂਗਰਸ ਇੰਦਰਾ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਦਾ ਸਾਥ ਦੇਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਆਪ ਨੂੰ ਖੁਦ ਬੇਨਕਾਬ ਕਰ ਦਿੱਤਾ ਜਦੋਂ ਉਨ੍ਹਾਂ ਮੁੱਖ ਮੰਤਰੀ ਦੇ ਖਿਲਾਫ ਬੇਵਿਸਾਹੀ ਮਤਾ ਪੇਸ਼ ਨਹੀਂ ਕੀਤਾ। ਅਸੀਂ-ਅਸੀਂ ਵਾਰ ਵਾਰ ਦਾਅਵਾ ਕੀਤਾ ਸੀ ਕਿ ਇਹ ਲੜਾਈ ਕੁਰਸੀ ਦੀ ਹੈ ਅਤੇ ਇਸਦਾ ਲੋਕਾਂ ਦੇ ਮਸਲਿਆਂ ਨਾਲ ਕੋਈ ਸੰਬੰਧ ਨਹੀਂ ਹੈ ਤੇ ਇਹ ਗੱਲ ਵਿਧਾਨ ਸਭਾ ਸੈਸ਼ਨ ਵਿਚ ਸਾਬਤ ਹੋ ਗਈ ਹੈ।

ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਿਸ ਤਰੀਕੇ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦਾ ਅਸਲ ਸਰੂਪ ਸੰਭਾਲਣ ਦੀ ਥਾਂ ਉਸ ਦਾ ਸੁੰਦਰੀਕਰਨ ਕੀਤਾ ਗਿਆ, ਇਹ ਸ਼ਹੀਦਾਂ ਦੀ ਯਾਦ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਯੋਜਨਾ ਬਣਾਉਣ ਵਾਲਿਆਂ ਕਿਹਾ ਕਿ ਹੋਰ ਮੁਲਕਾਂ ਤੋਂ ਸਿੱਖਣਾ ਚਾਹੀਦਾ ਸੀ ਜਿਹਨਾਂ ਨੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਯਾਦਾਂ ਦੀ ਸੰਭਾਲ ਕੀਤੀ ਹੈ।

ਅੱਜ ਜੋ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ ਹੋਏ ਉਨ੍ਹਾਂ ਵਿਚ ਮਨਦੀਪ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਰਾਜਿੰਦਰ ਸਿੰਘ ਤੇ ਗੁਰਮੁੱਖ ਸਿੰਘ ਸਾਰੇ ਨਾਂਗਲੀ ਜੰਡਿਆਲਾ ਤੋਂ ਅਤੇ ਤਰਸਿੱਕਾ ਤੋਂ ਆਪ ਆਗੂ ਸਰਨੈਲ ਸਿੰਘ ਤੇ ਭਾਜਪਾ ਆਗੂ ਬੇਬੀ ਭਾਗਰ ਮੀਤ ਪ੍ਰਧਾਨ ਐੱਸਸੀ ਮੋਰਚਾ ਗੁਰਦਾਸਪੁਰ ਅਤੇ ਭਗਵਾਨ ਦਾਸ ਐਗਜ਼ੀਕਿਊਟਿਵ ਮੈਂਬਰ ਦੀਨਾਨਗਰ ਸ਼ਾਮਲ ਹਨ।

With Thanks, Reference to: https://www.punjabijagran.com/punjab/amritsar-all-political-parties-should-unite-to-repeal-agriculture-law-says-majithia-8947915.html

Spread the love

Leave a Reply