228 ਸਿੱਖਿਆ ਬਲਾਕਾਂ ਵਿੱਚ 111 ਬੀਪੀਈਓਜ਼ ਦੀਆਂ ਅਸਾਮੀਆਂ ਖਾਲੀ
ਪੰਜਾਬ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (ਬੀਪੀਈਓਜ਼) ਦੀਆਂ 228 ਵਿੱਚੋਂ 111 ਅਸਾਮੀਆਂ ਖਾਲੀ ਹਨ। ਸਿੱਖਿਆ ਮੰਤਰੀ ਦੇ ਖ਼ੁਦ ਆਪਣੇ ਜ਼ਿਲ੍ਹਾ ਰੂਪਨਗਰ ਵਿੱਚ ਸਾਰੇ ਦੇ ਸਾਰੇ 10 ਸਿੱਖਿਆ ਬਲਾਕ ਬੀਪੀਈਓਜ਼ ਤੋਂ ਵਾਂਝੇ ਹਨ। ਇਸੇ ਤਰ੍ਹਾਂ ਨਵਾਂ ਸ਼ਹਿਰ, ਮਾਨਸਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਕੇਵਲ ਇੱਕ-ਇੱਕ ਬੀਪੀਈਓ ਰਾਹੀਂ ਬਾਹਰਲੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਆਰਜ਼ੀ ਪ੍ਰਬੰਧ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। ਉਕਤ ਅਸਾਮੀਆਂ ਖਾਲੀ ਹੋਣ ਕਾਰਨ ਸਿੱਖਿਆ ਦੇ ਮੁੱਢਲੇ ਆਧਾਰ ਪ੍ਰਾਇਮਰੀ ਸਿੱਖਿਆ, ਮਿੱਡ-ਡੇਅ ਮੀਲ, ਕਿਤਾਬਾਂ ਤੇ ਗਰਾਂਟਾਂ ਦੀ ਵੰਡ ਅਤੇ ਕਈ ਅਹਿਮ ਵਿੱਦਿਅਕ ਸਕੀਮਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਇੱਕ ਬੀਪੀਈਓ ਨੂੰ ਕਈ-ਕਈ ਬਲਾਕਾਂ ਦਾ ਵਾਧੂ ਚਾਰਜ ਮਿਲਣ ਕਾਰਨ ਮਾਨਸਿਕ ਦਬਾਅ ਝੱਲਣਾ ਪੈ ਰਿਹਾ ਹੈ।ਜਾਣਕਾਰੀ ਮੁਤਾਬਕ ਬੀਪੀਈਓ ਦੀ ਸਿੱਧੀ ਭਰਤੀ ਦੀਆਂ 75 ਅਸਾਮੀਆਂ ਦਾ ਮਾਮਲਾ ਲੰਬੇ ਸਮੇਂ ਤੋਂ ਕਾਨੂੰਨੀ ਅੜਿੱਕੇ ਵਿੱਚ ਹੈ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਬੀਪੀਈਓ, ਹੈੱਡਮਾਸਟਰ ਅਤੇ ਪ੍ਰਿੰਸੀਪਲ ਕਾਡਰ ਲਈ ਤਰੱਕੀ ਕੋਟਾ 75 ਪ੍ਰਤੀਸ਼ਤ ਤੋਂ ਘਟਾ ਕੇ 50 ਪ੍ਰਤੀਸ਼ਤ ਕਰ ਦਿੱਤਾ ਗਿਆ ਸੀ ਜਿਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੋਈ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਮੰਗ ਕੀਤੀ ਕਿ ਬੀਪੀਈਓਜ਼ ਦੀਆਂ ਅਸਾਮੀਆਂ 75 ਪ੍ਰਤੀਸ਼ਤ ਤਰੱਕੀ ਕੋਟੇ ਅਨੁਸਾਰ ਅਤੇ ਬਾਕੀ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣ। ਇਸ ਦੇ ਨਾਲ ਹੀ ਸੈਂਟਰ ਹੈੱਡ ਟੀਚਰ ਤੋਂ ਬੀਪੀਈਓਜ਼ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਢਿੱਲਾ ਰਵੱਈਆ ਅਪਨਾਉਣ ਦੀ ਥਾਂ ਤੇਜ਼ੀ ਲਿਆਂਦੀ ਜਾਵੇ। ਸੈਂਟਰ ਹੈੱਡ ਟੀਚਰ ਦੀ ਸੀਨੀਆਰਤਾ ਜ਼ਿਲ੍ਹਾ ਕਾਡਰ ਅਨੁਸਾਰ ਤਿਆਰ ਕਰਕੇ ਮੁਕੰਮਲ ਕੀਤੀ ਜਾਵੇ।
ਕਿੱਥੇ ਤੇ ਕਿੰਨੀਆਂ ਬੀਪੀਈਓਜ਼ ਦੀਆਂ ਅਸਾਮੀਆਂ ਖਾਲੀ
ਜਾਣਕਾਰੀ ਮੁਤਾਬਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 21 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 18 ਖਾਲੀ ਹਨ। ਰੂਪਨਗਰ ਜ਼ਿਲ੍ਹੇ ਵਿੱਚ ਸਾਰੀਆਂ ਦਸ ਅਸਾਮੀਆਂ ਹੀ ਖਾਲੀ ਹਨ। ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ 15 ਵਿੱਚੋਂ 14, ਜ਼ਿਲ੍ਹਾ ਲੁਧਿਆਣਾ ਵਿੱਚ 19 ਵਿੱਚੋਂ 14, ਸ਼ਹੀਦ ਭਗਤ ਸਿੰਘ ਨਗਰ ’ਚ 7 ਵਿੱਚੋਂ 6 ਅਸਾਮੀਆਂ ਖਾਲੀ ਹਨ। ਜ਼ਿਲ੍ਹਾ ਬਰਨਾਲਾ ਵਿੱਚ 3 ਵਿੱਚੋਂ 1, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ 8 ਵਿੱਚੋਂ 2, ਜਲੰਧਰ ਵਿੱਚ 17 ਵਿੱਚੋਂ 5 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਕਪੂਰਥਲਾ ਵਿੱਚ 9 ਵਿੱਚੋਂ 6, ਮੁਹਾਲੀ ਵਿੱਚ 8 ਵਿੱਚੋਂ 2, ਜ਼ਿਲ੍ਹਾ ਮਾਨਸਾ ਵਿੱਚ 5 ਵਿੱਚੋਂ 4, ਜ਼ਿਲ੍ਹਾ ਤਰਨ ਤਾਰਨ ਵਿੱਚ 9 ਵਿੱਚੋਂ 3, ਪਟਿਆਲਾ ਵਿੱਚ 16 ਵਿੱਚੋਂ 2, ਪਠਾਨਕੋਟ ਵਿੱਚ 7 ਵਿੱਚੋਂ 3, ਫਾਜ਼ਿਲਕਾ ਵਿੱਚ 8 ’ਚੋਂ 1, ਜ਼ਿਲ੍ਹਾ ਮੁਕਤਸਰ ’ਚ 6 ’ਚੋਂ 3, ਬਠਿੰਡਾ ’ਚ 7 ਵਿੱਚੋਂ 5, ਫ਼ਰੀਦਕੋਟ ਵਿੱਚ 5 ਵਿੱਚੋਂ 1, ਸੰਗਰੂਰ ’ਚ 9 ਵਿੱਚੋਂ 2, ਮਾਲੇਰਕੋਟਲਾ ’ਚ 3 ਵਿੱਚੋਂ 1 ਅਤੇ ਜ਼ਿਲ੍ਹਾ ਗੁਰਦਾਸਪੁਰ ’ਚ 19 ਵਿੱਚੋਂ 8 ਬੀਪੀਈਓਜ਼ ਦੀਆਂ ਅਸਾਮੀਆਂ ਖਾਲੀ ਹਨ।
With Thanks Reference To : https://www.punjabitribuneonline.com/news/punjab/111-bpeos-vacancies-in-228-education-blocks-236061