ਹੈਰੋਇਨ ਦੇ ਸਹਾਰੇ ਚਾਹ ਵਾਲੇ ਦੇ ਪੁੱਤ ਤੋਂ ਬਣਿਆ ‘ਕਰੋੜਪਤੀ’

2023_1$largeimg_1435671455

ਸਿਰਫ਼ ਦੋ ਸਾਲਾਂ ਵਿਚ ਚਾਹ ਵੇਚਣ ਵਾਲੇ ਦੇ ਪੁੱਤ ਤੋਂ ‘ਕਰੋੜਪਤੀ’ ਬਣੇ ਲੁਧਿਆਣਾ ਦੇ ਅਕਸ਼ੈ ਕੁਮਾਰ ਛਾਬੜਾ ਦੀ ਕੌਮਾਂਤਰੀ ਹੈਰੋਇਨ ਸਿੰਡੀਕੇਟ ਦੇ ਮਾਮਲੇ ’ਚ ਗ੍ਰਿਫ਼ਤਾਰੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਲਈ ਵੱਡੀ ਉਪਲਬਧੀ ਸਾਬਿਤ ਹੋਈ ਹੈ। ਛਾਬੜਾ, ਜਿਸ ਨੇ ਕੁਝ ਸਮੇਂ ਤੱਕ ਇਕ ਦਵਾਈਆਂ ਦੀ ਦੁਕਾਨ ’ਤੇ ਵੀ ਕੰਮ ਕੀਤਾ, ਉਹ ਮਗਰੋਂ ਕਈ ਵਪਾਰਕ ਜਾਇਦਾਦਾਂ ਦਾ ਮਾਲਕ ਬਣ ਗਿਆ, ਜਿਨ੍ਹਾਂ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਅਮੀਰ ਹੋਣ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਜਨਤਾ ਨਗਰ (ਸ਼ਿਮਲਾਪੁਰੀ) ’ਚ ਇਕ ਛੋਟੇ ਜਿਹੇ ਮਕਾਨ ਵਿਚ ਰਹਿੰਦਾ ਸੀ। ਹੈਰੋਇਨ ਦੀ ਤਸਕਰੀ ਤੇ ਇਸ ਨੂੰ ਤਿਆਰ ਕਰਨ ਦੇ ਨਾਜਾਇਜ਼ ਕੰਮ ਵਿਚ ਪੈਣ ਤੋਂ ਬਾਅਦ ਉਸ ਨੇ ਨਿਤੇਸ਼ ਵਿਹਾਰ ਵਿਚ ਮਹਿਲਨੁਮਾ ਘਰ ਖ਼ਰੀਦ ਲਿਆ। ਇਸ ਤੋਂ ਇਲਾਵਾ ਉਸ ਨੇ ਇਕ ਫਾਰਮ ਹਾਊਸ ਵੀ ਬਣਾਇਆ। ਨਸ਼ਾ ਵੇਚ ਕੇ ਕਮਾਏ ਪੈਸਿਆਂ ਰਾਹੀਂ ਉਸ ਨੇ ਕਈ ਮਹਿੰਗੀਆਂ ਕਾਰਾਂ ਵੀ ਖ਼ਰੀਦੀਆਂ। ਨਵੀਂ ਅਨਾਜ ਮੰਡੀ ਸਥਿਤ ਛਾਬੜਾ ਦੀ ਟਰੇਡਿੰਗ ਫਰਮ ਤੇ ਗੁਦਾਮ ਦੇ ਦੌਰੇ ਮੌਕੇ ਸਾਹਮਣੇ ਆਇਆ ਕਿ ਉਹ ‘ਗੁਰੂ ਕਿਰਪਾ ਟਰੇਡਿੰਗ ਫਰਮ’ ਦੇ ਨਾਂ ਉਤੇ ਘਿਓ, ਤੇਲ, ਚੌਲ ਤੇ ਹੋਰ ਵਸਤਾਂ ਦੀ ਥੋਕ ਵਿਕਰੀ ਦਾ ਕਾਰੋਬਾਰ ਕਰ ਰਿਹਾ ਸੀ। ਉਸ ਦੇ ਗੁਆਂਢੀਆਂ ਨੂੰ ਵੀ ਇਸ ਗੱਲ ਦਾ ਇਲਮ ਨਹੀਂ ਸੀ ਕਿ ਉਹ ਪਾਕਿਸਤਾਨ ਤੇ ਅਫ਼ਗਾਨਿਸਤਾਨ ਨਾਲ ਜੁੜਿਆ ਡਰੱਗ ਸਿੰਡੀਕੇਟ ਚਲਾ ਰਿਹਾ ਹੈ। ਫਰਮ ਨੂੰ ਹੁਣ ਐੱਨਸੀਬੀ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਇਕ ਦੁਕਾਨਦਾਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਤੱਕ ਛਾਬੜਾ ਦੇ ਪਿਤਾ ਨਵੀਂ ਅਨਾਜ ਮੰਡੀ ਵਿਚ ਚਾਹ ਦੀ ਦੁਕਾਨ ਚਲਾਉਂਦੇ ਸਨ। ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੋ ਰਿਹਾ ਸੀ ਤੇ ਪੈਸੇ ਕਮਾਉਣ ਲਈ ਉਹ ਹੋਰ ਵੀ ਕਈ ਕੰਮ ਕਰਦੇ ਰਹੇ। ਉਨ੍ਹਾਂ ਕਿਹਾ ਕਿ ਛਾਬੜਾ ਦੀ ਫਰਮ ਨੇ ਕਾਫ਼ੀ ਤਰੱਕੀ ਕੀਤੀ ਕਿਉਂਕਿ ਉਹ ਬਾਕੀਆਂ ਮੁਕਾਬਲੇ ਸਸਤੇ ਸੌਦਿਆਂ ਦੀ ਪੇਸ਼ਕਸ਼ ਕਰਨ ਲੱਗ ਪਿਆ। ਗੁਦਾਮ ਤੇ ਦੁਕਾਨਾਂ ਉਸ ਨੇ ਕਿਰਾਏ ਉਤੇ ਲਈਆਂ ਹੋਈਆਂ ਸਨ ਜਿਨ੍ਹਾਂ ਨੂੰ ਹੁਣ ਏਜੰਸੀ ਨੇ ਸੀਲ ਕਰ ਦਿੱਤਾ ਹੈ। ਇਨ੍ਹਾਂ ਥਾਵਾਂ ਤੋਂ ਹੈਰੋਇਨ ਤੇ ਨਸ਼ੀਲਾ ਪਦਾਰਥ ਬਣਾਉਣ ਵਾਲਾ ਹੋਰ ਕੱਚਾ ਮਾਲ ਬਰਾਮਦ ਕੀਤਾ ਗਿਆ ਹੈ। ਕਈ ਵਪਾਰਕ ਵਾਹਨ ਵੀ ਸੀਲ ਕਰ ਦਿੱਤੇ ਗਏ ਹਨ। ਆਲੇ-ਦੁਆਲੇ ਰਹਿੰਦੇ ਲੋਕਾਂ ਮੁਤਾਬਕ ਉਨ੍ਹਾਂ ਨੂੰ ਕਦੇ ਸ਼ੱਕ ਨਹੀਂ ਪਿਆ ਤੇ ਅਜਿਹਾ ਲੱਗਦਾ ਸੀ ਕਿ ਚੌਲ, ਤੇਲਾਂ ਤੇ ਖੰਡ ਵਗੈਰਾ ਦਾ ਹੀ ਕਾਰੋਬਾਰ ਹੋ ਰਿਹਾ ਹੈ। ਲੁਧਿਆਣਾ ਵਿਚ ਵੱਡੇ ਪੱਧਰ ਉਤੇ ਹੁੰਦੀ ਹੈਰੋਇਨ ਦੀ ਤਸਕਰੀ ਤੇ ਉਤਪਾਦਨ ਦੇ ਬਾਵਜੂਦ ਪਿਛਲੇ ਦੋ ਸਾਲਾਂ ਵਿਚ ਕਦੇ ਵੀ ਪੰਜਾਬ ਪੁਲੀਸ ਤੇ ਕਿਸੇ ਹੋਰ ਏਜੰਸੀ ਨੂੰ ਇਸ ਬਾਰੇ ਸੂਹ ਨਹੀਂ ਲੱਗ ਸਕੀ।

With Thanks Reference to: https://www.punjabitribuneonline.com/news/ludhiana/a-39millionaire39-made-from-the-son-of-a-tea-seller-with-the-help-of-heroin-204342

Spread the love