ਸਿੱਧੂ ਨੇ ਮੁੱਖ ਮੰਤਰੀ ਅੱਗੇ ਰੱਖਿਆ ‘ਪੰਜਾਬ ਮਾਡਲ’

2022_5$largeimg_619346251

ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਪਲੇਠੀ ਮੁਲਾਕਾਤ ‘ਚ ਅੱਜ ‘ਨਵਾਂ ਪੰਜਾਬ’ ਬਣਾਉਣ ਲਈ ਸਿਆਸੀ ਮਸ਼ਵਰੇ ਹੋਏ | ਪੰਜਾਹ ਮਿੰਟ ਦੀ ਮਿਲਣੀ ‘ਚ ਨਵਜੋਤ ਸਿੱਧੂ ਨੇ ਭਗਵੰਤ ਮਾਨ ਅੱਗੇ ਆਪਣਾ ‘ਪੰਜਾਬ ਮਾਡਲ’ ਰੱਖਿਆ ਤਾਂ ਜੋ ਮੁੱਖ ਮੰਤਰੀ ਨੂੰ ਪੰਜਾਬ ਦੀ ਮੁੜ ਉਸਾਰੀ ‘ਚ ਮਦਦ ਮਿਲ ਸਕੇ | ਨਵਜੋਤ ਸਿੱਧੂ ਇਸ ਵੇਲੇ ਨਾ ਕਾਂਗਰਸ ਦੇ ਪ੍ਰਧਾਨ ਹਨ ਅਤੇ ਨਾ ਹੀ ਵਿਰੋਧੀ ਧਿਰ ਦੇ ਨੇਤਾ | ਸਿਰਫ਼ ਕਾਂਗਰਸ ਦੇ ਇੱਕ ਆਗੂ ਹਨ ਜਿਨ੍ਹਾਂ ਦੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣੀ ਤੋਂ ਸਿਆਸਤ ‘ਚ ਹਲਚਲ ਪੈਦਾ ਹੋ ਗਈ ਹੈ|

ਮੁੱਖ ਮੰਤਰੀ ਭਗਵੰਤ ਮਾਨ ਅੱਜ ਨਵਜੋਤ ਸਿੱਧੂ ਨੂੰ ਇੱਥੇ ਸਿਵਲ ਸਕੱਤਰੇਤ ਵਿਚਲੇ ਮੁੱਖ ਮੰਤਰੀ ਦਫ਼ਤਰ ਵਿਚ ਸ਼ਾਮੀ ਸਵਾ ਪੰਜ ਵਜੇ ਮਿਲੇ ਅਤੇ ਇਸ ਮੀਟਿੰਗ ਨੂੰ ਪੰਜਾਬ ਦੀ ਸਿਆਸਤ ਵਿਚ ਨਵੇਂ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਜਿੱਥੇ ਹਾਕਮ ਤੇ ਵਿਰੋਧੀ ਧਿਰ ਪੰਜਾਬ ਦੀ ਮੁੜ ਸਿਰਜਣਾ ਲਈ ਮਿਲ ਕੇ ਕੰਮ ਕਰ ਸਕਦੀ ਹੈ| ਬੇਸ਼ੱਕ ਮੁੱਖ ਮੰਤਰੀ ਦਫ਼ਤਰ ਅੱਜ ਦੀ ਮੀਟਿੰਗ ਬਾਰੇ ਚੁੱਪ ਹੈ ਪ੍ਰੰਤੂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਮੀਟਿੰਗ ਦੌਰਾਨ ਆਇਆ ਬਿਆਨ ਆਮ ਆਦਮੀ ਪਾਰਟੀ ਦੇ ਨਜ਼ਰੀਏ ਨੂੰ ਪੇਸ਼ ਕਰਨ ਵਾਲਾ ਹੈ| ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਦਿਲ ਦੇ ਇਨਸਾਨ ਹਨ ਜੋ ਨਵਜੋਤ ਸਿੱਧੂ ਨੂੰ ਵੀ ਮਿਲਣ ਲਈ ਰਾਜੀ ਹੋ ਗਏ ਹਨ ਜਦੋਂ ਕਿ ਸਿੱਧੂ ਹਾਰੇ ਅਤੇ ਨਕਾਰੇ ਹੋਏ ਆਦਮੀ ਹਨ ਅਤੇ ਉਹ ਤਾਂ ਵਿਧਾਇਕ ਜਾਂ ਐਮ.ਪੀ ਵੀ ਨਹੀਂ ਹਨ | ਭੁੱਲਰ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਾਰਟੀ ਦਾ ਕੋਈ ਸਟੈਂਡ ਨਹੀਂ ਹੈ | ਦੂਜੇ ਬੰਨੇ ਨਵਜੋਤ ਸਿੱਧੂ ਦੇ ਨੇੜਲੇ ਅਸ਼ਵਨੀ ਸੇਖੜੀ ਆਖਦੇ ਹਨ ਕਿ ਨਵਜੋਤ ਸਿੱਧੂ ਪਿਛਲੇ ਦਿਨੀਂ ਪੰਜਾਬ ਦੇ ਰਾਜਪਾਲ ਨੂੰ ਮਿਲੇ ਸਨ ਅਤੇ ਗਵਰਨਰ ਨੇ ਸਰਕਾਰ ਨੂੰ ਪੱਤਰ ਲਿਖਿਆ ਸੀ ਜਿਸ ਮਗਰੋਂ ਸਰਕਾਰ ਨੇ ਸਿੱਧੂ ਨੂੰ ਬੁਲਾਇਆ ਹੈ | ਮੁੱਖ ਮੰਤਰੀ ਦਫ਼ਤਰ ਦੇ ਸੂਤਰ ਆਖਦੇ ਹਨ ਕਿ ਨਵਜੋਤ ਸਿੱਧੂ ਕਈ ਦਿਨਾਂ ਤੋਂ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਮੰਗ ਰਹੇ ਸਨ | ਨਵਜੋਤ ਸਿੱਧੂ ਨੇ ਉਸ ਸਮੇਂ ਮੁੱਖ ਮੰਤਰੀ ਨੂੰ ਮਿਲੇ ਹਨ ਜਦੋਂ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਕੋਲ ਉਨ੍ਹਾਂ ਦਾ ਮਾਮਲਾ ਵਿਚਾਰ ਅਧੀਨ ਹੈ ਅਤੇ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਛੇਤੀ ਹੋਣ ਦੀਆਂ ਕਨਸੋਆਂ ਵੀ ਹਨ | ਅੱਜ ਇੱਧਰ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਨਾਲ ਮਿਲਣੀ ਸੀ ਅਤੇ ਉੱਧਰ, ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਮੂਲੀਅਤ ਕਰ ਰਹੇ ਸਨ| ਨਵਜੋਤ ਸਿੱਧੂ ਨੇ ਮੀਟਿੰਗ ਮਗਰੋਂ ਟਵੀਟ ਕੀਤਾ ਕਿ ‘ ਅੱਜ ਪੰਜਾਬ ਪੱਖੀ ਏਜੰਡੇ ਨੂੰ ਦੁਹਰਾਇਆ ਜਿਸ ‘ਤੇ ਉਹ ਵਰ੍ਹਿਆਂ ਤੋਂ ਖੜ੍ਹੇ ਹਨ| ਆਮਦਨ ਦੇ ਵਸੀਲੇ ਪੈਦਾ ਕਰਨ ਦੀ ਗੱਲ ਕੀਤੀ ਗਈ, ਇਹੋ ਪੰਜਾਬ ਦੀ ਸਮੱਸਿਆ ਦਾ ਇੱਕੋ ਇੱਕ ਹੱਲ ਹੈ| ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਨਗੇ| ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਮੀਡੀਆ ਨੂੰ ਮੀਟਿੰਗ ਮਗਰੋਂ ਦੱਸਿਆ ਕਿ ਉਹ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਦਿਆਂ ਦੇ ਮਾਮਲੇ ‘ਤੇ ਮਿਲੇ ਹਨ ਜਿਨ੍ਹਾਂ ਲਈ ਉਹ ਸੱਤ ਵਰ੍ਹਿਆਂ ਤੋਂ ਲੜਾਈ ਲੜ ਰਹੇ ਹਨ |ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੀਟਿੰਗ ਵਿਚ ਪੰਜਾਬ ਦੀ ਆਮਦਨ ਵਿਚ ਵਾਧੇ ਲਈ ਮਾਫ਼ੀਏ ਨੂੰ ਨੱਥ ਪਾਉਣ ਲਈ ਸੁਝਾਓ ਰੱਖੇ ਗਏ | ਸ਼ਰਾਬ ਅਤੇ ਰੇਤ ਤੋਂ ਆਮਦਨ ਵਧਾਉਣ ਲਈ ਨੁਕਤੇ ਰੱਖੇ ਗਏ | ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਠੇਕੇਦਾਰੀ ਪ੍ਰਣਾਲੀ ਨੂੰ ਬੰਦ ਕਰਨ ਕਿਉਂਕਿ ਇਸ ਪ੍ਰਣਾਲੀ ਦੀ ਪਿੱਠ ‘ਤੇ ਹੀ ਸਿਆਸੀ ਜਮਾਤ ਖੜ੍ਹੀ ਹੈ | ਸਿੱਧੂ ਨੇ ਮੀਟਿੰਗ ਵਿਚ ਸ਼ਰਾਬ ਦੀ ਤਸਕਰੀ ਰੋਕਣ, ਨਜਾਇਜ਼ ਕਬਜ਼ੇ ਹਟਾਉਣ, ਨੁਕਸਦਾਰ ਬਿਜਲੀ ਸਮਝੌਤੇ ਰੱਦ, ਰੇਤ ਦੇ ਰੇਟ ਤੈਅ ਕਰਨ ਤੋਂ ਇਲਾਵਾ ਕੇਬਲ ਮਾਫ਼ੀਏ ਦੇ ਖ਼ਾਤਮੇ ਦੀ ਅਪੀਲ ਵੀ ਕੀਤੀ| ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਗਦਾਰਾਂ ਨੂੰ ਨੰਗਾ ਕਰਨ ਲਈ ਕਿਹਾ ਹੈ ਅਤੇ ਨਸ਼ਿਆਂ ਦੇ ਵੱਡੇ ਮਗਰਮੱਛਾਂ ਖ਼ਿਲਾਫ਼ ਨਿੱਤਰਨ ਲਈ ਵੀ ਕਿਹਾ ਹੈ| ਸਿੱਧੂ ਨੇ ਕਿਹਾ ਕਿ ਉਹ ਇਹ ਸੁਝਾਓ ਆਪਣੇ ਸਰਕਾਰ ਸਮੇਂ ਵੀ ਰੱਖਦੇ ਰਹੇ ਹਨ ਪ੍ਰੰਤੂ ਉਦੋਂ ਕੋਈ ਅਸਰ ਨਹੀਂ ਹੋਇਆ| ਸਿੱਧੂ ਨੇ ਮੀਟਿੰਗ ਵਿਚ ਕਿਹਾ ਕਿ ਇਸ ਵਕਤ ਪੰਜਾਬ ਦੇ ਵੱਕਾਰ ਦਾ ਸੁਆਲ ਹੈ ਅਤੇ ਪੰਜਾਬ ਦੀ ਅਣਖ ਦਾ ਵੀ ਮਾਮਲਾ ਹੈ| ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਇਨ੍ਹਾਂ ਮੁੱਦਿਆਂ ‘ਤੇ ਮੁੱਖ ਮੰਤਰੀ ਕੰਮ ਕਰਨਗੇ | ਅੱਜ ਇਸ ਮੀਟਿੰਗ ਤੋਂ ਪਹਿਲਾਂ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਨਵਜੋਤ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੀ ਸਿੱਧੂ ਨੇ ਭਗਵੰਤ ਮਾਨ ਨਾਲ ਇੱਕ ਮੀਟਿੰਗ ਕੀਤੀ ਸੀ ਅਤੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿਆਸੀ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਹੁੰਦੀ ਹੈ | ਦੂਜੇ ਪਾਸੇ ‘ਆਪ’ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਆਖਦੇ ਹਨ ਕਿ ਮੁੱਖ ਮੰਤਰੀ ਸਭ ਦਾ ਸਾਂਝਾ ਹੁੰਦਾ ਹੈ ਅਤੇ ਕੋਈ ਵੀ ਪੰਜਾਬ ਦੇ ਵਿਕਾਸ ਤੇ ਤਰੱਕੀ ਲਈ ਮਿਲ ਸਕਦਾ ਹੈ, ਉਸ ਵਿਚ ਕੁੱਝ ਵੀ ਗ਼ਲਤ ਨਹੀਂ ਹੈ |

ਮੁਲਾਕਾਤ ਨੇ ਸਿਆਸੀ ਚਰਚਾ ਛੇੜੀ

ਅੱਜ ਦੀ ਮੀਟਿੰਗ ਤੋਂ ਹਰ ਕੋਈ ਸਿਆਸੀ ਮਾਅਨੇ ਕੱਢਣ ਲੱਗਾ ਹੈ। ਆਮ ਆਦਮੀ ਪਾਰਟੀ ਨੂੰ ਸਿਆਸੀ ਪੱਖ ਤੋਂ ਕਿਸੇ ਵੀ ਅੰਕੜੇ ਦੀ ਲੋੜ ਨਹੀਂ ਹਨ ਕਿਉਂਕਿ ‘ਆਪ’ ਕੋਲ 92 ਵਿਧਾਇਕਾਂ ਦਾ ਅੰਕੜਾ ਹੈ | ਨਵਜੋਤ ਸਿੱਧੂ ਕੋਲ ਕੋਈ ਅਹੁਦਾ ਵੀ ਨਹੀਂ ਹੈ ਅਤੇ ਫਿਰ ਵੀ ਉਸ ਨੂੰ ਭਗਵੰਤ ਮਾਨ ਵੱਲੋਂ ਮਿਲਣ ਦਾ ਸਮਾਂ ਦਿੱਤੇ ਜਾਣ ਤੋਂ ਹਰ ਕੋਈ ਨਵੇਂ ਕਿਆਸ ਲਗਾ ਰਿਹਾ ਹੈ। ਮੁੱਖ ਮੰਤਰੀ ਦਾ ਜਨਤਕ ਤੌਰ ‘ਤੇ ਆਪਣੇ ਦਫ਼ਤਰ ਵਿਚ ਨਵਜੋਤ ਸਿੱਧੂ ਨੂੰ ਮਿਲਣ ਦੀ ਖ਼ਾਸ ਵਜਾ ਵੀ ਹੋ ਸਕਦੀ ਹੈ ਜਦੋਂ ਕਿ ਮੁੱਖ ਮੰਤਰੀ ਆਮ ਤੌਰ ‘ਤੇ ਆਪਣੀ ਰਿਹਾਇਸ਼ ‘ਤੇ ਮਿਲਦੇ ਹਨ। ਮੀਟਿੰਗ ਦੌਰਾਨ ਹੀ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਬਿਆਨ ਆਉਣਾ ਵੀ ਸਹਿਜ ਨਹੀਂ ਹੈ। ਕੁੱਝ ਵੀ ਹੋਵੇ, ਇਸ ਮੀਟਿੰਗ ਨੇ ਸਿਆਸੀ ਚਰਚਾ ਛੇੜ ਦਿੱਤੀ ਹੈ।

With Thanks Refrence to: https://www.punjabitribuneonline.com/news/punjab/sidhu-presents-39punjab-model39-to-cm-150634

Spread the love