ਰੇਲਗੱਡੀ ਨਾਲ ਟਕਰਾਉਣ ਕਾਰਨ ਤਿੰਨ ਬੱਚਿਆਂ ਦੀ ਮੌਤ

2022_11$largeimg_866820150

ਇਥੋਂ ਨਜ਼ਦੀਕ ਪੈਂਦੇ ਲੋਹੁੰਡ ਰੇਲਵੇ ਪੁਲ ’ਤੇ ਸਹਾਰਨਪੁਰ ਤੋਂ ਊਨਾ ਜਾ ਰਹੀ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਪਰਵਾਸੀ ਮਜ਼ਦੂਰਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਚੌਥੇ ਬੱਚੇ ਨੇ ਪੁਲ ਦੀ ਸਾਈਡ ’ਤੇ ਲਮਕ ਕੇ ਜਾਨ ਬਚਾਈ। ਜਾਣਕਾਰੀ ਅਨੁਸਾਰ ਮਹਿੰਦਰ (7) ਪੁੱਤਰ ਸਵਰਗਵਾਸੀ ਰਾਮ ਦੁਲਾਰ, ਰੋਹਿਤ (11) ਪੁੱਤਰ ਅਰਜਨ ਮਹਾਤੋ, ਵਿਕੀ (8) ਪੁੱਤਰ ਅਰਜੁਨ ਅਤੇ ਪਵਨ (10) ਪੁੱਤਰ ਬਹਾਰਨ ਰੇਲਵੇ ਲਾਈਨ ਤੋਂ ਪਾਰ ਪਿੰਡ ਕਲਿਆਣਪੁਰ ਵਿਖੇ ਕੁਰੀਆਂ (ਬੇਰ) ਤੋੜ ਕੇ ਖਾਣ ਲਈ ਗਏ ਸਨ। ਜਦੋਂ ਉਹ ਸਵੇਰੇ 11.20 ਵਜੇ ਬੇਰ ਤੋੜ ਕੇ ਲੋਹੁੰਡ ਰੇਲਵੇ ਪੁਲ ਨਾਲ ਰੇਲਵੇ ਲਾਈਨ ਪਾਰ ਕਰਨ ਲੱਗੇ ਤਾਂ ਭਰਤਗੜ੍ਹ ਵਾਲੇ ਪਾਸੇ ਤੋਂ ਸ੍ਰੀ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਵੱਲ ਆ ਰਹੀ ਰੇਲਗੱਡੀ ਨੰਬਰ 04501 ਦੀ ਲਪੇਟ ਵਿਚ ਆ ਗਏ। ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਵਿਕੀ ਨੂੰ ਰੇਲਗੱਡੀ ਦਾ ਗਾਰਡ ਅਤੇ ਡਰਾਈਵਰ ਰੇਲਗੱਡੀ ਵਿਚ ਪਾ ਕੇ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਲੈ ਗਏ ਜਿੱਥੇ ਉਸ ਨੂੰ 108 ਨੰਬਰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦਾ ਸਾਥੀ ਪਵਨ ਰੇਲਵੇ ਪੁਲ ਦੀ ਸਾਈਡ ਨੂੰ ਲਮਕ ਗਿਆ ਸੀ ਅਤੇ ਉਸ ਦਾ ਬਚਾਅ ਹੋ ਗਿਆ। ਉਸ ਨੇ ਘਰ ਜਾ ਕੇ ਹਾਦਸੇ ਬਾਰੇ ਜਾਣਕਾਰੀ ਦਿੱਤੀ।

ਪਵਨ ਦੀ ਮਾਤਾ ਸੁਮਨ ਨੇ ਦੱਸਿਆ ਕਿ ਉਹ ਸਾਥੀਆਂ ਨਾਲ ਬੇਰ ਖਾਣ ਲਈ ਸਵੇਰੇ ਘਰੋਂ ਗਿਆ ਸੀ। ਉਸ ਨੇ ਰੇਲਗੱਡੀ ਆਉਂਦੀ ਦੇਖ ਕੇ ਸਾਈਡ ’ਤੇ ਛਾਲ ਮਾਰ ਦਿਤੀ ਅਤੇ ਰੇਲਵੇ ਪੁਲ ਦੀ ਸਾਈਡ ’ਤੇ ਲਮਕ ਗਿਆ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਸ੍ਰੀ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਰੁਦਾਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਲ ਗੱਡੀ ਦੇ ਗਾਰਡ ਸਮੰਦਰ ਅਤੇ ਡਰਾਈਵਰ ਸੰਜੀਵ ਕੁਮਾਰ ਨੇ ਹਾਦਸੇ ਬਾਰੇ ਸੂਚਿਤ ਕੀਤਾ। ਜੀਆਰਪੀ ਪੁਲੀਸ ਚੌਕੀ ਦੇ ਇੰਚਾਰਜ ਏੇਐੱਸਆਈ ਜਗਜੀਤ ਸਿੰਘ ਅਤੇ ਸੁਰਿੰਦਰ ਸਿੰਘ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਆਪਣੇ ਕਬਜ਼ੇ ਵਿਚ ਲੈ ਲਈਆਂ ਅਤੇ ਮਾਪਿਆਂ ਤੇ ਪ੍ਰਤੱਖਦਰਸ਼ੀਆਂ ਤੋਂ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ। ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾਘਰ ਵਿਚ ਰਖਵਾ ਦਿੱਤੀਆਂ ਹਨ। ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕੀਤੀਆਂ ਜਾਣਗੀਆਂ।

ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ

ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਇਸ ਘਟਨਾ ’ਤੇ ਅਫਸੋਸ ਪ੍ਰਗਟ ਕਰਦਿਆਂ ਰੇਲ ਮੰਤਰੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਅਤੇ ਜ਼ਖ਼ਮੀ ਬੱਚੇ ਦੇ ਮਾਤਾ-ਪਿਤਾ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹ ਮਿਹਨਤ-ਮਜ਼ਦੂਰੀ ਕਰਨ ਵਾਲੇ ਗਰੀਬ ਲੋਕ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਮਿਹਨਤ ਕਰ ਕੇ ਪਰਿਵਾਰ ਪਾਲਣਾ ਪੈ ਰਿਹਾ ਹੈ ਅਤੇ ਇਸ ਹਾਦਸੇ ਨੇ ਉਨ੍ਹਾਂ ਤੋੜ ਕੇ ਰੱਖ ਦਿੱਤਾ ਹੈ।

With Thanks Reference to: https://www.punjabitribuneonline.com/news/punjab/three-children-died-due-to-being-hit-by-a-train-195220

Spread the love