ਕੇਜਰੀਵਾਲ ’ਤੇ ਮਾਣਹਾਨੀ ਦਾ ਕੇਸ ਕਰਾਂਗੇ: ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ ਅਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਚ ਮੱਥਾ ਵੀ ਟੇਕਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਬੇਈਮਾਨ ਆਦਮੀ ਕਿਹਾ ਹੈ। ਸੋਸ਼ਲ ਮੀਡੀਆ ਤੇ ਨੋਟਾਂ ਨਾਲ ਉਨ੍ਹਾਂ ਦੀ ਫੋਟੋ ਲਗਾ ਕੇ ਜਿੱਥੇ ਉਨ੍ਹਾਂ ਨੂੰ ਬਦਨਾਮ ਕੀਤਾ ਉੱਥੇ ਨਾਲ ਹੀ ਉਨ੍ਹਾਂ ਦਾ ਮਖੌਲ ਵੀ ਉਡਾਇਆ ਜਾ ਰਿਹਾ ਹੈ। ਸ੍ਰੀ ਚੰਨੀ ਨੇ ਕਿਹਾ ਕਿ ਈਡੀ ਵਲੋਂ ਬਰਾਮਦ ਕੀਤੀ ਰਕਮ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ ਅਤੇ ਨਾ ਹੀ ਰਕਮ ਉਨ੍ਹਾਂ ਦੇ ਘਰੋਂ ਮਿਲੀ ਹੈ। ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਪਾਰਟੀ ਤੋਂ ਪ੍ਰਵਾਨਗੀ ਮੰਗੀ ਹੈ ਤੇ ਉਹ ਅਰਵਿੰਦ ਕੇਜਰੀਵਾਲ ’ਤੇ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਕ ਵਾਰ ਪ੍ਰਵਾਨਗੀ ਮਿਲਣ ਉਤੇ ਕੇਸ ਜ਼ਰੂਰ ਦਰਜ ਕਰਵਾਉਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਕੇਜਰੀਵਾਲ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਭਾਜਪਾ ਦੇ ਮਰਹੂਮ ਆਗੂ ਅਰੁਣ ਜੇਤਲੀ ਤੋਂ ਵੀ ਮੁਆਫ਼ੀ ਮੰਗ ਚੁੱਕੇ ਹਨ। ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ’ਤੇ ਪ੍ਰਤੀਕਰਮ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਟੇਜ ਤੇ ਸਟੇਟ ਚਲਾਉਣ ਵਿੱਚ ਬਹੁਤ ਫ਼ਰਕ ਹੈ।
ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਸਹੁੰ ਖਾ ਕੇ ਮੁੱਕਰ ਗਿਆ ਹੁਣ ਉਹ ਹੋਰ ਕਿਹੜੀਆਂ ਗਾਰੰਟੀਆਂ ਪੰਜਾਬ ਦੇ ਲੋਕਾਂ ਨੂੰ ਦੇ ਰਿਹਾ ਹੈ। ਇਸ ਮੌਕੇ ਅਲਕਾ ਲਾਂਬਾ, ਮਾਰਕੀਟ ਕਮੇਟੀ ਦੇ ਚੇਅਰਮੈਨ ਕਰਨੈਲ ਸਿੰਘ, ਵਾਈਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਤੇ ਹੋਰ ਹਾਜ਼ਰ ਸਨ।
‘ਈਡੀ ਵੱਲੋਂ ਫੜੀ ਰਕਮ ਨਾਲ ਸਾਡੇ ਪਰਿਵਾਰ ਦਾ ਕੋਈ ਸਬੰਧ ਨਹੀਂ’
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਕਿ ਈਡੀ ਵੱਲੋਂ ਫੜੀ ਗਈ ਰਕਮ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਕੋਈ ਵੀ ਸਬੰਧ ਨਹੀਂ ਹੈ। ਸ੍ਰੀ ਚੰਨੀ ਨੇ ਇਹ ਵੀ ਦੱਸਿਆ ਕਿ ਮੁਹਾਲੀ ਦੇ ਜਿਸ ਫਲੈਟ ਵਿੱਚੋਂ ਇਹ ਰਕਮ ਫੜੀ ਗਈ ਹੈ, ਉਹ ਫਲੈਟ ਵੀ ਉਨ੍ਹਾਂ ਦੇ ਰਿਸ਼ਤੇਦਾਰ ਦਾ ਨਹੀਂ ਹੈ, ਪਰ ਵਿਰੋਧੀ ਪਾਰਟੀਆਂ ਖਾਸ ਕਰ ਕੇਜਰੀਵਾਲ ਉਨ੍ਹਾਂ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੇ ਹਨ ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਚਮਕੌਰ ਸਾਹਿਬ ਤੋਂ ਹਾਰ ਰਹੇ ਨੇ ਚੰਨੀ: ਕੇਜਰੀਵਾਲ
ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਚਮਕੌਰ ਸਾਹਿਬ ਸੀਟ ਵਿਧਾਨ ਸਭਾ ਚੋਣਾਂ ਵਿਚ ਹਾਰਨਗੇ। ਕੇਜਰੀਵਾਲ ਨੇ ਕਿਹਾ ਕਿ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਣ ’ਤੇ ਲੋਕ ਹੈਰਾਨ ਹਨ। ਆਪਣੇ ਦਾਅਵੇ ਲਈ ‘ਆਪ’ ਆਗੂ ਨੇ ਪਾਰਟੀ ਦੇ ਸਰਵੇਖਣ ਦਾ ਹਵਾਲਾ ਵੀ ਦਿੱਤਾ। ਕੇਜਰੀਵਾਲ ਨੇ ਟਵੀਟ ਵਿਚ ਕਿਹਾ, ‘ਸਾਡਾ ਸਰਵੇਖਣ ਦਿਖਾ ਰਿਹਾ ਹੈ ਕਿ ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ। ਟੀਵੀ ਉਤੇ ਈਡੀ ਅਧਿਕਾਰੀਆਂ ਨੂੰ ਨੋਟ ਗਿਣਦੇ ਦੇਖ ਲੋਕ ਹੈਰਾਨ ਹਨ।’ ਜ਼ਿਕਰਯੋਗ ਹੈ ਕਿ ਚੰਨੀ ਵਿਧਾਨ ਸਭਾ ਚੋਣ ਚਮਕੌਰ ਸਾਹਿਬ ਸੀਟ ਤੋਂ ਲੜਨਗੇ। ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਚੰਨੀ ਦੇ ਭਤੀਜੇ ਅਤੇ ਕਈ ਹੋਰਾਂ ਦੇ ਟਿਕਾਣਿਆਂ ਉਤੇ ਮਾਰੇ ਗਏ ਛਾਪਿਆਂ ਤੋਂ ਬਾਅਦ ਲਗਾਤਾਰ ‘ਆਪ’ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਬੁੱਧਵਾਰ ਕਿਹਾ ਸੀ ਕਿ ਚੰਨੀ ਆਮ ਆਦਮੀ ਨਹੀਂ ਹਨ ਪਰ ਇਕ ‘ਬੇਈਮਾਨ ਆਦਮੀ ਹਨ।’ ਕੇਜਰੀਵਾਲ ਨੇ ਹਿੰਦੀ ਵਿਚ ਟਵੀਟ ਕਰਦਿਆਂ ਈਡੀ ਦੇ ਛਾਪਿਆਂ ਤੋਂ ਬਾਅਦ ਚੰਨੀ ਉਤੇ ਨਿਸ਼ਾਨਾ ਸੇਧਿਆ ਸੀ। ‘ਆਪ’ ਆਗੂ ਰਾਘਵ ਚੱਢਾ ਨੇ ਵੀ ਵੀਰਵਾਰ ਮੁੱਖ ਮੰਤਰੀ ਚੰਨੀ ਨੂੰ ਸਵਾਲ ਕੀਤਾ ਸੀ ਕਿ ਉਹ ਆਪਣੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਦੀ ਰਿਕਵਰੀ ਬਾਰੇ ਜਵਾਬ ਦੇਣ। ਜ਼ਿਕਰਯੋਗ ਹੈ ਕਿ ਈਡੀ ਨੇ ਬੁੱਧਵਾਰ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਅੱਠ ਕਰੋੜ ਰੁਪਏ ਨਗ਼ਦ ਬਰਾਮਦ ਕੀਤੇ ਸਨ। ਇਹ ਛਾਪੇ ਗ਼ੈਰਕਾਨੂੰਨੀ ਖ਼ਣਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਨਾਲ ਸਬੰਧਤ ਸਨ। ਛਾਪਿਆਂ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਵੀ ਦੋਸ਼ ਲਾਇਆ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਨੂੰ ਕੇਸਾਂ ਵਿਚ ਫਸਾਉਣ ਲਈ ਸਾਜ਼ਿਸ਼ ਘੜ ਰਹੀ ਹੈ। ਕਾਂਗਰਸ ਪਾਰਟੀ ਨੇ ਵੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ‘ਨਾਜਾਇਜ਼ ਛਾਪੇ’ ਬਦਨਾਮ ਕਰਨ ਲਈ ਮਾਰੇ ਗਏ ਹਨ। -ਪੀਟੀਆਈ
With Thanks Refrence to: https://www.punjabitribuneonline.com/news/punjab/will-file-defamation-suit-against-kejriwal-channi-127740