ਫ਼ਸਲੀ ਖ਼ਰਾਬਾ: ਕੇਂਦਰੀ ਟੀਮਾਂ ਵੱਲੋਂ ਪੰਜਾਬ ਦਾ ਦੌਰਾ ਅੱਜ
ਕੇਂਦਰੀ ਖੁਰਾਕ ਮੰਤਰਾਲੇ ਦੀਆਂ ਚਾਰ ਕੇਂਦਰੀ ਟੀਮਾਂ ਸ਼ੁੱਕਰਵਾਰ ਨੂੰ ਪੰਜਾਬ ਵਿਚ ਬੇਮੌਸਮੇ ਮੀਂਹ ਤੇ ਝੱਖੜ ਨਾਲ ਕਣਕ ਦੀ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣਗੀਆਂ। ਇਹ ਟੀਮਾਂ ਅੱਜ ਚੰਡੀਗੜ੍ਹ ਪੁੱਜ ਗਈਆਂ ਹਨ ਅਤੇ ਭਲਕੇ ਸੂਬਾਈ ਅਫ਼ਸਰਾਂ ਦੇ ਨਾਲ ਸਾਂਝਾ ਦੌਰਾ ਆਰੰਭ ਕਰਨਗੀਆਂ। ਐਤਕੀਂ ਬਾਰਸ਼ਾਂ ਨੇ ਕਣਕ ਦੀ ਗੁਣਵੱਤਾ ਨੂੰ ਏਨੀ ਢਾਹ ਲਾਈ ਹੈ ਕਿ ਫ਼ਸਲ ਦਾ ਕੇਂਦਰੀ ਮਾਪਦੰਡਾਂ ’ਤੇ ਖਰਾ ਉੱਤਰਨਾ ਮੁਸ਼ਕਲ ਹੈ। ਪੰਜਾਬ ਸਰਕਾਰ ਨੇ ਕੇਂਦਰੀ ਮਾਪਦੰਡਾਂ ਵਿਚ ਢਿੱਲ ਦੇਣ ਅਤੇ ਬਿਨਾਂ ਕਿਸੇ ਕਟੌਤੀ ਤੋਂ ਫ਼ਸਲ ਦੀ ਖ਼ਰੀਦ ਕਰਨ ਦੀ ਗੁਹਾਰ ਲਗਾਈ ਹੈ।
ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਅੱਜ ਦਿੱਲੀ ’ਚ ਕਿਹਾ ਕਿ ਪੰਜਾਬ ਤੇ ਹਰਿਆਣਾ ’ਚ ਫ਼ਸਲੀ ਨੁਕਸਾਨ ਦੇ ਮੱਦੇਨਜ਼ਰ ਗੁਣਵੱਤਾ ਦੇ ਕੇਂਦਰੀ ਮਾਪਦੰਡਾਂ ਵਿਚ ਢਿੱਲ ਦੇਣ ਬਾਰੇ ਫ਼ੈਸਲਾ ਜਲਦ ਕਰਾਂਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 16 ਜ਼ਿਲ੍ਹਿਆਂ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਨੁਕਸਾਨ ਦਾ ਪਤਾ ਲੱਗਾ ਹੈ ਅਤੇ ਇਨ੍ਹਾਂ ਦੋਵਾਂ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਫ਼ਸਲੀ ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਣ ਮਗਰੋਂ ਖ਼ਰੀਦ ਨਿਯਮਾਂ ਵਿਚ ਢਿੱਲ ਦੇਣ ਬਾਰੇ ਅਗਲੇ ਹਫ਼ਤੇ ਫ਼ੈਸਲਾ ਲਵਾਂਗੇ।
ਕੇਂਦਰੀ ਖੁਰਾਕ ਸਕੱਤਰ ਚੋਪੜਾ ਨੇ ਫ਼ਸਲ ਦੀ ਖ਼ਰੀਦ ਦੇ ਸਰਕਾਰੀ ਭਾਅ ਵਿਚ ਕੋਈ ਕਟੌਤੀ ਕੀਤੇ ਜਾਣ ਬਾਰੇ ਚੁੱਪ ਹੀ ਵੱਟੀ ਹੈ। ਕੇਂਦਰੀ ਖੁਰਾਕ ਮੰਤਰਾਲੇ ਨੇ ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਭਾਰਤੀ ਖ਼ੁਰਾਕ ਨਿਗਮ ਦੇ ਉਨ੍ਹਾਂ ਅੱਠ ਅਫ਼ਸਰਾਂ ਦੀ ਸੂਚੀ ਭੇਜੀ ਹੈ ਜਿਨ੍ਹਾਂ ਵੱਲੋਂ ਭਲਕੇ ਤੋਂ ਕਣਕ ਦੇ ਨਮੂਨੇ ਲਏ ਜਾਣਗੇ। ਇਨ੍ਹਾਂ ਟੀਮਾਂ ਵੱਲੋਂ ਨਮੂਨੇ ਐੱਫਸੀਆਈ ਦੀ ਖੇਤਰੀ ਲੈਬਾਰਟਰੀ ਵਿਚ ਭੇਜੇ ਜਾਣਗੇ ਅਤੇ ਜਿਨ੍ਹਾਂ ਦੀ ਰਿਪੋਰਟ ਜਲਦੀ ਕੇਂਦਰੀ ਮੰਤਰਾਲੇ ਕੋਲ ਭੇਜੀ ਜਾਵੇਗੀ।
ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਲੰਘੇ ਕੱਲ੍ਹ ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਪੱਤਰ ਭੇਜ ਕੇ ਪੰਜਾਬ ਵਿਚ ਕਣਕ ਦੀ ਪ੍ਰਭਾਵਿਤ ਫ਼ਸਲ ਅਤੇ ਕਿਸਾਨਾਂ ਦੀ ਵਿੱਤੀ ਸਥਿਤੀ ਤੋਂ ਜਾਣੂ ਕਰਾਇਆ ਹੈ। ਉਨ੍ਹਾਂ ਕਣਕ ਦਾ ਝਾੜ ਘਟਣ ਅਤੇ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਮੁੱਦਾ ਚੁੱਕਿਆ ਹੈ। ਪੱਤਰ ’ਚ ਲਿਖਿਆ ਹੈ ਕਿ ਬਾਰਸ਼ਾਂ ਕਰਕੇ ਫ਼ਸਲ ਦੇ ਬਦਰੰਗ ਹੋਣ, ਦਾਣਿਆਂ ਦੀ ਟੁੱਟ ਅਤੇ ਲਸਟਰ ਲੌਸ ਦੀ ਵਧੇਰੇ ਸੰਭਾਵਨਾ ਹੈ। ਲਸਟਰ ਲੌਸ ਜ਼ਿਆਦਾ ਹੋਣ ਕਰਕੇ ਫ਼ਸਲ ਨੂੰ ਕੇਂਦਰੀ ਮਾਪਦੰਡਾਂ ’ਤੇ ਖ਼ਰੀਦ ਕਰਨਾ ਮੁਸ਼ਕਲ ਹੈ। ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਨੁਕਸਾਨੀ ਫ਼ਸਲ ਦੀ ਖ਼ਰੀਦ ਦੇ ਭਾਅ ਵਿਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਾ ਕੀਤੀ ਜਾਵੇ ਅਤੇ ਕੇਂਦਰ ਪੰਜਾਬ ਦੀ ਕਿਸਾਨੀ ਨੂੰ ਪਈ ਇਸ ਕੁਦਰਤੀ ਮਾਰ ਕਰਕੇ ਮਾਮਲਾ ਹਮਦਰਦੀ ਨਾਲ ਵਿਚਾਰੇ। ਅਗਰ ਸੂਬੇ ਵਿਚ ਖ਼ਰੀਦ ਰੁਕਦੀ ਹੈ ਤਾਂ ਕਿਸਾਨਾਂ ਵਿਚ ਵੱਡੀ ਬੇਚੈਨੀ ਵੀ ਫੈਲ ਸਕਦੀ ਹੈ। ਸੂਬਾ ਸਰਕਾਰ ਨੇ ਮੰਗ ਕੀਤੀ ਹੈ ਕਿ ਖ਼ਰੀਦ ਮਾਪਦੰਡਾਂ ਵਿਚ 6 ਫ਼ੀਸਦੀ ਤੱਕ ਨੁਕਸਾਨੀ ਦਾਣੇ ਦੀ, 12 ਫ਼ੀਸਦੀ ਘੱਟ ਨੁਕਸਾਨ ਵਾਲੇ ਦਾਣੇ, 15 ਫ਼ੀਸਦੀ ਤੱਕ ਦਾਣੇ ਦੀ ਟੁੱਟ ਅਤੇ 100 ਫ਼ੀਸਦੀ ਤੱਕ ਲਸਟਰ ਲੌਸ ਦੀ ਢਿੱਲ ਦਿੱਤੀ ਜਾਵੇ। ਚੇਤੇ ਰਹੇ ਕਿ ਪੰਜਾਬ ਵਿਚ 13.60 ਲੱਖ ਹੈਕਟੇਅਰ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ। ਘਰਾਂ ਅਤੇ ਬਾਗ਼ਾਂ ਨੂੰ ਵੱਡੀ ਸੱਟ ਵੱਜੀ ਹੈ। ਪੰਜਾਬ ਸਰਕਾਰ ਨੇ ਜਿੱਥੇ ਮੁਆਵਜ਼ੇ ਦੀ ਰਾਸ਼ੀ ਵਿਚ 25 ਫ਼ੀਸਦੀ ਦਾ ਵਾਧਾ ਕੀਤਾ ਹੈ, ਉੱਥੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਵੀ ਮੁਲਤਵੀ ਕਰ ਦਿੱਤੇ ਹਨ। ਪੰਜਾਬ ਸਰਕਾਰ ਵਿਸਾਖੀ ਦਿਹਾੜੇ ’ਤੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦੇਣਾ ਚਾਹੁੰਦੀ ਹੈ। ਸੂਬੇ ਵਿਚ ਇਸ ਵੇਲੇ ਗਿਰਦਾਵਰੀ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।
ਕੇਂਦਰ ਬਿਨਾਂ ਕਟੌਤੀ ਤੋਂ ਫ਼ਸਲ ਖ਼ਰੀਦ ਕਰੇ: ਕਟਾਰੂਚੱਕ
ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੱਜ ਕੇਂਦਰੀ ਟੀਮਾਂ ਆ ਗਈਆਂ ਹਨ ਅਤੇ ਭਲਕੇ ਇਹ ਟੀਮਾਂ ਖ਼ਰੀਦ ਕੇਂਦਰਾਂ ਵਿਚ ਆਈ ਫ਼ਸਲ ਦੇ ਨਮੂਨੇ ਲੈਣਗੀਆਂ। ਉਨ੍ਹਾਂ ਦੱਸਿਆ ਕਿ ਕੇਂਦਰੀ ਟੀਮਾਂ ਖੇਤਾਂ ਵਿਚ ਖੜੀ ਪ੍ਰਭਾਵਿਤ ਫ਼ਸਲ ਦਾ ਜਾਇਜ਼ਾ ਲੈਣ ਲਈ ਵੀ ਜਾਣਗੀਆਂ। ਕਟਾਰੂਚੱਕ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਨੂੰ ਬਿਨਾਂ ਕਟੌਤੀ ਤੋਂ ਫ਼ਸਲ ਦੀ ਖ਼ਰੀਦ ਕਰਨ ਲਈ ਕਿਹਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਕੇਂਦਰ ਕਿਸਾਨ ਪੱਖੀ ਫ਼ੈਸਲਾ ਲਵੇਗਾ।
ਪੈਦਾਵਾਰ ਦੇ ਟੀਚੇ ਹਾਸਲ ਕਰਾਂਗੇ : ਖ਼ੁਰਾਕ ਸਕੱਤਰ
ਕੇਂਦਰੀ ਖ਼ੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਪੰਜਾਬ ਹਰਿਆਣਾ ਵਿਚ ਮੀਂਹ ਕਾਰਨ ਫ਼ਸਲ ਦੇ ਸੰਭਾਵੀ ਨੁਕਸਾਨ ਦੀ ਪੂਰਤੀ ਹੋਰ ਕਣਕ ਉਤਪਾਦਕ ਸੂਬਿਆਂ ਵਿਚ ਘੱਟ ਤਾਪਮਾਨ ਕਾਰਨ ਹੋਣ ਦੀ ਸੰਭਾਵਨਾ ਹੈ। ਉਹ ਦੇਸ਼ ’ਚ 112.2 ਮਿਲੀਅਨ ਟਨ ਦੇ ਉਤਪਾਦਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਆਸਵੰਦ ਹਨ। ਮੱਧ ਪ੍ਰਦੇਸ਼ ਵਿਚ ਪਹਿਲਾਂ ਹੀ ਖ਼ਰੀਦ ਮਾਪਦੰਡਾਂ ਵਿਚ ਛੋਟ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਨੇ ਖ਼ਰੀਦ ਮਾਪਦੰਡਾਂ ਵਿਚ ਢਿੱਲ ਦੀ ਮੰਗ ਕੀਤੀ ਹੈ ਅਤੇ ਉਹ ਟੀਮਾਂ ਵੱਲੋਂ ਫ਼ਸਲੀ ਨਮੂਨੇ ਭਰਨ ਮਗਰੋਂ ਦਿੱਤੀ ਰਿਪੋਰਟ ਦੇ ਆਧਾਰ ’ਤੇ ਫ਼ੈਸਲਾ ਲੈਣਗੇ।
With Thanks Reference to: https://www.punjabitribuneonline.com/news/punjab/fasli-khadda-central-teams-visit-punjab-today-222732